ਕਿਸਾਨਾਂ ਲਈ ਸੋਨਾਕਸ਼ੀ ਸਿਨ੍ਹਾ ਵਲੋਂ ਬੋਲੀ ਕਵਿਤਾ ਹੋਈ ਵਾਇਰਲ, ਪੁੱਛਿਆ– ‘ਕੀ ਆਪਣੇ ਹਿੱਸੇ ਦੀ ਰੋਟੀ ਖਾਣਾ ਜਾਇਜ਼ ਨਹੀਂ?’
Thursday, Feb 11, 2021 - 02:02 PM (IST)
ਮੁੰਬਈ (ਬਿਊਰੋ)– ਦੇਸ਼ ’ਚ ਖੇਤੀ ਕਾਨੂੰਨਾਂ ਨੂੰ ਲੈ ਕੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਇਸ ਅੰਦੋਲਨ ਦੇ ਸਮਰਥਨ ’ਚ ਬਾਲੀਵੁੱਡ ਦੇ ਕਈ ਸਿਤਾਰਿਆਂ ਸਮੇਤ ਵਿਦੇਸ਼ੀ ਹਸਤੀਆਂ ਆ ਚੁੱਕੀਆਂ ਹਨ। ਇਨ੍ਹਾਂ ’ਚ ਸਵਰਾ ਭਾਸਕਰ, ਅਨੁਭਵ ਸਿਨ੍ਹਾ, ਤਾਪਸੀ ਪਨੂੰ, ਅਲੀ ਫਜ਼ਲ, ਰਿਚਾ ਚੱਢਾ ਤੇ ਇਥੋਂ ਤਕ ਕਿ ਅਮਰੀਕੀ ਪੌਪ ਸਟਾਰ ਰਿਹਾਨਾ, ਮੀਆ ਖਲੀਫਾ ਤੇ ਸਮਾਜ ਸੇਵੀ ਗ੍ਰੇਟਾ ਥਨਬਰਗ ਵੀ ਇਸ ਦਾ ਸਮਰਥਨ ਕਰ ਰਹੀਆਂ ਹਨ। ਹਾਲਾਂਕਿ ਇਨ੍ਹਾਂ ਵਿਦੇਸ਼ੀ ਹਸਤੀਆਂ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਟਰੋਲ ਵੀ ਕੀਤਾ ਗਿਆ।
ਹੁਣ ਬਾਲੀਵੁੱਡ ਅਦਾਕਾਰਾ ਤੇ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਨੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਇਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ’ਚ ਉਹ ਕਿਸਾਨ ਅੰਦੋਲਨ ਦੇ ਸਮਰਥਨ ’ਚ ਇਕ ਕਵਿਤਾ ਪੜ੍ਹ ਰਹੀ ਹੈ ਤੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹ ਰਹੀ ਹੈ। ਸੋਨਾਕਸ਼ੀ ਸਿਨ੍ਹਾ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਸ ਦੇ ਪ੍ਰਸ਼ੰਸਕ ਤੇ ਕਿਸਾਨ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।
ਇਸ ਕਵਿਤਾ ਨੂੰ ਵਰਦ ਭਟਨਾਗਰ ਨੇ ਲਿਖਿਆ ਹੈ। ਇਸ ਦਾ ਟਾਈਟਲ ‘ਕਿਉਂ’ ਹੈ। ਇਹ ਕਵਿਤਾ ਕਾਫੀ ਭਾਵੁਕ ਕਰਦੀ ਹੈ। ਸੋਨਾਕਸ਼ੀ ਨੇ ਇਸ ਕਵਿਤਾ ਦੀ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, ‘ਨਜ਼ਰਾਂ ਮਿਲਾ ਕੇ ਖੁਦ ਨੂੰ ਪੁੱਛੋ– ਕਿਉਂ? ਇਹ ਕਵਿਤਾ ਉਨ੍ਹਾਂ ਹੱਥਾਂ ਨੂੰ ਸਮਰਪਿਤ ਹੈ, ਜਿਨ੍ਹਾਂ ਕਾਰਨ ਅਸੀਂ ਰੋਜ਼ ਭੋਜਨ ਕਰਦੇ ਹਾਂ। ਇਸ ਸੁੰਦਰ ਕਵਿਤਾ ਨੂੰ ਵਰਦ ਭਟਨਾਗਰ ਨੇ ਲਿਖਿਆ ਹੈ।’ ਇਸ ਦੇ ਨਾਲ ਹੀ ਉਸ ਨੇ ਹੈਸ਼ਟੈਗ ਕਿਸਾਨ ਅੰਦੋਲਨ ਲਿਖਿਆ ਹੈ।
ਸੋਨਾਕਸ਼ੀ ਸਿਨ੍ਹਾ ਦੀ ਇਸ ਵੀਡੀਓ ਪੋਸਟ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਿਰਫ ਕੁਝ ਹੀ ਘੰਟਿਆਂ ’ਚ ਇਸ ਨੂੰ 5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਨੋਟ– ਸੋਨਾਕਸ਼ੀ ਦੀ ਕਵਿਤਾ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।