ਸਲਮਾਨ ਖ਼ਾਨ ’ਤੇ ਕੁੱਟਮਾਰ ਦੇ ਦੋਸ਼ ਲਗਾਉਣ ’ਤੇ ਟਰੋਲ ਹੋਈ ਸੋਮੀ ਅਲੀ, ਅਦਾਕਾਰ ਨੂੰ ਦਿੱਤੀ ਚਿਤਾਵਨੀ

01/07/2023 4:56:13 PM

ਮੁੰਬਈ (ਬਿਊਰੋ)– ਸੋਮੀ ਅਲੀ 90 ਦੇ ਦਹਾਕੇ ਦੀ ਮੰਨੀ-ਪ੍ਰਮੰਨੀ ਅਦਾਕਾਰਾ ਰਹੀ ਹੈ। ਸੋਮੀ ਅਲੀ ਅਕਸਰ ਸਲਮਾਨ ਖ਼ਾਨ ’ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦੀ ਨਜ਼ਰ ਆਉਂਦੀ ਹੈ। ਹਾਲ ਹੀ ’ਚ ਉਸ ਨੇ ਬਾਲੀਵੁੱਡ ਸੁਪਰਸਟਾਰ ਨੂੰ ਲੈ ਕੇ ਬਹੁਤ ਸਾਰੀਆਂ ਪੋਸਟਾਂ ਸਾਂਝੀਆਂ ਕੀਤੀਆਂ। ਇਨ੍ਹਾਂ ਪੋਸਟਾਂ ਰਾਹੀਂ ਸੋਮੀ ਨੇ ਸਲਮਾਨ ’ਤੇ ਕਈ ਵੱਡੇ ਤੇ ਗੰਭੀਰ ਦੋਸ਼ ਲਗਾਏ।

ਸਲਮਾਨ ਖ਼ਿਲਾਫ਼ ਅਦਾਕਾਰਾ ਦੀਆਂ ਇਹ ਪੋਸਟਾਂ ਪੜ੍ਹਨ ਤੋਂ ਬਾਅਦ ਉਸ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਉਥੇ ਹੁਣ ਸੋਮੀ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਸਲਮਾਨ ਖ਼ਾਨ ਲਈ ਕਹਿ ਰਹੀ ਹੈ ਕਿ ਉਹ ਮੇਰੇ ਤੋਂ ਮੁਆਫ਼ੀ ਮੰਗੇ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਦੀ ਤੁਨਿਸ਼ਾ ਸ਼ਰਮਾ ਨਾਲ ਪੁਰਾਣੀ ਲਾਈਵ ਵੀਡੀਓ ਵਾਇਰਲ, ਕੀਤੀ ਸੀ ਰੱਜ ਕੇ ਤਾਰੀਫ਼ (ਵੀਡੀਓ)

ਸੋਮੀ ਅਲੀ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਟਰੋਲਰਜ਼ ਨੂੰ ਜਵਾਬ ਦਿੰਦਿਆਂ ਉਹ ਕਹਿੰਦੀ ਹੈ, ‘‘ਕੋਈ ਤੁਹਾਡੇ ਨਾਲ ਚੰਗਾ ਹੈ ਤਾਂ ਬੁਰਾ ਵੀ ਹੋ ਸਕਦਾ ਹੈ। ਜੇਕਰ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਇਹ ਸਭ ਪਬਲੀਸਿਟੀ ਲਈ ਕਰ ਰਹੀ ਹਾਂ ਤਾਂ ਦੱਸ ਦਿਆਂ ਕਿ 3 ਸਾਲ ਪਹਿਲਾਂ ਵੀ ਮੈਂ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ’ਤੇ ਬੋਲਿਆ ਸੀ। ਪਾਕਿਸਤਾਨ ’ਚ ਕੁੱਕ ਨੇ ਵੀ ਮੇਰੇ ਨਾਲ ਗਲਤ ਕੰਮ ਕੀਤਾ। ਉਹ ਸੁਪਰਸਟਾਰ ਨਹੀਂ ਸੀ। ਇਸ ਲਈ ਮੈਂ ਇਹ ਦੱਸ ਕੇ ਕੋਈ ਪਬਲੀਸਿਟੀ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਹਾਂ।’’

ਸੋਮੀ ਨੇ ਕਿਹਾ, ‘‘14 ਸਾਲ ਦੀ ਉਮਰ ’ਚ ਮੈਂ ਆਪਣੀ ਵਰਜਿਨੀਟੀ ਗੁਆਈ ਸੀ। ਇਸ ਤੋਂ ਬਾਹਰ ਆਉਣ ’ਚ ਮੈਨੂੰ ਕਾਫੀ ਸਮਾਂ ਲੱਗਾ। ਇਹੀ ਕਾਰਨ ਹੈ ਕਿ ਮੈਂ 3 ਸਾਲ ਪਹਿਲਾਂ ਇਸ ਬਾਰੇ ਗੱਲ ਕਰਨੀ ਸ਼ੁਰੂ ਕੀਤੀ। ਮੈਂ No More Tears, NGO ਚਲਾਉਂਦੀ ਹਾਂ ਤਾਂ ਕਿ ਮਨੁੱਖੀ ਤਸਕਰੀ ਤੇ ਘਰੇਲੂ ਹਿੰਸਾ ਦੇ ਸ਼ਿਕਾਰ ਹੋਏ ਬੱਚਿਆਂ-ਮਹਿਲਾਵਾਂ ਨੂੰ ਬਚਾ ਸਕਾਂ। ਮੈਂ ਵੀ ਇਨ੍ਹਾਂ ’ਚੋਂ ਇਕ ਹਾਂ, ਜਿਸ ਨੇ ਵੀ ਇਹ ਦਰਦ ਝੱਲਿਆ, ਉਹ ਸਮਝ ਸਕਦਾ ਹੈ ਕਿ ਇਸ ਤੋਂ ਉੱਭਰਨ ’ਚ ਕਿੰਨਾ ਸਮਾਂ ਲੱਗਦਾ ਹੈ।’’

ਸਲਮਾਨ ਖ਼ਾਨ ’ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦਿਆਂ ਸੋਮੀ ਅਲੀ ਕਹਿੰਦੀ ਹੈ, ‘‘ਮੈਂ 20 ਸਾਲ ਬਾਅਦ ਇਸ ਬਾਰੇ ਗੱਲ ਕੀਤੀ ਕਿਉਂਕਿ ਮਿਸਟਰ ਸਲਮਾਨ ਖ਼ਾਨ ਨੇ ਮੈਨੂੰ ਅਜਿਹਾ ਕਰਨ ਲਈ ਉਕਸਾਇਆ। ਸਲਮਾਨ ਨੇ ਡਿਸਕਵਰੀ ਸੀਰੀਜ਼ ‘ਫਾਈਟ ਤੇ ਫਲਾਈਟ’ ਨੂੰ ਭਾਰਤ ’ਚ ਬੈਨ ਕਰਵਾਉਣ ’ਚ ਪੂਰੀ ਤਾਕਤ ਲਗਾ ਦਿੱਤੀ। ‘ਫਾਈਟ ਤੇ ਫਲਾਈਟ’ ਰਾਹੀਂ ਅਸੀਂ ਕਈ ਬੱਚਿਆਂ, ਮਹਿਲਾਵਾਂ ਤੇ ਮਰਦਾਂ ਦੀ ਜਾਨ ਬਚਾ ਸਕਦੇ ਸੀ ਪਰ ਸਲਮਾਨ ਨੇ ਅਜਿਹਾ ਨਹੀਂ ਹੋਣ ਦਿੱਤਾ। ