ਸੁਸ਼ਾਂਤ ਦੀ ਮੌਤ ਨੂੰ ਲੈ ਕੇ ਹੁਣ ਪਰਿਵਾਰ ਵਾਲਿਆਂ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ

09/03/2020 1:05:47 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਇੱਕ ਨਵਾਂ ਖ਼ੁਲਾਸਾ ਹੋਇਆ ਹੈ। ਇਸ ਮਾਮਲੇ 'ਚ ਅਦਾਕਾਰ ਦੀ ਖ਼ੁਦਕੁਸ਼ੀ ਤੋਂ ਬਾਅਦ ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਅਤੇ ਉਸ ਦੀਆਂ ਤਿੰਨ ਭੈਣਾਂ ਦਾ ਮੁੰਬਈ ਪੁਲਸ ਨੂੰ ਦਿੱਤਾ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ 'ਚ ਪਰਿਵਾਰ ਨੇ ਮੰਨਿਆ ਕਿ ਸੁਸ਼ਾਂਤ ਸਿੰਘ ਰਾਜਪੂਤ 2013 ਤੋਂ ਡਿਪ੍ਰੈਸ਼ਨ 'ਚ ਸੀ। ਇਸ ਬਿਆਨ 'ਚ ਇਹ ਵੀ ਕਿਹਾ ਗਿਆ ਸੀ ਕਿ ਇਹ ਸਿਰਫ਼ 2013 'ਚ ਹੋਇਆ ਸੀ ਜਦੋਂ ਇੱਕ ਸਾਇਕੇਟਰਿਸਟ ਨੇ ਸੁਸ਼ਾਂਤ ਸਿੰਘ ਰਾਜਪੂਤ ਦਾ ਇਲਾਜ ਸ਼ੁਰੂ ਕੀਤਾ ਸੀ। ਪੁਲਸ ਨੂੰ ਦਿੱਤੇ ਬਿਆਨ 'ਚ ਪਰਿਵਾਰ ਨੇ ਘਟਨਾ ਨੂੰ ਖ਼ੁਦਕੁਸ਼ੀ ਦੱਸਿਆ ਹੈ।

ਪਰਿਵਾਰ ਦਾ ਬਿਆਨ
ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਨੇ ਖ਼ੁਦਕੁਸ਼ੀ ਕਿਉਂ ਕੀਤੀ, ਮੈਨੂੰ ਕਦੇ ਵੀ ਤਣਾਅ ਬਾਰੇ ਨਹੀਂ ਦੱਸਿਆ। ਅਜਿਹਾ ਲਗਦਾ ਹੈ ਕਿ ਉਸ ਨੇ ਅਸਫ਼ਲ ਹੋਣ ਕਾਰਨ ਖ਼ੁਦਕੁਸ਼ੀ ਕੀਤੀ ਹੈ। ਸਾਲ 2019 'ਚ ਮੁੰਡਨ ਪ੍ਰੋਗਰਾਮ 'ਤੇ ਆਇਆ ਸੀ। ਕੇ ਕੇ ਸਿੰਘ ਦਾ ਇਹ ਬਿਆਨ 16 ਜੂਨ ਦਾ ਹੈ। ਉਹ ਸੁਸ਼ਾਂਤ ਦੇ ਅੰਤਿਮ ਸੰਸਕਾਰ ਤੋਂ ਬਾਅਦ ਮੁੰਬਈ ਤੋਂ ਪਟਨਾ ਵਾਪਸ ਆ ਰਿਹਾ ਸੀ ਜਦੋਂ ਪੁਲਸ ਨੇ ਉਨ੍ਹਾਂ ਨਾਲ ਗੱਲ ਕੀਤੀ। ਉਸ ਦੀ ਭੈਣ ਮੀਤੂ ਸਿੰਘ ਨੇ ਇਹ ਵੀ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਨੇ ਖ਼ੁਦਕੁਸ਼ੀ ਕਿਉਂ ਕੀਤੀ। ਉਸ ਨੇ ਬਿਆਨ 'ਚ ਕਿਹਾ ਕਿ ਸਾਲ 2019 'ਚ ਸੁਸ਼ਾਂਤ ਦੀ ਸਿਹਤ ਵਿਗੜ ਗਈ ਸੀ। ਉਹ 8 ਜੂਨ ਨੂੰ ਸੁਸ਼ਾਂਤ ਦੇ ਬੁਲਾਉਣ 'ਤੇ ਘਰ ਵੀ ਗਈ ਸੀ। ਨੀਤੂ ਸਿੰਘ ਨੇ ਦੱਸਿਆ ਕਿ 2013 ਤੋਂ ਸੁਸ਼ਾਂਤ ਡਿਪ੍ਰੈਸ਼ਨ 'ਚ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਭੈਣ ਪ੍ਰਿਅੰਕਾ ਨੇ ਇਹ ਵੀ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਮਾਨਸਿਕ ਤਣਾਅ 'ਚ ਸੀ।

