ਉਰਮਿਲਾ ਮਾਤੋਂਡਕਰ ਨੇ ਕੰਗਣਾ ਰਣੌਤ ਨੂੰ ਦਿਖਾਇਆ ਸ਼ੀਸ਼ਾ, ਛੇੜੀ ਨਵੀਂ ਚਰਚਾ
Thursday, Sep 17, 2020 - 02:27 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਪੂਰੇ ਬਾਲੀਵੁੱਡ ਗਲਿਆਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਦਾਕਾਰਾ ਕੰਗਣਾ ਰਣੌਤ ਦੇ ਬਿਆਨ ਮੀਡੀਆ ਵਿਚ ਲਗਾਤਾਰ ਸੁਰਖੀਆਂ ਵਿਚ ਰਹਿੰਦੇ ਹਨ। ਹਾਲ ਹੀ ਵਿਚ ਜਯਾ ਬੱਚਨ ਨੇ ਬਾਲੀਵੁੱਡ ਨੂੰ ਨਿਸ਼ਾਨਾ ਬਣਾਉਣ ‘ਤੇ ਸੰਸਦ ਵਿਚ ਬਿਆਨ ਦਿੱਤਾ ਸੀ। ਉਸ ਨੇ ਬਿਨਾ ਨਾਮ ਲਏ ਕਿਹਾ ਕਿ ਕੁਝ ਲੋਕ ਜਿਹੜੀ ਪਲੇਟ ਖਾ ਰਹੇ ਹਨ, ਉਸ ਵਿਚ ਛੇਕ ਕਰ ਦਿੰਦੇ ਹਨ। ਜਯਾ ਬੱਚਨ ਦੇ ਇਸ ਬਿਆਨ ‘ਤੇ ਕੰਗਣਾ ਰਣੌਤ ਨੇ ਟਵੀਟ ਕੀਤਾ ਕਿ ਜਯਾ ਜੀ ਅਤੇ ਉਨ੍ਹਾਂ ਦੀ ਇੰਡਸਟਰੀ ਨੇ ਕਿਹੜੀ ਪਲੇਟ ਦਿੱਤੀ ਹੈ? ਇਹ ਮੇਰੀ ਆਪਣੀ ਪਲੇਟ ਹੈ, ਜਯਾ ਜੀ, ਤੁਹਾਡੀ ਨਹੀਂ।
ਹੁਣ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਇਸ ਸਾਰੇ ਮਾਮਲੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਉਰਮਿਲਾ ਮਾਤੋਂਡਕਰ ਨੇ ਕਿਹਾ 'ਜੇ ਸਾਡਾ ਉਦਯੋਗ ਨਸ਼ਿਆਂ ਦਾ ਧੁਰਾ ਹੈ ਤਾਂ ਦੇਸ਼ ਦਾ ਸਭ ਤੋਂ ਵੱਡਾ ਉਦਯੋਗ ਇੰਨੇ ਸਾਲਾਂ ਤੱਕ ਕਿਵੇਂ ਰਹਿ ਪਾਇਆ ਹੈ। ਵੱਡੇ ਲੋਕ ਇਸ ਇੰਡਸਟਰੀ ਵਿਚ ਆਏ ਅਤੇ ਫ਼ਿਲਮਾਂ ਦੇ ਜ਼ਰੀਏ ਦੇਸ਼ ਨੂੰ ਇਕ ਨਵੀਂ ਦਿਸ਼ਾ ਦਿੱਤੀ। ਰਾਜ ਕਪੂਰ ਅਤੇ ਦਿਲੀਪ ਕੁਮਾਰ ਵਰਗੇ ਕਈ ਵੱਡੇ ਅਦਾਕਾਰਾਂ ਨੇ ਦੇਸ਼ ਲਈ ਵਧੀਆ ਫ਼ਿਲਮਾਂ ਬਣਾਈਆਂ। ਬਾਲੀਵੁੱਡ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਉਦਯੋਗ ਹੈ। ਜੇਕਰ ਇੰਨੀ ਵੱਡੀ ਇੰਡਸਟਰੀ ਇਸ ਮੁਕਾਮ ਤੱਕ ਪਹੁੰਚ ਗਈ ਹੈ ਤਾਂ ਜ਼ਰੂਰ ਕੋਈ ਗੱਲ ਹੋਵੇਗੀ। ਪੀ. ਐਮ. ਮੋਦੀ ਨੇ ਇਸੇ ਨਸ਼ੇੜੀ ਇੰਡਸਟਰੀ ਨੂੰ ਮਿਲਣ ਲਈ ਬੁਲਾਇਆ ਸੀ ਅਤੇ ਕਲਾਕਾਰਾਂ ਨੂੰ ਮਹਾਤਮਾ ਗਾਂਧੀ ਦੇ ਵਿਚਾਰ ਉਠਾਉਣ ਲਈ ਕਿਹਾ ਸੀ। ਜੇ ਹਰ ਕੋਈ ਇੰਡਸਟਰੀ ਤੋਂ ਨਸ਼ੇ ਦਾ ਆਦੀ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਤੋਂ ਸਮਰਥਨ ਕਿਉਂ ਮੰਗਿਆ।' ਉਰਮਿਲਾ ਮਾਤੋਂਡਕਰ ਨੇ ਕੰਗਣਾ ਰਣੌਤ ਦੇ ਬਿਆਨਾਂ ਨੂੰ ਅਸ਼ੁੱਧ ਦੱਸਿਆ। ਉਸ ਨੇ ਕਿਹਾ 'ਮੇਰੇ ਖ਼ਿਆਲ ਵਿਚ ਉਸ ਨੇ ਕਈ ਵਾਰ ਗਲਤ ਟਿੱਪਣੀਆਂ ਕੀਤੀਆਂ ਹਨ, ਜੋ ਕਿ ਅਸ਼ੁੱਧ ਹਨ। ਉਸ ਨੇ ਮੁੰਬਈ ਨੂੰ ਇਕ 'ਪੀ. ਓ. ਕੇ' ਕਿਹਾ ਅਤੇ ਮੁੰਬਈ ਪੁਲਸ ਉੱਤੇ ਵੀ ਸਵਾਲ ਚੁੱਕੇ।
ਜਯਾ ਬੱਚਨ ਨੇ ਉਸ ਦੇ ਜਨਮ ਤੋਂ ਪਹਿਲਾ ਦਾ ਕੰਮ ਕਰਨਾ ਸ਼ੁਰੂ ਕੀਤਾ ਹੈ। ਉਸ ਨੇ ਹਮੇਸ਼ਾ ਸਮਾਜ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਸਹੀ ਕੰਮ ਕੀਤਾ ਹੈ। ਉਹਨਾਂ ਲਈ ਨਫ਼ਰਤ ਵਾਲੀ ਬੋਲੀ ਨਹੀਂ ਵਰਤੀ ਜਾਣੀ ਚਾਹੀਦੀ। ਲੋਕ ਸੱਚ ਨੂੰ ਸਮਝਣਗੇ ਅਤੇ ਜਾਣ ਸਕਣਗੇ।
ਉਰਮਿਲਾ ਮਾਤੋਂਡਕਰ ਨੇ ਕਿਹਾ ਹੈ ਕਿ ਇੰਡਸਟਰੀ ਦਾ ਮਸਲਾ ਹੈ। ਇਸ ਲਈ ਉਹ ਅੱਗੇ ਆਈ ਹੈ, ਜਿਹਨਾਂ ਦੇ ਇੰਡਸਟਰੀ ਵਿਚ ਕਰੋੜਾਂ ਰੁਪਏ ਲੱਗੇ ਹਨ। ਉਹ ਡਰ ਕਾਰਨ ਇਸ ਮਸਲੇ ਉੱਤੇ ਗੱਲ ਨਹੀਂ ਕਰ ਰਹੇ। ਕੁਝ ਲੋਕਾਂ ਨਾਲ ਨਿੱਜੀ ਦੁਸ਼ਮਣੀ ਕਰਕੇ ਸਾਰੇ ਉਦਯੋਗ ਨੂੰ ਬਦਨਾਮ ਕਰਨਾ ਗਲਤ ਗੱਲ ਹੈ। ਉਰਮਿਲਾ ਮਾਤੋਂਡਕਰ ਨੇ ਕਿਹਾ ਕਿ ਜੇ ਕੰਗਣਾ ਕੋਲ ਕਿਸੇ ਵੀ ਡਰੱਗ ਕੇਸ ਨਾਲ ਸੰਬੰਧਿਤ ਸਬੂਤ ਹਨ ਤਾਂ ਉਹ ਇਸ ਦੀ ਜਾਣਕਾਰੀ ਨਾਰਕੋਟਿਕਸ ਵਿਭਾਗ ਨੂੰ ਸੌਂਪੇ।