ਮਸ਼ਹੂਰ ਗੀਤਕਾਰ ਜਾਨੀ ਦੀ 'ਕੋਰੋਨਾ' ਰਿਪੋਰਟ ਆਈ ਪਾਜ਼ੇਟਿਵ

08/17/2020 4:40:10 PM

ਮੋਹਾਲੀ (ਪਰਦੀਪ) — ਪੰਜਾਬ 'ਚ ਆਏ ਦਿਨ ਕੋਰੋਨਾ ਵਾਇਰਸ ਵੱਡੇ ਪੱਧਰ 'ਤੇ ਆਪਣੇ ਪੈਰ ਪਸਾਰ ਰਿਹਾ ਹੈ। ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬੀ ਸੰਗੀਤ ਜਗਤ ਤੋਂ ਸਾਹਮਣੇ ਆ ਰਹੀ ਹੈ ਕਿ ਪ੍ਰਸਿੱਧ ਗੀਤਕਾਰ ਜਾਨੀ ਕੋਰੋਨਾ ਦੀ ਚਪੇਟ 'ਚ ਆ ਗਏ ਹਨ। ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਜਾਨੀ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਫ਼ਿਲਹਾਲ ਜਾਨੀ ਨੂੰ ਘਰ 'ਚ ਹੀ ਆਈਸੋਲੇਟ ਕੀਤਾ ਗਿਆ ਹੈ।

ਦੱਸ ਦਈਏ ਕਿ ਜਾਨੀ ਤੋਂ ਪਹਿਲਾਂ ਪ੍ਰਸਿੱਧ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਤੇ ਹੌਬੀ ਧਾਲੀਵਾਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਫ਼ਿਲਹਾਲ ਦੋਵਾਂ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ।

ਦੱਸਣਯੋਗ ਹੈ ਕਿ ਜਾਨੀ ਉਨ੍ਹਾਂ ਗੀਤਕਾਰਾਂ 'ਚੋਂ ਇੱਕ ਹੈ, ਜਿਸ ਨੇ ਆਪਣੀ ਕਲਮ ਦੇ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਗਿੱਦੜਬਾਹਾ ਦਾ ਇੱਕ ਆਮ ਜਿਹਾ ਮੁੰਡਾ ਆਪਣੀ ਕਲਮ ਦੇ ਸਦਕਾ ਪਾਲੀਵੁੱਡ ਤੇ ਬਾਲੀਵੁੱਡ 'ਚ ਛਾਇਆ ਹੋਇਆ ਹੈ। 

ਜੇ ਗੱਲ ਕਰੀਏ ਜਾਨੀ ਦੇ ਮਿਊਜ਼ਿਕਲ ਸਫ਼ਰ ਦੀ ਤਾਂ ਉਨ੍ਹਾਂ ਨੇ ਸਾਲ 2012 'ਚ ਇੱਕ ਧਾਰਮਿਕ ਗੀਤ 'ਸੰਤ ਸਿਪਾਹੀ' ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੂੰ ਹਾਰਡੀ ਸੰਧੂ ਵੱਲੋਂ ਗਾਏ ਗੀਤ 'ਸੋਚ' ਤੋਂ ਪ੍ਰਸਿੱਧੀ ਮਿਲੀ ਸੀ। ਬੀ ਪਰਾਕ ਨੇ ਮਿਊਜ਼ਿਕ ਤੇ ਅਰਵਿੰਦਰ ਖਹਿਰਾ ਨੇ ਇਸ ਗੀਤ ਦੀ ਵੀਡੀਓ ਤਿਆਰ ਕੀਤੀ ਸੀ। ਜਾਨੀ ਨੇ  'ਜਾਨੀ ਤੇਰਾ ਨਾਂ', 'ਦਿਲ ਤੋਂ ਬਲੈਕ', 'ਮਨ ਭਰਿਆ', 'ਕਿਸਮਤ', 'ਜੋਕਰ', 'ਬੈਕਬੋਨ', 'ਹਾਰਨਬਲੋ', 'ਸੋਚ', 'ਪਛਤਾਓਗੇ' ਅਤੇ 'ਫਿਲਹਾਲ' ਵਰਗੇ ਕਈ ਸੁਪਰ ਹਿੱਟ ਗੀਤ ਲਿਖੇ ਹਨ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖ ਚੁੱਕੇ ਹਨ। ਇਸ ਸਾਲ ਆਈ ਸੁਪਰ ਹਿੱਟ ਫ਼ਿਲਮ 'ਸੁਫ਼ਨਾ' ਦੇ ਗੀਤ ਵੀ ਜਾਨੀ ਦੀ ਹੀ ਕਲਮ 'ਚੋਂ ਹੀ ਨਿਕਲੇ ਸਨ।
 


sunita

Content Editor

Related News