ਕਿਸਾਨਾਂ ’ਤੇ ਹੋਏ ਲਾਠੀਚਾਰਜ ਕਰਕੇ ਭਾਵੁਕ ਸਵਰਾ ਭਾਸਕਰ, ਕਿਹਾ– ‘ਅਫਸੋਸ ਦੀ ਗੱਲ ਹੈ ਕਿ ਇਹ ਜਵਾਨ ਵੀ ਕਿਸਾਨ ਦਾ ਪੁੱਤ ਹੋਵੇਗਾ’

11/28/2020 7:17:55 PM

ਜਲੰਧਰ (ਬਿਊਰੋ)– ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਸਿੰਧੂ ਬਾਰਡਰ ’ਤੇ ਫਸੇ ਹੋਏ ਸਨ। ਲਗਾਤਾਰ ਕਿਸਾਨ ਦਿੱਲੀ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ ਪ੍ਰਸ਼ਾਸਨ ਦੀ ਸਖਤੀ ਕਿਸਾਨਾਂ ’ਤੇ ਵੇਖੀ ਜਾ ਸਕਦੀ ਹੈ। ਸਿਪਾਹੀ ਤਾਇਨਾਤ ਕੀਤੇ ਗਏ ਹਨ, ਜੋ ਲਗਾਤਾਰ ਕਿਸਾਨਾਂ ਨੂੰ ਰੋਕਣ ਲਈ ਯਤਨਸ਼ੀਲ ਹਨ। ਨਵੰਬਰ ਦੀ ਸਰਦੀ ’ਚ ਕਈ ਵਾਰ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਨੂੰ ਲੈ ਕੇ ਸਵਰਾ ਭਾਸਕਰ ਨੇ ਇਸ ’ਤੇ ਪ੍ਰਤੀਕਿਰਿਆ ਦਿੱਤੀ ਹੈ।

ਅਦਾਕਾਰਾ ਨੇ ਆਪਣੇ ਟਵਿਟਰ ਹੈਂਡਲ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਦੇਸ਼ ਦੇ ਸਿਪਾਹੀ ਕਿਸਾਨਾਂ ’ਤੇ ਲਾਠੀਚਾਰਜ ਕਰਦੇ ਦਿਖਾਈ ਦੇ ਰਹੇ ਹਨ। ਤਸਵੀਰ ਸ਼ੇਅਰ ਕਰਦਿਆਂ ਸਵਰਾ ਭਾਸਕਰ ਨੇ ਕੈਪਸ਼ਨ ’ਚ ਲਿਖਿਆ, ‘ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਇਹ ਜਵਾਨ ਵੀ ਕਿਸਾਨ ਦਾ ਹੀ ਪੁੱਤ ਹੋਵੇਗਾ।’ ਲੋਕ ਸਵਰਾ ਭਾਸਕਰ ਦੇ ਟਵੀਟ ’ਤੇ ਕਾਫ਼ੀ ਟਿੱਪਣੀਆਂ ਕਰ ਰਹੇ ਹਨ ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਦੱਸਣਯੋਗ ਹੈ ਕਿ ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਸ਼ਾਂਤਮਈ ਪ੍ਰਦਰਸ਼ਨ ਲਈ ਕਿਸਾਨਾਂ ਨੂੰ ਇਜਾਜ਼ਤ ਮਿਲ ਗਈ ਹੈ। ਦਿੱਲੀ ਸਰਕਾਰ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ‘ਮਹਿਮਾਨ’ ਕਹਿ ਕੇ ਸਵਾਗਤ ਕੀਤਾ ਤੇ ਉਨ੍ਹਾਂ ਦੇ ਖਾਣ-ਪੀਣ ਤੇ ਰਹਿਣ-ਸਹਿਣ ਦੇ ਪ੍ਰਬੰਧ ਕੀਤੇ।

ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਐਂਟਰੀ ਪੁਆਇੰਟਾਂ ਤੋਂ ਹਜ਼ਾਰਾਂ ਕਿਸਾਨਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਉੱਤਰੀ ਦਿੱਲੀ ਦੇ ਮੈਦਾਨੀ ਇਲਾਕਿਆਂ ’ਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਾਖਲ ਹੋਣ ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਕਿਸਾਨਾਂ ਦੇ ਕੁਝ ਨੁਮਾਇੰਦਿਆਂ ਨੇ ਪੁਲਸ ਅਧਿਕਾਰੀਆਂ ਨਾਲ ਬੁੜਾਰੀ ਦੇ ਨਿਰੰਕਾਰੀ ਸਮਾਗਮ ਮੈਦਾਨ ਦਾ ਦੌਰਾ ਕੀਤਾ।


Rahul Singh

Content Editor Rahul Singh