ਮੁੰਬਈ ਮੈਰਾਥਨ 2026 : ਸੁਪਰਸਟਾਰ ਆਮਿਰ ਖਾਨ ਨੇ ਪਹਿਲੀ ਵਾਰ ਲਗਾਈ ਦੌੜ, ਮੁੰਬਈ ਦੇ ਜਜ਼ਬੇ ਨੂੰ ਦੱਸਿਆ ''ਬੇਮਿਸਾਲ''
Sunday, Jan 18, 2026 - 10:25 AM (IST)
ਮੁੰਬਈ - ਬਾਲੀਵੁੱਡ ਦੇ ਦਿੱਗਜ ਅਦਾਕਾਰ ਆਮਿਰ ਖਾਨ ਨੇ ਐਤਵਾਰ ਨੂੰ ਪਹਿਲੀ ਵਾਰ ਟਾਟਾ ਮੁੰਬਈ ਮੈਰਾਥਨ 2026 ਵਿਚ ਹਿੱਸਾ ਲੈ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਮੁੰਬਈ ਦੀਆਂ ਸੜਕਾਂ 'ਤੇ ਹਜ਼ਾਰਾਂ ਦੌੜਾਕਾਂ ਨਾਲ ਮਿਲ ਕੇ ਦੌੜਦੇ ਹੋਏ ਆਮਿਰ ਖਾਨ ਨੇ ਸ਼ਹਿਰ ਦੀ ਊਰਜਾ ਅਤੇ ਮੈਰਾਥਨ ਦੇ ਉਤਸ਼ਾਹ ਨੂੰ "ਅਦਭੁਤ" ਅਤੇ ਬਹੁਤ ਹੀ ਪ੍ਰੇਰਣਾਦਾਇਕ ਦੱਸਿਆ।
ਪਰਿਵਾਰ ਸਮੇਤ ਪਹੁੰਚੇ ਆਮਿਰ ਖਾਨ
ਇਸ ਖਾਸ ਮੌਕੇ 'ਤੇ ਆਮਿਰ ਖਾਨ ਇਕੱਲੇ ਨਹੀਂ ਸਨ, ਸਗੋਂ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਸਾਬਕਾ ਪਤਨੀ ਕਿਰਨ ਰਾਓ ਅਤੇ ਬੇਟੀ ਇਰਾ ਖਾਨ ਵੀ ਸ਼ਹਿਰ ਦੀ ਜੀਵੰਤ ਊਰਜਾ ਦਾ ਅਨੁਭਵ ਕਰਨ ਲਈ ਮੌਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਆਮਿਰ ਨੇ ਕਿਹਾ, "ਅਸੀਂ ਪਹਿਲੀ ਵਾਰ ਇਸ ਵਿਚ ਹਿੱਸਾ ਲੈ ਰਹੇ ਹਾਂ। ਇੱਥੇ ਜੋ ਉਤਸ਼ਾਹ ਦੇਖਣ ਨੂੰ ਮਿਲਿਆ, ਉਸ ਨੇ ਮੈਨੂੰ ਮਹਿਸੂਸ ਕਰਵਾਇਆ ਕਿ ਸਾਨੂੰ ਹਰ ਸਾਲ ਇੱਥੇ ਆਉਣਾ ਚਾਹੀਦਾ ਹੈ"।
69,000 ਤੋਂ ਵੱਧ ਲੋਕਾਂ ਨੇ ਦਿਖਾਇਆ ਦਮ
ਟਾਟਾ ਮੁੰਬਈ ਮੈਰਾਥਨ ਦਾ ਇਹ 21ਵਾਂ ਐਡੀਸ਼ਨ ਸੀ, ਜਿਸ ਨੂੰ ਇਸ ਸਾਲ 'ਵਰਲਡ ਐਥਲੈਟਿਕਸ ਗੋਲਡ ਲੇਬਲ ਰੇਸ' ਵਜੋਂ ਮਾਨਤਾ ਦਿੱਤੀ ਗਈ ਹੈ। ਇਸ ਮੈਰਾਥਨ ਵਿੱਚ ਕੁੱਲ 69,000 ਤੋਂ ਵੱਧ ਵਿਅਕਤੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚੋਂ 65,000 ਤੋਂ ਵੱਧ ਦੌੜਾਕ ਜ਼ਮੀਨੀ ਪੱਧਰ 'ਤੇ ਅਤੇ 3,700 ਵਰਚੁਅਲ ਤੌਰ 'ਤੇ ਸ਼ਾਮਲ ਹੋਏ। ਇਸ ਵਾਰ ਮੁਕਾਬਲੇ ਲਈ ਕੁੱਲ ਇਨਾਮੀ ਰਾਸ਼ੀ 3,89,524 ਅਮਰੀਕੀ ਡਾਲਰ ਰੱਖੀ ਗਈ ਸੀ।
ਏਕਤਾ ਅਤੇ ਫਿਟਨੈਸ ਦਾ ਪ੍ਰਤੀਕ
ਪਿਛਲੇ ਦੋ ਦਹਾਕਿਆਂ ਤੋਂ ਇਹ ਮੈਰਾਥਨ ਭਾਰਤ ਵਿਚ ਫਿਟਨੈਸ ਅਤੇ ਏਕਤਾ ਦਾ ਪ੍ਰਤੀਕ ਬਣ ਚੁੱਕੀ ਹੈ। ਇਹ ਸਮਾਗਮ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਇੱਕਜੁੱਟ ਕਰਦਾ ਹੈ ਅਤੇ ਸਮਾਜ ਵਿਚ ਉਮੀਦ, ਟੀਮ ਵਰਕ ਅਤੇ ਦ੍ਰਿੜਤਾ ਵਰਗੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਦਾ ਹੈ।
ਵਰਕ ਫਰੰਟ ਦੀ ਗੱਲ
ਜੇਕਰ ਆਮਿਰ ਖਾਨ ਦੇ ਫਿਲਮੀ ਸਫਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਹਾਲ ਹੀ ਵਿਚ ਫਿਲਮ 'ਸਿਤਾਰੇ ਜ਼ਮੀਨ ਪਰ' ਵਿਚ ਦੇਖਿਆ ਗਿਆ ਸੀ। ਇਸ ਫਿਲਮ ਵਿਚ ਉਨ੍ਹਾਂ ਨੇ ਇਕ ਬਾਸਕਟਬਾਲ ਕੋਚ ਦੀ ਭੂਮਿਕਾ ਨਿਭਾਈ ਹੈ ਜੋ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਿਖਲਾਈ ਦਿੰਦਾ ਹੈ। ਇਹ ਫਿਲਮ 20 ਜੂਨ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਈ ਸੀ।
