ਸੋਨੂੰ ਸੂਦ ਨੇ ਕੱਸਿਆ ਕੰਗਨਾ ਰਣੌਤ ’ਤੇ ਤੰਜ, ਕਿਹਾ- ‘ਕੁਝ ਆਪਣਿਆਂ ਨੇ ਹੀ ਇੰਡਸਟਰੀ ’ਤੇ ਚੁੱਕੇ ਸਵਾਲ’

Thursday, Dec 31, 2020 - 05:43 PM (IST)

ਸੋਨੂੰ ਸੂਦ ਨੇ ਕੱਸਿਆ ਕੰਗਨਾ ਰਣੌਤ ’ਤੇ ਤੰਜ, ਕਿਹਾ- ‘ਕੁਝ ਆਪਣਿਆਂ ਨੇ ਹੀ ਇੰਡਸਟਰੀ ’ਤੇ ਚੁੱਕੇ ਸਵਾਲ’

ਮੁੰਬਈ (ਬਿਊਰੋ)– ਕੋਰੋਨਾ ਕਾਲ ’ਚ ਗਰੀਬ ਮਜ਼ਦੂਰਾਂ ਦੀ ਮਦਦ ਦੇ ਚਲਦਿਆਂ ਚਰਚਾ ’ਚ ਰਹਿਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਫ਼ਿਲਮ ਇੰਡਸਟਰੀ ਦੀ ਏਕਤਾ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ ਇੰਡਸਟਰੀ ’ਚ ਏਕਤਾ ਦੀ ਗੱਲ ਕੀਤੀ ਜਾਂਦੀ ਹੈ ਪਰ ਅਸਲ ’ਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਕੁਝ ਅਜਿਹੇ ਲੋਕ ਹੀ ਇੰਡਸਟਰੀ ’ਤੇ ਸਵਾਲ ਉਠਾ ਰਹੇ ਹਨ, ਜੋ ਇਸ ਦਾ ਹਿੱਸਾ ਹਨ।

ਸੋਨੂੰ ਸੂਦ ਨੇ ਕਿਸੇ ਦਾ ਨਾਂ ਤਾਂ ਨਹੀਂ ਲਿਆ ਪਰ ਉਨ੍ਹਾਂ ਦੇ ਇਸ ਬਿਆਨ ਨੂੰ ਕੰਗਨਾ ਰਣੌਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਕ ਇੰਟਰਵਿਊ ’ਚ ਸੋਨੂੰ ਸੂਦ ਨੇ ਕਿਹਾ ਕਿ ਬਾਲੀਵੁੱਡ ’ਚ ਹੁਣ ਵੀ ਕਈ ਬੈਰੀਅਰ ਹਨ, ਜਦਕਿ ਇਸ ਨੂੰ ਜੋੜ ਕੇ ਰੱਖਣ ਵਾਲੀ ਚੇਨ ਕਿਤੇ ਗਾਇਬ ਦਿਖਦੀ ਹੈ।

ਕੁਝ ਲੋਕਾਂ ਨੇ ਇੰਡਸਟਰੀ ਦੇ ਖ਼ਿਲਾਫ਼ ਬੋਲਣ ਦਾ ਕੰਮ ਕੀਤਾ
ਸਾਲ 2020 ’ਚ ਇੰਡਸਟਰੀ ਦੇ ਲਗਾਤਾਰ ਮੀਡੀਆ ਟਰਾਇਲ ’ਚ ਰਹਿਣ ਦੇ ਸਵਾਲ ’ਤੇ ਸੋਨੂੰ ਸੂਦ ਨੇ ‘ਬਾਲੀਵੁੱਡ ਹੰਗਾਮਾ’ ਨਾਲ ਗੱਲਬਾਤ ’ਚ ਕਿਹਾ, ‘ਯਕੀਨੀ ਤੌਰ ’ਤੇ ਇਸ ਨਾਲ ਮੈਂ ਪ੍ਰੇਸ਼ਾਨ ਹੋਇਆ ਪਰ ਅਸਲ ’ਚ ਮੈਂ ਜਿਸ ਗੱਲ ਤੋਂ ਨਿਰਾਸ਼ ਹਾਂ, ਉਹ ਇਹ ਹੈ ਕਿ ਸਾਡੇ ਹੀ ਕੁਝ ਲੋਕਾਂ ਨੇ ਇੰਡਸਟਰੀ ਦੇ ਖ਼ਿਲਾਫ਼ ਬੋਲਣ ਦਾ ਕੰਮ ਕੀਤਾ ਹੈ। ਇਹੀ ਉਹ ਇੰਡਸਟਰੀ ਹੈ, ਜਿਸ ਲਈ ਅਸੀਂ ਆਪਣੇ ਘਰਾਂ ਤੇ ਪਰਿਵਾਰਾਂ ਨੂੰ ਛੱਡ ਕੇ ਆਏ ਹਾਂ। ਇਸ ਇੰਡਸਟਰੀ ਨੇ ਹੀ ਸਾਡੇ ਸੁਪਨਿਆਂ ਨੂੰ ਪੂਰਾ ਕਰਨ ਦਾ ਕੰਮ ਕੀਤਾ ਹੈ। ਹੁਣ ਲੋਕ ਇਸ ’ਤੇ ਸਵਾਲ ਉਠਾ ਰਹੇ ਹਨ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਨਾਲ ਇੰਡਸਟਰੀ ਨੂੰ ਕਿੰਨਾ ਨੁਕਸਾਨ ਹੋਵੇਗਾ।’

