‘ਆਰਟੀਕਲ 370’ ਇਤਿਹਾਸ ਦਾ ਹਿੱਸਾ ਹੈ, ਕਿਵੇਂ ਹਟਿਆ ਸਭ ਨੇ ਦੇਖਿਆ ਪਰ ਕਿਵੇਂ ਹੋਇਆ ਫ਼ਿਲਮ ’ਚ ਦਿਸੇਗਾ : ਪ੍ਰਿਆਮਣੀ

Tuesday, Feb 20, 2024 - 02:25 PM (IST)

‘ਆਰਟੀਕਲ 370’ ਇਤਿਹਾਸ ਦਾ ਹਿੱਸਾ ਹੈ, ਕਿਵੇਂ ਹਟਿਆ ਸਭ ਨੇ ਦੇਖਿਆ ਪਰ ਕਿਵੇਂ ਹੋਇਆ ਫ਼ਿਲਮ ’ਚ ਦਿਸੇਗਾ : ਪ੍ਰਿਆਮਣੀ

ਧਾਰਾ 370 ਹਟਾਏ ਜਾਣ ਦੇ ਪਿੱਛੇ ਕਾਰਨ ਕੀ ਸੀ ਅਤੇ ਕਸ਼ਮੀਰ ਦੇ ਹਾਲਾਤ ਕੀ ਸਨ, ਇਸ ਤੋਂ ਆਮ ਲੋਕ ਸ਼ਾਇਦ ਹੀ ਜਾਣੂ ਹੋਣਗੇ। ਇਸ ਅਸਲ ਘਟਨਾ ਤੋਂ ਪ੍ਰੇਰਿਤ ਫ਼ਿਲਮ ‘ਆਰਟੀਕਲ 370’ ਦਾ ਟ੍ਰੇਲਰ ਰਿਲੀਜ਼ ਹੋਣ ਦੇ ਬਾਅਦ ਤੋਂ ਹੀ ਸੁਰਖੀਆਂ ਵਿਚ ਹੈ। ਆਦਿਤਿਆ ਸੁਹਾਸ ਜਾਂਭਲੇ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ਵਿਚ ਯਾਮੀ ਗੌਤਮ ਦੇ ਨਾਲ ਪ੍ਰਿਆਮਣੀ ਵੀ ਦਮਦਾਰ ਭੂਮਿਕਾ ’ਚ ਨਜ਼ਰ ਆਵੇਗੀ। ਕਸ਼ਮੀਰ ਘਾਟੀ ਦੇ ਅਣਦੇਖੇ ਹਾਲਾਤਾਂ ਨੂੰ ਬਿਆਨ ਕਰਦੀ ਇਹ ਫ਼ਿਲਮ 23 ਫਰਵਰੀ, 2024 ਨੂੰ ਸਿਨੇਮਾਘਰਾਂ ਵਿਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਬਾਰੇ ਪ੍ਰਿਆਮਣੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

‘ਆਰਟੀਕਲ 370’ ਦੀ ਕਹਾਣੀ ਸੱਚੀ ਘਟਨਾ ਤੋਂ ਪ੍ਰੇਰਿਤ ਹੈ’
‘ਫ਼ਿਲਮ ’ਚ ਸਭ ਕੁਝ ਬਹੁਤ ਰੀਅਲ ਰੱਖਿਆ ਗਿਆ’

ਬਤੌਰ ਦਰਸ਼ਕ ਇਸ ਫ਼ਿਲਮ ਤੋਂ ਕਿਹੜੀ ਨਵੀਂ ਉਮੀਦ ਕੀਤੀ ਜਾ ਸਕਦੀ ਹੈ?
ਤੁਸੀਂ ਇਸ ਫ਼ਿਲਮ ਤੋਂ ਬਹੁਤ ਉਮੀਦ ਕਰ ਸਕਦੇ ਹੋ। ਇਹ ਇਕ ਪਾਲਿਟੀਕਲ ਐਕਸ਼ਨ ਥ੍ਰਿਲਰ ਫ਼ਿਲਮ ਹੈ, ਜਿਸ ਵਿਚ ਦਰਸ਼ਕਾਂ ਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਮੈਂ ਖੁਦ ਪਹਿਲੀ ਵਾਰ ਇਹ ਜਾਨਰ ਸੁਣ ਰਹੀ ਹਾਂ ਅਤੇ ਕੰਮ ਕਰ ਰਹੀ ਹਾਂ। ਅਜਿਹੀ ਕਹਾਣੀ ਪਹਿਲਾਂ ਕਦੇ ਨਹੀਂ ਆਈ ਹੈ।

