ਟਾਈਗਰ ਸ਼ਰੌਫ਼ ਤੇ ਹਰਨਾਜ਼ ਸੰਧੂ ਨੇ ''ਬਾਹਲੀ ਸੋਹਣੀ'' ਗੀਤ ''ਤੇ ਮਚਾਈ ਧਮਾਲ, ਇਸ ਦਿਨ ਰਿਲੀਜ਼ ਹੋਵੇਗੀ ''ਬਾਗੀ 4''
Friday, Aug 22, 2025 - 03:34 PM (IST)

ਮੁੰਬਈ (ਏਜੰਸੀ)– ਟਾਈਗਰ ਸ਼ਰੌਫ਼ ਅਤੇ ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਪਹਿਲੀ ਵਾਰ ਇਕੱਠੇ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਸਾਜਿਦ ਨਾਡੀਆਡਵਾਲਾ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਫ਼ਿਲਮ ‘ਬਾਗੀ 4’ ਵਿੱਚ ਦੋਵਾਂ ਦੀ ਜੋੜੀ ਰੋਮਾਂਸ ਦਾ ਨਵਾਂ ਰੰਗ ਭਰਨ ਲਈ ਤਿਆਰ ਹੈ। ਫ਼ਿਲਮ ਦਾ ਨਵਾਂ ਡਾਂਸ ਟਰੈਕ ‘ਬਾਹਲੀ ਸੋਹਣੀ’ ਹੁਣ ਜਾਰੀ ਹੋ ਗਿਆ ਹੈ, ਜਿਸ ਵਿੱਚ ਦੋਵਾਂ ਨੇ ਡਾਂਸ ਫਲੋਰ 'ਤੇ ਧਮਾਲ ਮਚਾ ਦਿੱਤੀ।
ਫਰਾਹ ਖਾਨ ਵੱਲੋਂ ਕੋਰੀਓਗ੍ਰਾਫ ਕੀਤਾ ਗਿਆ ਇਹ ਗੀਤ ਮਨੀ ਮੌਦਗਿੱਲ, ਬਾਦਸ਼ਾਹ ਅਤੇ ਨਿਖਿਤਾ ਗਾਂਧੀ ਨੇ ਗਾਇਆ ਹੈ। ਗੀਤ ਦੇ ਬੋਲ ਅਤੇ ਸੰਗੀਤ ਮਨੀ ਮੌਡਗਿੱਲ ਅਤੇ ਬਾਦਸ਼ਾਹ ਨੇ ਦਿੱਤਾ ਹੈ। ਗੀਤ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ ਟਾਈਗਰ ਨੇ ਲਿਖਿਆ – “ਜਦੋਂ ਬੀਟ ਡ੍ਰਾਪ ਹੁੰਦੀ ਹੈ ਤੇ ਵਾਈਬ ਹਿੱਟ ਕਰਦੀ ਹੈ... ਇਹ ਸਿਰਫ ਮਿਊਜ਼ਿਕ ਨਹੀਂ ਰਹਿੰਦਾ, ਇਹ ਹੈ #BahliSohni”।
ਫ਼ਿਲਮ ਵਿੱਚ ਹਰਨਾਜ਼ ਸੰਧੂ ਮੁੱਖ ਨਾਇਕਾ ਦੇ ਤੌਰ 'ਤੇ ਦਿਖਾਈ ਦੇਵੇਗੀ, ਜਦਕਿ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੀ 'ਬਾਗੀ' ਯੂਨੀਵਰਸ ਦਾ ਹਿੱਸਾ ਬਣ ਰਹੀ ਹੈ। ਸੰਜੈ ਦੱਤ ਫ਼ਿਲਮ ਵਿੱਚ ਇਕ ਖ਼ਤਰਨਾਕ ਵਿਲੇਨ ਦੀ ਭੂਮਿਕਾ ਨਿਭਾ ਰਹੇ ਹਨ। ‘ਬਾਗੀ 4’ ਦਾ ਨਿਰਦੇਸ਼ਨ ਏ. ਹਰਸ਼ ਨੇ ਕੀਤਾ ਹੈ ਅਤੇ ਸਕ੍ਰੀਨਪਲੇ ਸਾਜਿਦ ਨਾਡੀਆਡਵਾਲਾ ਨੇ ਲਿਖਿਆ ਹੈ। ਜੁਲਾਈ ਵਿੱਚ ਟਾਈਗਰ ਨੇ ਫ਼ਿਲਮ ਦਾ ਸ਼ੂਟ ਖਤਮ ਹੋਣ ਦਾ ਐਲਾਨ ਕੀਤਾ ਸੀ ਅਤੇ ਆਪਣੀ ਫ਼ਿਟਨੈੱਸ ਟ੍ਰਾਂਸਫਾਰਮੇਸ਼ਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਫ਼ਿਲਮ ਦਾ ਪਹਿਲੀ ਕਿਸਤ 2016 ਵਿੱਚ ਆਈ ਸੀ, ਉਸ ਤੋਂ ਬਾਅਦ ‘ਬਾਗੀ 2’ (2018) ਅਤੇ ‘ਬਾਗੀ 3’ (2020) ਰਿਲੀਜ਼ ਹੋਈ। ਹੁਣ ‘ਬਾਗੀ 4’ 5 ਸਤੰਬਰ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।