ਗਾਇਕੀ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਸੁਰਿੰਦਰ ਛਿੰਦਾ, ਇਕ ਹੀ ਝਟਕੇ ''ਚ ਬਦਲੀ ਸੀ ਜ਼ਿੰਦਗੀ

Thursday, May 20, 2021 - 01:49 PM (IST)

ਚੰਡੀਗੜ੍ਹ (ਬਿਊਰੋ) : ਸੁਰਾਂ ਨਾਲ ਸਰੋਤਿਆਂ ਨੂੰ ਕਾਇਲ ਕਰਨ ਵਾਲਾ ਸੁਰਿੰਦਰ ਛਿੰਦਾ 80-90 ਦੇ ਦਹਾਕੇ 'ਚ ਕਾਫੀ ਪ੍ਰਸਿੱਧ ਰਹੇ ਹਨ। ਹਾਲਾਂਕਿ ਉਨ੍ਹਾਂ ਕੋਲ ਕੋਈ ਪਲੇਟਫਾਰਮ ਨਹੀਂ ਸੀ ਪਰ ਉਨਾਂ ਨੇ ਆਪਣੀ ਮਿਹਨਤ ਦੇ ਸਦਕਾ ਉਹ ਮੁਕਾਮ ਹਾਸਲ ਕੀਤਾ, ਜਿਸ ਨੂੰ ਪਾਉਣ ਲਈ ਉਨ੍ਹਾਂ ਨੂੰ ਇਕ ਲੰਬਾ ਸੰਘਰਸ਼ ਕਰਨਾ ਪਿਆ। ਸੁਰਿੰਦਰ ਛਿੰਦਾ ਨੇ ਆਪਣੀ ਮਿਹਨਤ ਸਦਕਾ 'ਪੰਜਾਬੀ ਸੰਗੀਤ ਜਗਤ' ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਅਤੇ ਆਪਣੇ ਗੀਤਾਂ ਰਾਹੀਂ ਪੰਜਾਬੀ ਸਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ। 

PunjabKesari

ਸੁਰਿੰਦਰ ਪਾਲ ਧੰਮੀ ਤੋਂ ਬਣੇ ਸੁਰਿੰਦਰ ਛਿੰਦਾ
ਮਸ਼ਹੂਰ ਗਾਇਕ ਸੁਰਿੰਦਰ ਪਾਲ ਧੰਮੀ, ਜਿਨ੍ਹਾਂ ਨੂੰ ਅਸੀਂ ਸੁਰਿੰਦਰ ਛਿੰਦਾ ਵਜੋਂ ਜਾਣਦੇ ਹਾਂ। ਅੱਜ ਸੁਰਿੰਦਰ ਦਾ ਜਨਮਦਿਨ ਹੈ। ਉਨ੍ਹਾਂ ਦਾ ਜਨਮ 20 ਮਈ 1953 ਨੂੰ ਪਿੰਡ ਚੋਟੀ ਈਯਾਲੀ, ਜ਼ਿਲ੍ਹਾ ਲੁਧਿਆਣਾ, ਪੰਜਾਬ 'ਚ ਹੋਇਆ ਸੀ। ਸੁਰਿੰਦਰ ਛਿੰਦਾ ਦਾ ਜਨਮ ਸੁਰਿੰਦਰ ਪਾਲ ਧਾਮ ਦਾ ਜਨਮ ਇੱਕ ਰਾਮਗੜ੍ਹੀਆ ਪਰਿਵਾਰ 'ਚ ਹੋਇਆ ਸੀ।

PunjabKesari

ਸੰਗੀਤਕ ਸਫ਼ਰ ਤੋਂ ਪਹਿਲਾਂ ਕਰਦੇ ਸਨ ਇਹ ਕੰਮ
ਪੰਜਾਬੀ ਸੰਗੀਤ ਜਗਤ 'ਚ ਆਉਣ ਤੋਂ ਪਹਿਲਾਂ ਛਿੰਦਾ ਸਰੂਪ ਮਕੈਨੀਕਲ ਵਰਕਸ 'ਚ ਨੌਕਰੀ ਕਰਦੇ ਸਨ। ਉਨ੍ਹਾਂ ਨੇ ਸਾਲ 1981 'ਚ 'ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ' ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵਾਪਸ ਮੁੜ ਕੇ ਨਹੀਂ ਦੇਖਿਆ।
ਉਨ੍ਹਾਂ ਦਾ ਇਹ ਗੀਤ ਉਸ ਸਮੇਂ ਕਾਫੀ ਹਿੱਟ ਰਿਹਾ ਸੀ। ਇਸ ਤੋਂ ਬਾਅਦ ਉਨਾਂ ਨੇ 'ਢੋਲਾ ਵੇ ਢੋਲਾ ਹਾਏ ਢੋਲਾ', 'ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ' ਤੇ 'ਬਦਲਾ ਲੈ ਲਈਂ ਸੋਹਣਿਆਂ' ਸਮੇਤ ਕਈ ਗੀਤ ਗਾਏ। 