ਅਜਿਹੇ ਵਿਚ ਮੈਂ ਦਰਸ਼ਕਾਂ ਤੋਂ ਉਮੀਦ ਕਰਦੀ ਹਾਂ ਕਿ ਜਦੋਂ ਇਹ ਫ਼ਿਲਮ 23 ਫਰਵਰੀ ਨੂੰ ਰਿਲੀਜ਼ ਹੋਵੇਗੀ ਤਾਂ ਉਨ੍ਹਾਂ ਨੂੰ ਕਈ ਅਜਿਹੇ ਤੱਥ ਪਤਾ ਲੱਗਣਗੇ, ਜੋ ਸ਼ਾਇਦ ਉਨ੍ਹਾਂ ਨੂੰ ਪਹਿਲਾਂ ਨਹੀਂ ਪਤਾ ਹੋਣਗੇ। ਸਾਡਾ ਸਾਰਾ ਜ਼ੋਰ ਉਨ੍ਹਾਂ ਨੂੰ ਇਹ ਦੱਸਣ ’ਤੇ ਲੱਗਿਆ ਹੋਇਆ ਹੈ ਕਿ ਉਸ ਸਮੇਂ ਕੀ ਹਾਲਾਤ ਸਨ ਅਤੇ ਸਭ ਕੁਝ ਕਿਵੇਂ ਹੋਇਆ ਸੀ। ਜੇਕਰ ਤੁਸੀਂ ਹੁਣ ਆਮ ਲੋਕਾਂ ਤੋਂ ਇਸ ਬਾਰੇ ਪੁੱਛੋਗੇ ਤਾਂ ਉਨ੍ਹਾਂ ਨੇ ਇਸ ਬਾਰੇ ਜ਼ਰੂਰ ਸੁਣਿਆ ਹੋਵੇਗਾ ਪਰ ਇਹ ਕਿਵੇਂ ਹੋਇਆ ਇਸ ਬਾਰੇ ਸ਼ਾਇਦ ਉਨ੍ਹਾਂ ਨੂੰ ਬਹੁਤੀ ਜਾਣਕਾਰੀ ਨਾ ਹੋਵੇ।

‘ਆਰਟੀਕਲ 370’ ’ਚੋਂ ਆਰਟੀਕਲ ਹਟਾਉਣ ਦੇ ਨਾਲ ਇਸ ਨਾਲ ਸਬੰਧਤ ਹੋਰ ਕਿਹੜੇ ਪਹਿਲੂਆਂ ’ਤੇ ਜ਼ੋਰ ਦਿਓਗੇ?
ਜਦੋਂ ਕੋਈ ਫ਼ਿਲਮ ਇਸ ਤਰ੍ਹਾਂ ਦੇ ਵਿਸ਼ੇ ’ਤੇ ਬਣਦੀ ਹੈ ਤਾਂ ਉਹ ਆਪਣੇ ਨਾਲ ਉਸ ਘਟਨਾ ਦਾ ਪੂਰਾ ਅਤੀਤ ਲੈ ਕੇ ਚਲਦੀ ਹੈ। ‘ਆਰਟੀਕਲ 370’ ਦੀ ਕਹਾਣੀ ਸੱਚੀ ਘਟਨਾ ਤੋਂ ਪ੍ਰੇਰਿਤ ਹੈ ਅਤੇ ਅਜਿਹਾ ਅਸਲ ਵਿਚ ਵਾਪਰਿਆ ਸੀ। ਸਾਡੇ ਸਾਰਿਆਂ ਦੇ ਕਿਰਦਾਰ ਵੀ ਉਸੇ ਤਰ੍ਹਾਂ ਦੇ ਹਨ। ਮੇਰਾ ਕਿਰਦਾਰ ਬਿਊਰੋਕ੍ਰੇਟ ਦੀ ਭੂਮਿਕਾ ਵਿਚ ਹੈ ਅਤੇ ਯਾਮੀ ਗੌਤਮ ਇਕ ਏਜੰਟ ਦੀ ਭੂਮਿਕਾ ਨਿਭਾਅ ਰਹੀ ਹੈ, ਜੋ ਗ੍ਰਾਊਂਡ ’ਤੇ ਕੰਮ ਕਰਦੀ ਹੈ। ਫ਼ਿਲਮ ਵਿਚ ਤੁਸੀਂ ਦੇਖੋਗੇ ਕਿ ਦੋਵਾਂ ਨੇ ਮਿਲ ਕੇ ਕਿਵੇਂ ਇਸ ਮਿਸ਼ਨ ਨੂੰ ਪੂਰਾ ਕਰਨ ਵਿਚ ਯੋਗਦਾਨ ਦਿੱਤਾ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਮਿਸ਼ਨ ਵਿਚ ਇਕ ਵੀ ਵਿਅਕਤੀ ਦੀ ਜਾਨ ਨਹੀਂ ਗਈ। ਇਹੋ ਆਰਟੀਕਲ 370 ਦੀ ਖ਼ੂਬਸੂਰਤੀ ਹੈ, ਇਸ ਲਈ ਲੋਕਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਇਸ ਨੂੰ ਕਿਵੇਂ ਅੰਜਾਮ ਦਿੱਤਾ ਗਿਆ।

