ਦੁਖਦਾਇਕ ਖ਼ਬਰ: ਮਸ਼ਹੂਰ ਸੰਗੀਤਕਾਰ ਸ਼ਰਵਣ ਰਾਠੌੜ ਦਾ ਹੋਇਆ ਦਿਹਾਂਤ

Friday, Apr 23, 2021 - 12:02 PM (IST)

ਦੁਖਦਾਇਕ ਖ਼ਬਰ: ਮਸ਼ਹੂਰ ਸੰਗੀਤਕਾਰ ਸ਼ਰਵਣ ਰਾਠੌੜ ਦਾ ਹੋਇਆ ਦਿਹਾਂਤ

ਮੁੰਬਈ: ਕੋਰੋਨਾ ਇਨਫੈਕਸ਼ਨ ਦੇ ਇਲਾਜ ਲਈ ਹਸਪਤਾਲ 'ਚ ਭਰਤੀ ਨਦੀਮ-ਸ਼ਰਵਣ ਫੇਮ ਸੰਗੀਤਕਾਰ ਸ਼੍ਰਵਣ ਰਾਠੌੜ ਦੀ ਵੀਰਵਾਰ ਰਾਤ ਕਰੀਬ 10 ਵਜੇ ਦਿਲ ਦਾ ਦੌਰਾ ਪੈਣ ਅਤੇ ਮਲਟੀਪਲ ਔਰਗੈਨ ਫੇਲ੍ਹ ਹੋਣ ਨਾਲ ਮੌਤ ਹੋ ਗਈ। ਸ਼ਰਵਣ ਰਾਠੌੜ ਦੇ ਬੇਟੇ ਸੰਜੀਵ ਰਾਠੌੜ ਨੇ ਆਪਣੇ ਪਿਤਾ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਪਾਪਾ ਕੁਝ ਸਮਾਂ ਪਹਿਲਾਂ ਸਾਨੂੰ ਛੱਡ ਕੇ ਚਲੇ ਗਏ। ਹਾਰਟ ਅਟੈਕ ਨੇ ਉਨ੍ਹਾਂ ਦੀ ਜਾਨ ਲੈ ਲਈ। ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਪਿਛਲੇ ਤਿੰਨ ਦਿਨ ਤੋਂ ਸ਼ਰਵਣ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ। ਇਕ ਨਿਊਜ਼ ਚੈਨਲ ਤੋਂ ਖ਼ਬਰ ਮਿਲੀ ਸੀ ਕਿ ਆਈ.ਸੀ.ਯੂ. 'ਚ ਭਰਤੀ ਸ਼ਰਵਣ ਰਾਠੌੜ ਦੀ ਨਾਜ਼ੁਕ ਹਾਲਤ ਤੇ ਕਿਡਨੀਆਂ ਦੇ ਠੀਕ ਕੰਮ ਨਾ ਕਰਨ ਦੇ ਚੱਲਦਿਆਂ ਸੋਮਵਾਰ ਡਾਕਟਰਾਂ ਨੇ ਉਨ੍ਹਾਂ ਦਾ ਡਾਇਲਸਿਸ ਸ਼ੁਰੂ ਕਰ ਦਿੱਤਾ ਸੀ।
ਸ਼ਨੀਵਾਰ ਮੁੰਬਈ 'ਚ ਮਾਹਿਮ ਸਥਿਤ ਐੱਸ.ਐੱਲ ਰਹੇਜਾ ਹਸਪਤਾਲ 'ਚ ਭਰਤੀ ਕਰਵਾਏ ਗਏ ਸ਼੍ਰਵਣ ਰਾਠੌੜ ਦੇ ਇਕ ਕਰੀਬੀ ਦੋਸਤ ਨੇ ਬੁੱਧਵਾਰ ਦੱਸਿਆ ਸੀ, ਫੇਫੜਿਆਂ, ਹਾਰਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਇਲਾਵਾ ਸ਼ਰਵਣ ਦੀਆਂ ਕਿਡਨੀਆਂ ਨਾਲ ਸਬੰਧਤ ਸਮੱਸਿਆਵਾਂ ਵੀ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਹੀ ਵਜ੍ਹਾ ਹੈ ਕਿ ਮੰਗਲਵਾਰ ਰਾਤ ਡਾਕਟਰਾਂ ਨੇ ਉਨ੍ਹਾਂ ਦਾ ਡਾਇਲਿਸਿਸ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। ਡਾਕਟਰਾਂ ਨੇ ਕਿਹਾ ਸੀ ਕਿ ਸ਼ਰਵਣ ਦੀ ਵਿਗੜਦੀ ਸਿਹਤ ਦੇ ਮੱਦੇਨਜ਼ਰ ਅਗਲੇ 72 ਘੰਟੇ ਉਨ੍ਹਾਂ ਲਈ ਬੇਹੱਦ ਨਾਜ਼ੁਕ ਸਾਬਿਤ ਹੋਣਗੇ।
ਨਦੀਮ ਨੇ ਕਿਹਾ 'ਮੈਂ ਆਪਣੇ ਭਰਾ ਨੂੰ ਖੋਅ ਦਿੱਤਾ'
12 ਅਗਸਤ, 1997 ਨੂੰ ਮਿਊਜ਼ਿਕ ਮੁਗਲ ਗੁਲਸ਼ਨ ਕੁਮਾਰ ਦੀ ਹੱਤਿਆ 'ਚ ਸ਼ਾਮਲ ਹੋਣ ਦਾ ਇਲਜ਼ਾਮ ਲੱਗਣ ਮਗਰੋਂ ਭਾਰਤ ਤੋਂ ਫਰਾਰ ਹੋ ਕੇ ਲੰਡਨ ਜਾ ਵੱਸੇ ਨਦੀਮ-ਸ਼ਰਵਣ ਫੇਮ ਨਦੀਮ ਨੇ ਆਪਣੇ ਮਿਊਜ਼ਿਕ ਪਾਰਟਨਰ ਸ਼ਰਵਣ ਦੀ ਕੋਰੋਨਾ ਨਾਲ ਮੌਤ 'ਤੇ ਲੰਡਨ ਤੋਂ ਇਕ ਨਿਊਜ਼ ਚੈਨਲ ਨਾਲ ਫੋਨ 'ਤੇ ਗੱਲਬਾਤ ਕੀਤੀ। ਇਸ ਪੂਰੀ ਗੱਲਬਾਤ ਦੌਰਾਨ ਨਦੀਮ ਆਪਣੇ ਜਜ਼ਬਾਤਾਂ 'ਤੇ ਕਾਬੂ ਨਹੀਂ ਰੱਖ ਸਕੇ ਤੇ ਸ਼੍ਰਵਣ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ। ਫੋਨ 'ਤੇ ਨਦੀਮ ਦੇ ਮੂੰਹੋਂ ਪਹਿਲੇ ਸ਼ਬਦ ਨਿੱਕਲੇ 'ਮੈਂ ਆਪਣੇ ਭਰਾ ਨੂੰ ਖੋਅ ਦਿੱਤਾ।'


author

Aarti dhillon

Content Editor

Related News