ਸਾਨੂੰ ਸਾਰਿਆਂ ਨੂੰ ਜੋੜ ਕੇ ਰੱਖਣ ਵਾਲੀ ਚੇਨ ਗਾਇਬ
ਸੋਨੂੰ ਸੂਦ ਨੇ ਕਿਹਾ ਕਿ ਇੰਡਸਟਰੀ ਨੂੰ ਇਨ੍ਹਾਂ ਤਜਰਬਿਆਂ ਤੋਂ ਸਿੱਖਣਾ ਚਾਹੀਦਾ ਹੈ। ਸੋਨੂੰ ਸੂਦ ਨੇ ਬਾਲੀਵੁੱਡ ’ਚ ਏਕਤਾ ਦੀ ਲੋੜ ਦੱਸਦਿਆਂ ਕਿਹਾ, ‘ਸਾਨੂੰ ਸਾਰਿਆਂ ਨੂੰ ਇਕ ਵੱਡੇ ਪਰਿਵਾਰ ਦੇ ਤੌਰ ’ਤੇ ਸੋਚਣਾ ਹੋਵੇਗਾ ਪਰ ਸਾਨੂੰ ਸਾਰਿਆਂ ਨੂੰ ਜੋੜ ਕੇ ਰੱਖਣ ਵਾਲੀ ਚੇਨ ਗਇਬ ਨਜ਼ਰ ਆਉਂਦੀ ਹੈ। ਲੋਕ ਦੂਜਿਆਂ ਨਾਲ ਖੁਦ ਨੂੰ ਜੋੜ ਕੇ ਦੇਖ ਰਹੇ ਹਨ। ਕੋਈ ਵੀ ਤੁਹਾਨੂੰ ਸਲਾਹ ਦੇਣ ਜਾਂ ਫਿਰ ਤਾਰੀਫ ਕਰਨ ਨਹੀਂ ਆ ਰਿਹਾ ਹੈ। ਹਰ ਕੋਈ ਪ੍ਰੇਸ਼ਾਨ ਲੱਗ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਦਾ ਹੀ ਹਿੱਸਾ ਹਨ ਪਰ ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਬੈਰੀਅਰ ਬਣਾ ਲਏ ਹਨ।’

ਸੋਨੂੰ ਸੂਦ ਨੇ ਕਿਹਾ ਕਿ ਸਾਨੂੰ ਸਾਰੇ ਲੋਕਾਂ ਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਇੰਡਸਟਰੀ ’ਚ ਲੋਕ ਸਫਲਤਾ ਦੀ ਕਦਰ ਕਰਦੇ ਹਨ ਪਰ ਜਦੋਂ ਤੁਸੀਂ ਫੇਲ ਹੋ ਜਾਂਦੇ ਹੋ ਤਾਂ ਕੋਈ ਤੁਹਾਨੂੰ ਮਦਦ ਦੀ ਪੇਸ਼ਕਸ਼ ਨਹੀਂ ਕਰਦਾ।

ਨੋਟ– ਸੋਨੂੰ ਸੂਦ ਦੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News