ਆਰਟੀਕਲ 370 ਬਹੁਤ ਹੀ ਵਿਵਾਦਪੂਰਨ ਵਿਸ਼ਾ ਰਿਹਾ ਹੈ, ਇਸ ਲਈ ਇਸ ਫ਼ਿਲਮ ਨੂੰ ਹਾਂ ਕਹਿਣ ਦਾ ਸਭ ਤੋਂ ਵੱਡਾ ਕਾਰਨ ਕੀ ਸੀ?
ਇਸ ਦਾ ਸਭ ਤੋਂ ਮਹੱਤਵਪੂਰਨ ਕਾਰਨ ਇਹ ਸੀ ਕਿ ਆਰਟੀਕਲ 370 ਸਾਡੇ ਇਤਿਹਾਸ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਮੈਂ ਕਦੇ ਵੀ ਕੋਈ ਅਜਿਹਾ ਕਿਰਦਾਰ ਨਹੀਂ ਨਿਭਾਇਆ, ਜੋ ਕਿਸੇ ਹੋਰ ਵਿਅਕਤੀ ’ਤੇ ਆਧਾਰਤ ਹੋਵੇ ਅਤੇ ਜੋ ਇਨ੍ਹਾਂ ਸਾਰੀਆਂ ਘਟਨਾਵਾਂ ’ਚੋਂ ਗੁਜ਼ਰਿਆ ਹੋਵੇ। ਇਸ ਲਈ ਆਦਿਤਿਆ ਧਰ ਅਤੇ ਆਦਿਤਿਆ ਸੁਹਾਸ ਝਾਂਭਲੇ ਸਰ ਨੇ ਬਹੁਤ ਰਿਸਰਚ ਕੀਤੀ ਹੈ। ਜਦੋਂ ਉਨ੍ਹਾਂ ਨੇ ਮੈਨੂੰ ਇਸਦੇ ਬਾਰੇ ਦੱਸਿਆ ਤਾਂ ਮੈਂ ਕਿਹਾ ਕਿ ਕੀ ਇਹ ਸੱਚਮੁੱਚ ਹੋਇਆ ਸੀ? ਜੇ ਮੈਂ ਆਪਣੇ ਖੁਦ ਦੇ ਡਾਇਲਾਗਜ਼ ਦੀ ਗੱਲ ਕਰਾਂ, ਤਾਂ ਅਜਿਹਾ ਬਿਲਕੁਲ ਨਹੀਂ ਸੀ ਕਿ ਸਥਿਤੀ ਅਨੁਸਾਰ ਇਸ ਵਿਚ ਪੰਚ ਪਾਇਆ ਗਿਆ ਹੋਵੇ। ਫ਼ਿਲਮ ਵਿਚ ਸਭ ਕੁਝ ਬਹੁਤ ਹੀ ਰੀਅਲ ਰੱਖਿਆ ਗਿਆ ਅਤੇ ਉਸੇ ਤਰੀਕੇ ਨਾਲ ਸ਼ੂਟ ਵੀ ਕੀਤਾ ਗਿਆ ਹੈ।

