ਵੈੱਬ ਸੀਰੀਜ਼ ''ਤਾਂਡਵ'' ਦੇ ਵਧਦੇ ਵਿਵਾਦ ਨੂੰ ਵੇਖ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਮੰਗੀ ਮੁਆਫ਼ੀ

01/19/2021 12:08:10 PM

ਨਵੀਂ ਦਿੱਲੀ (ਬਿਊਰੋ) : ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਨਵੀਂ ਵੈੱਬ ਸੀਰੀਜ਼ 'ਤਾਂਡਵ' ਲਗਾਤਾਰ ਵਿਵਾਦਾਂ 'ਚ ਘਿਰ ਰਹੀ ਹੈ। ਇਸ ਵੈੱਬ ਸੀਰੀਜ਼ ਦੇ ਨਿਰਮਾਤਾਵਾਂ 'ਤੇ ਭਗਵਾਨ ਰਾਮ, ਨਾਰਦ ਤੇ ਸ਼ਿਵ ਦਾ ਅਪਮਾਨ ਕਰਨ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ। 'ਤਾਂਡਵ' ਦੇ ਵਿਵਾਦ ਦੇ ਵਿਚਕਾਰ ਵੈੱਬ ਸੀਰੀਜ਼ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਮੁਆਫ਼ੀ ਮੰਗ ਲਈ ਹੈ। ਪਿਛਲੇ ਹਫ਼ਤੇ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਜਾਰੀ ਕੀਤੀ ਗਈ ਸੀਰੀਜ਼ 'ਚ ਕਥਿਤ ਤੌਰ 'ਤੇ ਇਤਰਾਜ਼ਯੋਗ ਢੰਗ ਨਾਲ ਹਿੰਦੂ ਦੇਵੀ ਦੇਵਤਿਆਂ ਨੂੰ ਦਰਸਾਉਣ ਲਈ ਅਲੋਚਨਾ ਕੀਤੀ ਗਈ ਸੀ।

ਇਸ ਸਬੰਧ 'ਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਐਮਾਜ਼ਾਨ ਪ੍ਰਾਈਮ ਵੀਡੀਓ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ। 'ਤਾਂਡਵ' ਖ਼ਿਲਾਫ਼ ਯੂਪੀ ਅਤੇ ਮਹਾਰਾਸ਼ਟਰ 'ਚ ਸ਼ਿਕਾਇਤਾਂ ਦਾਇਰ ਕੀਤੀਆਂ ਗਈਆਂ ਹਨ। ਲਖਨਊ ਦੇ ਹਜ਼ਰਤਗੰਜ ਥਾਣੇ ਵਿਖੇ ਸੀਰੀਜ਼ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਅਤੇ ਲੇਖਕ ਗੌਰਵ ਸੋਲੰਕੀ ਖ਼ਿਲਾਫ਼ ਐਤਵਾਰ ਦੇਰ ਰਾਤ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਵਿਵਾਦ ਦੇ ਵਿਚਕਾਰ 'ਤਾਂਡਵ' ਦੇ ਅਦਾਕਾਰ ਸੈਫ ਅਲੀ ਖ਼ਾਨ ਦੇ ਦਫਤਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ।

ਦੱਸ ਦਈਏ ਕਿ ਭਾਜਪਾ ਦੇ ਸੰਸਦ ਮੈਂਬਰ ਮਨੋਜ ਕੋਟਕ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਵੈੱਬ ਸੀਰੀਜ਼ 'ਤਾਂਡਵ' ਵਿਰੁੱਧ ਪੱਤਰ ਲਿਖਿਆ ਸੀ। ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਰਾਮ ਕਦਮ ਨੇ ਇਸ ਖ਼ਿਲਾਫ਼ ਮੁੰਬਈ ਦੇ ਘਾਟਕੋਪਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ 'ਚ ਲਿਖਿਆ ਸੀ "ਵੈੱਬ ਸੀਰੀਜ਼ ਦੇ ਅਭਿਨੇਤਾ, ਨਿਰਦੇਸ਼ਕ ਤੇ ਨਿਰਮਾਤਾ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"

ਦੱਸ ਦੇਈਏ ਕਿ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਨਵੀਂ ਵੈੱਬ ਸੀਰੀਜ਼ 'ਤਾਂਡਵ' 15 ਜਨਵਰੀ ਨੂੰ ਰਿਲੀਜ਼ ਹੋਈ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ #BanTandavNow ਸੋਸ਼ਲ ਮੀਡੀਆ 'ਤੇ ਦੂਜੇ ਨੰਬਰ' 'ਤੇ ਟ੍ਰੈਂਡ ਕਰ ਰਿਹਾ ਸੀ। ਅਲੀ ਅੱਬਾਸ ਜਫ਼ਰ ਵੱਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ 'ਚ ਸੈਫ ਅਲੀ ਖ਼ਾਨ, ਡਿੰਪਲ ਕਪਾਡੀਆ, ਤਿਗਮਾਂਸ਼ੂ ਧੂਲੀਆ, ਜੀਸ਼ਾਨ, ਸੁਨੀਲ ਗਰੋਵਰ, ਗੌਹਰ ਖ਼ਾਨ, ਕ੍ਰਿਤਿਕਾ ਕਾਮਰਾ ਸਮੇਤ ਕਈ ਵੱਡੇ ਸਿਤਾਰੇ ਹਨ। ਇਹ ਵੈੱਬ ਸੀਰੀਜ਼ ਇਕ ਪਾਲੀਟੀਕਲ ਡਰਾਮਾ ਹੈ। 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News