ਸੁਸ਼ਾਂਤ ਦੀ ਭੈਣ ਨੂੰ ਆਇਆ ਗੁੱਸਾ
ਹਾਲ ਹੀ 'ਚ ਇੱਕ ਹਾਲੀਵੁੱਡ ਬਿਲਬੋਰਡ ਕੰਪਨੀ ਨੇ ਸੁਸ਼ਾਂਤ ਦਾ ਨਿਆਂ ਵਾਲਾ ਪੋਸਟਰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਹੁਣ ਇਹ ਗੱਲ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੂੰ ਰਾਸ ਨਹੀਂ ਆ ਰਹੀ ਹੈ।
ਸ਼ਵੇਤਾ ਨੇ ਸੋਸ਼ਲ ਮੀਡੀਆ 'ਤੇ ਇਸ ਫ਼ੈਸਲੇ ਖ਼ਿਲਾਫ਼ ਗੁੱਸਾ ਜਾਹਿਰ ਕੀਤਾ ਹੈ। ਸ਼ਵੇਤਾ ਨੇ ਇਸ ਨੂੰ ਇੱਕ ਪੇਡ. ਪੀ. ਆਰ. ਦੱਸਿਆ ਹੈ। ਉਸ ਨੇ ਟਵੀਟ ਕਰਦਿਆਂ ਲਿਖਿਆ, 'ਲੱਗਦਾ ਹੈ ਪੇਡ. ਪੀ. ਆਰ. ਸਾਰੀਆਂ ਥਾਵਾਂ 'ਤੇ ਪਹੁੰਚ ਗਿਆ ਹੈ। ਹਾਲੀਵੁੱਡ ਬਿਲਬੋਰਡ ਕੰਪਨੀ ਨੇ ਦੱਸਿਆ ਹੈ ਕਿ ਹੁਣ ਉਹ ਸੁਸ਼ਾਂਤ ਵਾਲਾ ਬਿਲਬੋਰਡ ਨਹੀਂ ਰੱਖੇਗੀ। ਉਸ ਬਿਲਬੋਰਡ ਦੇ ਜਰੀਏ ਸਿਰਫ਼ ਸੁਸ਼ਾਂਤ ਲਈ ਨਿਆਂ ਦੀ ਮੰਗ ਕੀਤੀ ਜਾ ਰਹੀ ਸੀ।' ਬੀਤੇ ਕੁਝ ਸਮੇਂ ਤੋਂ ਸੁਸ਼ਾਂਤ ਦੇ ਪਰਿਵਾਰ ਵਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਨਿਆਂ ਦੀ ਲੜਾਈ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਸ਼ਵੇਤਾ ਦਾ ਇਹ ਨਵਾਂ ਟਵੀਟ ਵੀ ਇਸੇ ਵੱਲ ਇਸ਼ਾਰਾ ਕਰ ਰਿਹਾ ਹੈ।

ਦੱਸ ਦਈਏ ਕਿ ਸੁਸ਼ਾਂਤ ਨੂੰ ਨਿਆਂ ਦਿਵਾਉਣ ਲਈ ਸ਼ਵੇਤਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਕਦੇ ਉਹ ਗਲੋਬਲ ਪ੍ਰੇਯਰ ਦਾ ਆਯੋਜਨ ਕਰ ਰਹੀ ਹੈ ਅਤੇ ਕਦੇ #JusticeForSushantSinghRajputt ਵਰਗੇ ਹੈਸ਼ਟੈਗ ਦੇ ਜਰੀਏ ਸਮਰਥਨ ਕਰ ਰਹੀ ਹੈ। ਉਸ ਦੀਆਂ ਇਹ ਕੋਸ਼ਿਸ਼ਾਂ ਸਫ਼ਲ ਵੀ ਹੋ ਰਹੀਆਂ ਹਨ ਪਰ ਕੁਝ ਥਾਵਾਂ 'ਤੇ ਜਦੋਂ ਉਸ ਨਿਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਸ਼ਵੇਤਾ ਦਾ ਗੁੱਸਾ ਹੋਣਾ ਵੀ ਲਾਜ਼ਮੀ ਹੋ ਜਾਂਦਾ ਹੈ।


sunita

Content Editor

Related News