ਕਿਸੇ ਹੋਰ ਕਿਰਦਾਰ ਦੇ ਮੁਕਾਬਲੇ ਰੀਅਲ ਲਾਈਫ ਕਿਰਦਾਰ ਨਿਭਾਉਣ ਲਈ ਤੁਹਾਨੂੰ ਕਿੰਨੀ ਖਾਸ ਤਿਆਰੀ ਕਰਨੀ ਪਈ?
ਸੱਚ ਕਹਾਂ ਤਾਂ ਮੈਂ ਇਸ ਲਈ ਇੰਨੀ ਜ਼ਿਆਦਾ ਤਿਆਰੀ ਨਹੀਂ ਕੀਤੀ ਸੀ। ਮੇਰੇ ਲਈ ਸਭ ਕੁਝ ਬਿਲਕੁਲ ਨਵਾਂ ਸੀ, ਇਸ ਲਈ ਮੇਰੇ ਦਿਮਾਗ ਵਿਚ ਜੋ ਵੀ ਆਇਆ, ਮੈਂ ਲਗਾਤਾਰ ਉਸ ਨੂੰ ਫਾਲੋ ਕੀਤਾ। ਮੈਂ ਮਹਿਸੂਸ ਕਰਦੀ ਸੀ ਕਿ ਜੇਕਰ ਰਾਜੇਸ਼ਵਰੀ ਇਸ ਤਰ੍ਹਾਂ ਬੋਲੇਗੀ ਤਾਂ ਠੀਕ ਰਹੇਗਾ। ਉਸਦੀ ਬਾਡੀ ਲੈਂਗਵੇਜ਼ ਉਸਦੀ ਡ੍ਰੈਸਿੰਗ ਸੈਂਸ ਦੇ ਹਿਸਾਬ ਨਾਲ ਅਜਿਹੀ ਹੋਵੇਗੀ। ਪ੍ਰਾਬਲਮ ਨੂੰ ਅਪ੍ਰੋਚ ਕਰਨ ਦਾ ਉਸਦਾ ਆਹ ਤਰੀਕਾ ਹੋਵੇਗਾ। ਉਹ ਆਪਣੇ ਫੈਸਲਿਆਂ ਨੂੰ ਲੈ ਕੇ ਬਹੁਤ ਕਾਨਫੀਡੈਂਟ ਦਿਖਣੀ ਚਾਹੀਦੀ ਹੈ ਕਿਉਂਕਿ ਉਸ ਨੂੰ ਉਪਰੋਂ ਗ੍ਰੀਨ ਸਿਗਨਲ ਮਿਲ ਰਿਹਾ ਹੈ। ਮਿਸ਼ਨ ਲਈ ਉਹ ਸਹੁੰ ਖਾਂਦੀ ਹੈ ਕਿ ਮੈਂ ਇਹ ਕਰਾਂਗੀ ਅਤੇ ਮੈਨੂੰ ਇਹ ਕਰਨਾ ਹੈ। ਤਾਂ ਉਹ ਇਸ ਲਈ ਕਿਵੇਂ ਜਾਵੇਗੀ? ਇਹ ਤੁਹਾਨੂੰ ਫ਼ਿਲਮ ’ਚ ਦੇਖਣ ਨੂੰ ਮਿਲੇਗਾ।

