ਮੀਲ ਦਾ ਪੱਥਰ ਸਾਬਿਤ ਹੋਵੇਗੀ ਫਿਲਮ ‘ਡਾਕੂਆਂ ਦਾ ਮੁੰਡਾ 3’ : ਦੇਵ ਖਰੌੜ

Tuesday, May 20, 2025 - 01:54 PM (IST)

ਮੀਲ ਦਾ ਪੱਥਰ ਸਾਬਿਤ ਹੋਵੇਗੀ ਫਿਲਮ ‘ਡਾਕੂਆਂ ਦਾ ਮੁੰਡਾ 3’ : ਦੇਵ ਖਰੌੜ

ਜਲੰਧਰ (ਬਿਊਰੋ)– ਪੰਜਾਬੀ ਫਿਲਮ ‘ਡਾਕੂਆਂ ਦਾ ਮੁੰਡਾ 3’ ਨੂੰ ਲੈ ਕੇ ਹਾਲ ਹੀ ’ਚ ਮੁੱਖ ਅਦਾਕਾਰ ਦੇਵ ਖਰੌੜ ਨੇ ਕੁਝ ਮਜ਼ੇਦਾਰ ਗੱਲਾਂ ਸਾਂਝੀਆਂ ਕੀਤੀਆਂ ਹਨ। ਦੇਵ ਨੇ ਕਿਹਾ ਕਿ ‘ਡਾਕੂਆਂ ਦਾ ਮੁੰਡਾ 1’ ਤੇ ‘ਡਾਕੂਆਂ ਦਾ ਮੁੰਡਾ 2’ ਆਪਣੇ ਆਪ ’ਚ ਮੀਲ ਦਾ ਪੱਥਰ ਹਨ ਤੇ ਮੈਨੂੰ ਲੱਗਦਾ ਹੈ ਕਿ ‘ਡਾਕੂਆਂ ਦਾ ਮੁੰਡਾ 3’ ਵੀ ਮੀਲ ਦਾ ਪੱਥਰ ਸਾਬਿਤ ਹੋਵੇਗੀ। ਲੋਕਾਂ ਨੂੰ ਇਸ ਫਿਲਮ ਦੀ ਸਿਰਫ ਲੋਕੇਸ਼ਨ ਨਹੀਂ, ਉਨ੍ਹਾਂ ਨੂੰ ਕਹਾਣੀ, ਜਜ਼ਬਾਤ ਤੇ ਹਰ ਕਲਾਕਾਰ ਦੀ ਪ੍ਰਫਾਰਮੈਂਸ ਬਹੁਤ ਪਸੰਦ ਆਉਣ ਵਾਲੀ ਹੈ।

ਦੇਵ ਨੇ ਇਹ ਵੀ ਕਿਹਾ ਕਿ ਜਿਵੇਂ-ਜਿਵੇਂ ਸਾਡੇ ਗਾਣੇ ਰਿਲੀਜ਼ ਹੋਣਗੇ, ਤੁਸੀਂ ਇਸ ਦਾ ਮਿਊਜ਼ਿਕ ਬਹੁਤ ਪਸੰਦ ਕਰੋਗੇ। ਸਿੱਧੂ ਦਾ ‘ਡਾਲਰ’ ਗੀਤ, ਜੋ ਪਹਿਲੀ ਫਿਲਮ ਨਾਲ ਜੁੜਿਆ ਸੀ, ਉਹ ਅਸੀਂ ਰੀਕ੍ਰਿਏਟ ਕੀਤਾ ਹੈ। ਜਦੋਂ ਇਹ ਗੀਤ ਮੁੜ ਚੱਲੇਗਾ ਤਾਂ ਲੋਕ ਖ਼ੂਬ ਆਨੰਦ ਮਾਣਨਗੇ।

ਟ੍ਰੇਲਰ ਬਾਰੇ ਗੱਲ ਕਰਦਿਆਂ ਦੇਵ ਕਹਿੰਦੇ ਹਨ ਕਿ ਤੁਸੀਂ ਸਿਰਫ ਟੀਜ਼ਰ ਦੇਖਿਆ ਹੈ, ਜਦੋਂ ਤੁਸੀਂ ਟ੍ਰੇਲਰ ਦੇਖੋਗੇ ਤਾਂ ਇਹ ਜ਼ਰੂਰ ਕਹੋਗੇ ਕਿ ਬਿਲਕੁੱਲ ਵੱਖਰਾ ਟ੍ਰੇਲਰ ਤੁਸੀਂ ਪੰਜਾਬੀ ਸਿਨੇਮਾ ’ਚ ਦੇਖਿਆ ਹੈ। ਅਸੀਂ ਦੋ ਤੋਂ ਢਾਈ ਸਾਲ ਇਸ ਫਿਲਮ ਦੀ ਸਕ੍ਰਿਪਟ ’ਤੇ ਮਿਹਨਤ ਕੀਤੀ ਹੈ। ਇਹ ਮੇਰੀ ਡ੍ਰੀਮ ਰਿਐਲਿਟੀ ਨਾਲ 8ਵੀਂ ਫ਼ਿਲਮ ਹੈ, ਜੋ ਮੇਰੇ ਲਈ ਵੱਡੀ ਗੱਲ ਹੈ।

ਅਦਾਕਾਰਾਂ ਬਾਰੇ ਬੋਲਦਿਆਂ ਦੇਵ ਨੇ ਕਿਹਾ ਕਿ ਕੁੜੀਆਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ। ਹਮੇਸ਼ਾ ਉਲਾਂਭਾ ਰਹਿੰਦਾ ਸੀ ਕਿ ਪੰਜਾਬੀ ਬੋਲਣ ਵਾਲੀਆਂ ਕੁੜੀਆਂ ਨੂੰ ਪੰਜਾਬੀ ਫਿਲਮਾਂ ’ਚ ਕੰਮ ਨਹੀਂ ਦਿੱਤਾ ਜਾਂਦਾ, ਤੁਸੀਂ ਮੁੰਬਈ ਤੋਂ ਉਨ੍ਹਾਂ ਨੂੰ ਬੁਲਾ ਲੈਂਦੇ ਹੋ। ਵਧੀਆ ਗੱਲ ਹੈ ਕਿ ਪੰਜਾਬੀ ਕੁੜੀਆਂ ਨੂੰ ਪੰਜਾਬ ’ਚ ਕੰਮ ਮਿਲਣਾ ਸ਼ੁਰੂ ਹੋ ਗਿਆ।

ਦੱਸ ਦੇਈਏ ਕਿ ਫਿਲਮ ਨੂੰ ਹੈਪੀ ਰੋਡੇ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਨਰਿੰਦਰ ਅੰਬਰਸਰੀਆ ਨੇ ਲਿਖੀ ਹੈ। ਫਿਲਮ ਰਵਨੀਤ ਕੌਰ ਚਾਹਲ, ਉਮੇਸ਼ ਕੁਮਾਰ ਬਾਂਸਲ ਤੇ ਰਾਜੇਸ਼ ਕੁਮਾਰ ਅਰੋੜਾ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਫਿਲਮ ਜ਼ੀ ਸਟੂਡੀਓਜ਼ ਤੇ ਡ੍ਰੀਮ ਰਿਐਲਿਟੀ ਮੂਵੀਜ਼ ਦੀ ਸਾਂਝੀ ਪੇਸ਼ਕਸ਼ ਹੈ, ਜੋ ਦੁਨੀਆ ਭਰ ’ਚ ਇਹ ਫਿਲਮ 13 ਜੂਨ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।


author

cherry

Content Editor

Related News