‘ਆਦਿਪੁਰਸ਼’ ਤੋਂ ਪਹਿਲਾਂ ‘ਰਾਮਾਇਣ’ ਸੀਰੀਅਲ ’ਚ ਸੀਤਾ ਦੇ ਪਹਿਰਾਵੇ ਨੂੰ ਲੈ ਕੇ ਮਚਿਆ ਸੀ ਹੰਗਾਮਾ, ਸ਼ੋਅ ’ਤੇ ਲੱਗੀ ਸੀ ਰੋ

Saturday, Jun 24, 2023 - 03:43 PM (IST)

ਜਲੰਧਰ (ਬਿਊਰੋ)– ਇਸ ਸਮੇਂ ‘ਆਦਿਪੁਰਸ਼’ ’ਚ ਫ਼ਿਲਮਾਏ ਗਏ ਕਲਾਕਾਰਾਂ ਦੇ ਲੁੱਕ ਨੂੰ ਲੈ ਕੇ ਵਿਵਾਦ ਭਖਿਆ ਹੋਇਆ ਹੈ। ਖ਼ਾਸ ਕਰਕੇ ਸੀਤਾ ਦੇ ਪੱਲੂ ਤੇ ਉਸ ਦੀ ਪੇਸ਼ਕਾਰੀ ਨੂੰ ਲੈ ਕੇ ਕਈ ਇਤਰਾਜ਼ ਉਠਾਏ ਗਏ ਹਨ। ਦਰਸ਼ਕਾਂ ਦਾ ਮੰਨਣਾ ਹੈ ਕਿ ਮਾਤਾ ਸੀਤਾ ਨੂੰ ਇਸ ਤਰ੍ਹਾਂ ਦਿਖਾ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਹਾਲਾਂਕਿ ਰਾਮਾਨੰਦ ਸਾਗਰ ਵੀ ਇਕ ਵਾਰ ਸੀਤਾ ਦੇ ਬਲਾਊਜ਼ ਨੂੰ ਲੈ ਕੇ ਅਜਿਹੇ ਵਿਵਾਦ ’ਚ ਫਸ ਗਏ ਸਨ ਕਿ ਉਨ੍ਹਾਂ ਨੂੰ ਸ਼ੋਅ ਨੂੰ ਰਿਲੀਜ਼ ਕਰਨ ’ਚ ਦੋ ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ ਸੀ।

ਲਕਸ਼ਮਣ ਦਾ ਕਿਰਦਾਰ ਨਿਭਾਅ ਕੇ ਮਸ਼ਹੂਰ ਹੋਏ ਅਦਾਕਾਰ ਸੁਨੀਲ ਲਹਿਰੀ ਨੇ ਰਾਮਾਇਣ ਨਾਲ ਜੁੜੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ। ਸੁਨੀਲ ਨੇ ਕਿਹਾ, ‘‘ਅੱਜ ਜਿਸ ਤਰ੍ਹਾਂ ‘ਆਦਿਪੁਰਸ਼’ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੀਕ ਸਾਡੇ ਸਮਿਆਂ ’ਚ ਵੀ ਰਾਮਾਇਣ ਦੇ ਪ੍ਰਸਾਰਣ ਨੂੰ ਲੈ ਕੇ ਕਈ ਪਾਪੜ ਵੇਲਣੇ ਪੈਂਦੇ ਸਨ। ਉਸ ਸਮੇਂ ਦੇਸ਼ ’ਚ ਰਾਮਾਇਣ ਸ਼ੋਅ ਦਾ ਟੈਲੀਕਾਸਟ ਇਕ ਵੱਡਾ ਮੁੱਦਾ ਬਣ ਗਿਆ ਸੀ। ਕਈ ਛੋਟੀਆਂ-ਛੋਟੀਆਂ ਗੱਲਾਂ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾਂਦੀ ਸੀ। ਅਜਿਹਾ ਸਮਾਂ ਵੀ ਆਇਆ ਕਿ ਭਾਰਤੀ ਪ੍ਰਸਾਰਣ ਮੰਤਰਾਲਾ ਇਸ ਸ਼ੋਅ ਨੂੰ ਟੈਲੀਕਾਸਟ ਕਰਨ ਦੇ ਫ਼ੈਸਲੇ ’ਚ ਸ਼ਾਮਲ ਸੀ।’’

ਇਹ ਖ਼ਬਰ ਵੀ ਪੜ੍ਹੋ : ਅਮਰੀਕੀ ਵਿਦੇਸ਼ ਮੰਤਰੀ ਵੀ ਨੇ ਦਿਲਜੀਤ ਦੋਸਾਂਝ ਦੇ ਫੈਨ, PM ਮੋਦੀ ਸਾਹਮਣੇ ਆਖੀ ਇਹ ਗੱਲ