ਯਾਮੀ ਗੌਤਮ ਨਾਲ ਕੰਮ ਕਰਨ ਦਾ ਤੁਹਾਡਾ ਅਨੁਭਵ ਕਿਹੋ ਜਿਹਾ ਰਿਹਾ ਅਤੇ ਸੈੱਟ ’ਤੇ ਕਿੰਨੀ ਐਨਰਜੀ ਰਹਿੰਦੀ ਸੀ?
ਉਹ ਬਹੁਤ ਚੰਗੀ ਅਦਾਕਾਰਾ ਹੈ ਅਤੇ ਉਨ੍ਹਾਂ ਦੇ ਨਾਲ ਕੰਮ ’ਚ ਬਹੁਤ ਮਜ਼ਾ ਆਇਆ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਹੈ। ਮੈਂ ਹੀ ਨਹੀਂ, ਮੇਰੇ ਪਤੀ ਦਾ ਵੀ ਇਹੋ ਮੰਨਣਾ ਹੈ। ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਇਕ ਫ਼ਿਲਮ ਆਫਰ ਹੋਈ ਹੈ, ਜਿਸ ਵਿਚ ਮੇਰੇ ਅਾਪੋਜ਼ਿਟ ਯਾਮੀ ਹੋਵੇਗੀ, ਤਾਂ ਉਨ੍ਹਾਂ ਦੀ ਪਹਿਲੀ ਹੀ ਲਾਈਨ ਸੀ ਕਿ ਤੁਹਾਨੂੰ ਦੋਵਾਂ ਨੂੰ ਸਕ੍ਰੀਨ ’ਤੇ ਇਕੱਠੇ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਵੇਗੀ। ਇਸ ਤੋਂ ਇਲਾਵਾ ਯਾਮੀ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਜਦੋਂ ਵੀ ਉਹ ਕੋਈ ਕਿਰਦਾਰ ਨਿਭਾਉਂਦੀ ਹੈ ਤਾਂ ਅਜਿਹਾ ਬਿਲਕੁਲ ਵੀ ਨਹੀਂ ਲੱਗਦਾ ਕਿ ਉਹ ਕੋਈ ਐਕਸਟ੍ਰਾ ਐਫਰਟ ਕਰ ਰਹੀ ਹੈ। ਆਪਣੀ ਸਕ੍ਰਿਪਟ ਅਤੇ ਰੋਲ ਲਈ ਉਹ ਪਹਿਲਾਂ ਤੋਂ ਹੀ ਤਿਆਰ ਹੁੰਦੀ ਹੈ। ਉਨ੍ਹਾਂ ਦੇ ਦਿਮਾਗ ਵਿਚ ਵੱਖਰੀ ਹੀ ਸਟੋਰੀ ਚੱਲ ਰਹੀ ਹੁੰਦੀ ਹੈ ਕਿ ਕਿਰਦਾਰ ਅਜਿਹਾ ਹੈ, ਅਜਿਹਾ ਹੋਣਾ ਚਾਹੀਦਾ ਹੈ ਅਤੇ ਇਸ ਦੇ ਲਈ ਕੀ ਕਰਨਾ ਪਵੇਗਾ।

ਟ੍ਰੇਲਰ ਨੂੰ ਦੇਖ ਕੇ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਤੁਹਾਡਾ ਕਿਰਦਾਰ ਚੁੱਪ ਰਹਿ ਕੇ ਆਪਣੀ ਪਾਵਰ ਦਿਖਾਏਗਾ। ਇਸ ਵਿਚ ਕਿੰਨੀ ਸੱਚਾਈ ਹੈ?
ਨਹੀਂ, ਅਜਿਹਾ ਨਹੀਂ ਹੈ। ਮੈਂ ਪੀ. ਐੱਮ. ਓ. ਅਧਿਕਾਰੀ ਦੀ ਭੂਮਿਕਾ ਨਿਭਾਅ ਰਿਹਾ ਹੀ। ਉਹ ਪਾਲਿਟੀਕਲ ਵੇਅ ਵਿਚ ਜਾ ਰਹੀ ਹੈ ਕਿ ਇਹ ਮਿਸ਼ਨ ਕਿਵੇਂ ਪੂਰਾ ਹੋਵੇਗਾ। ਉਸ ਕੋਲ ਐੱਨ.ਆਈ. ਏ. ਨੂੰ ਨਿਯੁਕਤ ਕਰਨ ਦਾ ਅਧਿਕਾਰ ਹੈ। ਇਸ ਦੌਰਾਨ ਉਸਦੀ ਮੁਲਾਕਾਤ ਯਾਮੀ ਨਾਲ ਹੋਈ। ਫ਼ਿਲਮ ’ਚ ਤੁਸੀਂ ਦੇਖੋਗੇ ਕਿ ਕਿਵੇਂ ਦੋਵਾਂ ਨੇ ਮਿਲ ਕੇ ਇਸ ਮਿਸ਼ਨ ਨੂੰ ਪੂਰਾ ਕੀਤਾ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਆਦਿਤਿਆ ਧਰ ਸਰ ਨੇ ਮੈਨੂੰ ਇਸ ਫ਼ਿਲਮ ਲਈ ਚੁਣਿਆ।
 


author

sunita

Content Editor

Related News