ਇਨਕਮ ਟੈਕਸ ਵਿਭਾਗ ਦੇ ਛਾਪੇ ’ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਤਾਪਸੀ ਪਨੂੰ, ਕਿਹਾ- ‘ਕੁਝ ਵੀ ਹੋ ਸਕਦੈ’
Tuesday, Mar 09, 2021 - 11:57 AM (IST)
ਮੁੰਬਈ (ਬਿਊਰੋ)– ਬੇਬਾਕ ਤੇ ਬਿੰਦਾਸ ਵਿਚਾਰਾਂ ਵਾਲੀ ਅਦਾਕਾਰਾ ਤਾਪਸੀ ਪਨੂੰ ਪਿਛਲੇ ਕੁਝ ਸਮੇਂ ਤੋਂ ਚਰਚਾ ’ਚ ਬਣੀ ਹੋਈ ਹੈ। ਕੁਝ ਸਮਾਂ ਪਹਿਲਾਂ ਹੀ ਇਨਕਮ ਟੈਕਸ ਵਿਭਾਗ ਨੇ ਤਾਪਸੀ ਦੇ ਘਰ ’ਤੇ ਛਾਪੇਮਾਰੀ ਕੀਤੀ ਸੀ। ਇੰਨਾ ਹੀ ਨਹੀਂ, ਉਸ ਦਾ ਮੋਬਾਇਲ ਫੋਨ ਵੀ ਜ਼ਬਤ ਕਰ ਲਿਆ ਸੀ, ਜੋ ਉਸ ਨੂੰ ਸ਼ਨੀਵਾਰ ਨੂੰ ਵਾਪਸ ਮਿਲਿਆ। ਤਾਪਸੀ ਪਨੂੰ ਤੇ ਅਨੁਰਾਗ ਕਸ਼ਯਪ ’ਤੇ ਦੋਸ਼ ਹੈ ਕਿ ਉਹ ਕਈ ਕਰੋੜ ਦੀ ਟੈਕਸ ਚੋਰੀ ’ਚ ਸ਼ਾਮਲ ਹਨ। ਇਸ ਮਾਮਲੇ ’ਤੇ ਇਕ ਵਾਰ ਮੁੜ ਅਦਾਕਾਰਾ ਨੇ ਆਪਣੇ ਦਿਲ ਦੀ ਗੱਲ ਆਖੀ ਹੈ।
ਇਕ ਇੰਟਰਵਿਊ ’ਚ ਤਾਪਸੀ ਨੇ ਕਿਹਾ ਕਿ ਉਹ ਪਬਲਿਕ ਫਿੱਗਰ ਹੋਣ ਦੇ ਚਲਦਿਆਂ ਇਸ ਤਰ੍ਹਾਂ ਦੀ ਕਾਰਵਾਈ ਲਈ ਹਮੇਸ਼ਾ ਤਿਆਰ ਸੀ ਪਰ ਉਸ ਦੇ ਪਰਿਵਾਰ ਲਈ ਇਹ ਹੈਰਾਨ ਕਰਨ ਵਾਲੀ ਗੱਲ ਸੀ। ਪਿਛਲੇ ਕੁਝ ਸਾਲਾਂ ਜਾਂ ਮਹੀਨਿਆਂ ’ਚ ਉਹ ਇਹ ਚੰਗੀ ਤਰ੍ਹਾਂ ਜਾਣ ਚੁੱਕੀ ਹੈ ਕਿ ਇਥੇ ਕੁਝ ਵੀ ਹੋ ਸਕਦਾ ਹੈ।
ਤਾਪਸੀ ਨੇ ਕਿਹਾ, ‘ਜਦੋਂ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਮੇਰੇ ਇਥੇ ਆਏ ਤਾਂ ਮੈਨੂੰ ਕਿਹਾ ਗਿਆ ਸੀ ਕਿ ਮੇਰੇ ਦਿੱਲੀ ਤੇ ਮੁੰਬਈ ਦੇ ਹੋਰਨਾਂ ਟਿਕਾਣਿਆਂ ’ਤੇ ਵੀ ਛਾਪੇਮਾਰੀ ਚੱਲ ਰਹੀ ਹੈ। ਮੈਨੂੰ ਸੂਚਿਤ ਕੀਤਾ ਗਿਆ ਸੀ।’