PunjabKesari

ਇੰਝ ਸ਼ੁਰੂ ਸੰਗੀਤਕ ਤਾਲੀਮ ਦਾ ਦੌਰ
1972-73 'ਚ ਸੁਰਿੰਦਰ ਛਿੰਦਾ ਉਸਤਾਦ ਜਸਵੰਤ ਭੰਵਰਾ ਦੇ ਲੜ ਲੱਗ ਗਏ ਅਤੇ ਸੰਗੀਤਕ ਤਾਲੀਮ ਦਾ ਦੌਰ ਸ਼ੁਰੂ ਹੋਇਆ। ਸੁਰਿੰਦਰ ਛਿੰਦਾ ਨੇ ਬਹੁਤ ਸੰਘਰਸ਼ ਕੀਤਾ। ਪ੍ਰਸਿੱਧ ਕੰਪਨੀ ਐੱਚ. ਐੱਮ. ਵੀ. ਨੇ ਉਨ੍ਹਾਂ ਦਾ ਪਹਿਲਾ ਰਿਕਾਰਡ, 'ਘੱਗਰਾ ਸੂਫ ਦਾ' ਤਿਆਰ ਕੀਤਾ ਅਤੇ ਫਿਰ ਹੌਲੀ-ਹੌਲੀ ਉਸ ਤੋਂ ਬਾਅਦ ਚਰਚਾ ਦਾ ਦੌਰ ਸ਼ੁਰੂ ਹੋਇਆ।

PunjabKesari

ਸੁਪਰਹਿੱਟ ਗੀਤ
ਇਨ੍ਹਾਂ ਗੀਤਾਂ 'ਚੋਂ 'ਦੋ ਊਠਾਂ ਵਾਲੇ ਨੀਂ', 'ਜੰਞ ਚੜ੍ਹੀ ਅਮਲੀ ਦੀ', 'ਬੱਦਲਾਂ ਨੂੰ ਪੁੱਛ ਗੋਰੀਏ', 'ਜਿਊਣਾ ਮੋੜ', 'ਉੱਚਾ ਬੁਰਜ ਲਾਹੌਰ ਦਾ', 'ਜੱਟ ਮਿਰਜ਼ਾ ਖਰਲਾਂ ਦਾ', 'ਸੁੱਚਾ ਸੂਰਮਾ', 'ਤਾਰਾ ਰੋਂਦੀ ਤੇ ਕਰਲਾਉਂਦੀ', 'ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ', 'ਮਾਲਵੇ ਦੇ ਜੱਟ', 'ਮੈਂ ਕਿਹੜੀ ਖੁਦਾਈ ਮੰਗ ਲਈ', 'ਦਿੱਲੀ ਸ਼ਹਿਰ ਦੀਆਂ ਕੁੜੀਆਂ' ਆਦਿ ਜ਼ਿਕਰਯੋਗ ਹਨ। ਛਿੰਦਾ ਨੇ ਅਨੇਕਾਂ ਪੰਜਾਬੀ ਫ਼ਿਲਮਾਂ 'ਚ ਅਦਾਕਾਰੀ ਅਤੇ ਸੰਗੀਤ ਵੀ ਦਿੱਤਾ ਅਤੇ ਇੱਕ ਹਿੰਦੀ ਫ਼ਿਲਮ 'ਚ ਵੀ ਗੀਤ ਗਾਉਣ ਦਾ ਮਾਣ ਮਿਲਿਆ। ਸੁਰਿੰਦਰ ਛਿੰਦਾ ਨੇ ਆਪਣੀ ਗਾਇਕੀ 'ਚ ਨਵੇਂ ਤਜਰਬੇ ਵੀ ਕੀਤੇ ਜੋ ਸਫ਼ਲ ਰਹੇ।

PunjabKesari

ਗਾਇਕੀ ਦੇ ਕਾਇਮ ਕੀਤੇ ਨਵੇਂ ਮਾਪਦੰਡ 
ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸੁਰਿੰਦਰ ਛਿੰਦੇ ਦਾ ਕੋਈ ਵੀ ਰਿਕਾਰਡ ਆਉਂਦਾ ਸੀ ਤਾਂ ਉਸ ਸਮੇਂ ਦੇ ਹੋਰ ਚਰਚਿਤ ਗਾਇਕਾਂ ਨੂੰ ਆਪਣਾ ਫ਼ਿਕਰ ਪੈ ਜਾਂਦਾ ਸੀ। ਉਸ ਦੀ ਗਾਇਕੀ ਦੀ ਵਿਸ਼ੇਸ਼ਤਾ ਰਹੀ ਹੈ ਕਿ ਭਾਵੇਂ ਉਸ ਨੇ ਲੋਕ-ਗਾਥਾਵਾਂ ਗਾਈਆਂ ਜਾਂ ਦੋਗਾਣੇ ਗਾਏ ਪਰ ਉਨ੍ਹਾਂ 'ਚ ਕਲਾਸੀਕਲ ਟੱਚ ਨੂੰ ਕਾਇਮ ਰੱਖਿਆ। ਸੁਰਿੰਦਰ ਛਿੰਦੇ ਦੇ ਕਈ ਗੀਤ ਇੰਨੇ ਮਕਬੂਲ ਹੋਏ ਕਿ ਉਨ੍ਹਾਂ ਨੇ ਸਫ਼ਲਤਾ ਦੇ ਨਵੇਂ ਮਾਪਦੰਡ ਕਾਇਮ ਕੀਤੇ।

PunjabKesari


sunita

Content Editor

Related News