ਸੁਨੀਲ ਅੱਗੇ ਦੱਸਦੇ ਹਨ, ‘‘ਜਦੋਂ ਰਾਮਾਨੰਦ ਸਾਗਰ ਨੇ ਰਾਮਾਇਣ ਨੂੰ ਕਾਸਟ ਕਰਨ ਤੋਂ ਬਾਅਦ ਇਸ ਸ਼ੋਅ ਦੇ ਤਿੰਨ ਪਾਇਲਟਾਂ ਨੂੰ ਸ਼ੂਟ ਕੀਤਾ ਸੀ। ਇਸ ਲਈ ਉਸ ਸਮੇਂ ਸਰਕਾਰ ਇਸ ਦੀ ਰਿਲੀਜ਼ ਨੂੰ ਲੈ ਕੇ ਥੋੜ੍ਹੀ ਸੁਚੇਤ ਹੋ ਗਈ ਸੀ। ਉਹ ਨਹੀਂ ਚਾਹੁੰਦੀ ਸੀ ਕਿ ਕੋਈ ਵੀ ਇਸ ਤੋਂ ਖੁੰਝੇ ਕਿਉਂਕਿ ਇਹ ਇਤਿਹਾਸ ’ਚ ਪਹਿਲੀ ਵਾਰ ਹੋਣ ਜਾ ਰਿਹਾ ਸੀ ਕਿ ਅਸੀਂ ਪਹਿਲੀ ਵਾਰ ਰਾਮਾਇਣ ਨੂੰ ਟੈਲੀਵਿਜ਼ਨ ’ਤੇ ਲਿਆ ਰਹੇ ਹਾਂ। ਇਸ ਕਾਰਨ ਸ਼ੋਅ ਦੇ ਪਾਇਲਟ ਸ਼ੂਟ ’ਚ ਆਈ ਐਂਡ ਬੀ ਮੰਤਰਾਲੇ ਦੀ ਦਖ਼ਲਅੰਦਾਜ਼ੀ ਰੱਖੀ ਗਈ ਸੀ। ਉਨ੍ਹਾਂ ਨੇ ਸ਼ੋਅ ਦੇਖਣ ਤੋਂ ਬਾਅਦ ਕਈ ਨੁਕਤੇ ਉਠਾਏ। ਅਜਿਹਾ ਮਹਿਸੂਸ ਕੀਤਾ ਗਿਆ ਸੀ ਕਿ ਉਹ ਸ਼ੋਅ ਨੂੰ ਮੁਲਤਵੀ ਕਰਨਾ ਚਾਹੁੰਦੇ ਸਨ। ਇਸ ਦੇ ਨਾਲ ਹੀ ਰਾਮਾਨੰਦ ਸਾਗਰ ਜੀ ਵੀ ਆਪਣੀ ਜ਼ਿੱਦ ’ਤੇ ਅੜੇ ਹੋਏ ਸਨ। ਮੰਤਰੀਆਂ ਨੇ ਸੀਤਾ ਦੇ ਬਲਾਊਜ਼ ’ਤੇ ਇਤਰਾਜ਼ ਜਤਾਇਆ ਤੇ ਕਿਹਾ ਕਿ ਮਾਤਾ ਸੀਤਾ ਕੱਟ ਸਲੀਵ ਬਲਾਊਜ਼ ਨਹੀਂ ਪਹਿਨ ਸਕਦੀ। ਦੂਰਦਰਸ਼ਨ ਵਾਲਿਆਂ ਨੇ ਵੀ ਇਸ ਦਾ ਵਿਰੋਧ ਕੀਤਾ। ਉਨ੍ਹਾਂ ਨੇ ਸ਼ੋਅ ਨੂੰ ਟੈਲੀਕਾਸਟ ਕਰਨ ਤੋਂ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਰਾਮਾਨੰਦ ਸਾਗਰ ਨੇ ਦੁਬਾਰਾ ਸੀਤਾ ਦੇ ਪਹਿਰਾਵੇ ’ਤੇ ਕੰਮ ਕੀਤਾ ਤੇ ਉਨ੍ਹਾਂ ਨੇ ਫੁੱਲ ਸਲੀਵ ਬਲਾਊਜ਼ ਤੇ ਸਾੜ੍ਹੀ ਉਸ ਅਨੁਸਾਰ ਡਿਜ਼ਾਈਨ ਕੀਤੀ। ਇਸ ਮੁੱਦੇ ਕਾਰਨ ਸੀਰੀਅਲ ਲਗਭਗ ਦੋ ਸਾਲਾਂ ਤੋਂ ਰੋਕਿਆ ਗਿਆ ਸੀ। ਇਸ ਤੋਂ ਇਲਾਵਾ ਕੁਝ ਸਿਆਸੀ ਕਾਰਨ ਵੀ ਸਨ, ਜਿਨ੍ਹਾਂ ’ਤੇ ਹੁਣ ਗੱਲ ਕਰਨਾ ਠੀਕ ਨਹੀਂ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News