ਤਾਪਸੀ ਨੇ ਅੱਗੇ ਕਿਹਾ, ‘ਮੈਨੂੰ ਕਦੇ ਨਹੀਂ ਲੱਗਾ ਸੀ ਕਿ ਮੇਰੇ ਨਾਲ ਜਾਂ ਮੇਰੇ ਪਰਿਵਾਰ ਨਾਲ ਕੁਝ ਅਜਿਹਾ ਹੋਵੇਗਾ। ਪਿਛਲੇ ਕੁਝ ਸਾਲਾਂ ਜਾਂ ਮਹੀਨਿਆਂ ਨੇ ਮੈਨੂੰ ਇਹ ਦੱਸ ਦਿੱਤਾ ਹੈ ਕਿ ਕੁਝ ਵੀ ਹੋ ਸਕਦਾ ਹੈ। ਇਹ ਪਬਲਿਕ ਫਿੱਗਰ ਹੋਣ ਦੀ ਕੀਮਤ ਹੈ। ਮੈਂ ਪੂਰੀ ਤਰ੍ਹਾਂ ਠੀਕ ਹਾਂ ਕਿਉਂਕਿ ਜਦੋਂ ਕੁਝ ਗਲਤ ਨਹੀਂ ਕੀਤਾ ਤਾਂ ਨਹੀਂ ਪਤਾ ਕਿ ਮੈਨੂੰ ਕਿਸ ਗੱਲ ਦਾ ਤੇ ਕਿਉਂ ਡਰ ਹੋਣਾ ਚਾਹੀਦਾ ਹੈ? ਜੇਕਰ ਕੋਈ ਮਨੁੱਖੀ ਭੁੱਲ ਹੋਈ ਹੈ ਤਾਂ ਉਸ ਦਾ ਭੁਗਤਾਨ ਮੈਂ ਕਰਾਂਗੀ ਪਰ ਮੈਂ ਅਪਰਾਧੀ ਨਹੀਂ ਹਾਂ। ਮੈਂ ਕੁਝ ਵੀ ਗੈਰ-ਕਾਨੂੰਨੀ ਨਹੀਂ ਕੀਤਾ ਹੈ, ਇਸ ਲਈ ਮੈਨੂੰ ਨਤੀਜੇ ਦਾ ਡਰ ਨਹੀਂ ਹੈ।’
ਇੰਨਾ ਹੀ ਨਹੀਂ ਤਾਪਸੀ ਨੇ ਇਹ ਵੀ ਕਿਹਾ ਕਿ ਇਨਕਮ ਟੈਕਸ ਵਿਭਾਗ ਦੇ ਛਾਪੇ ਨੇ ਉਸ ਨੂੰ ਸਦਮਾ ਦਿੱਤਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਡਰ ਕੇ ਖੁਦ ਨੂੰ ਬਦਲ ਲਵੇਗੀ। ਤਾਪਸੀ ਨੇ 5 ਕਰੋੜ ਦੀ ਰਸੀਦ ’ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਸ ਨੇ ਕਿਹਾ, ‘ਮੈਂ ਜਾਣਨਾ ਚਾਹੁੰਦੀ ਹਾਂ ਕਿ ਉਹ 5 ਕਰੋੜ ਰੁਪਏ ਕਿਥੇ ਹਨ? ਮੈਨੂੰ ਆਪਣੀ ਜ਼ਿੰਦਗੀ ’ਚ ਕਿਸੇ ਵੀ ਕੰਮ ਲਈ ਇਹ ਰਕਮ ਆਫਰ ਨਹੀਂ ਕੀਤੀ ਗਈ ਹੈ। ਮੈਂ ਉਸ ਰਸੀਦ ਨੂੰ ਆਪਣੇ ਲਈ ਫ੍ਰੇਮ ਕਰਾਵਾਂਗੀ।’
ਨੋਟ– ਤਾਪਸੀ ਪਨੂੰ ’ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।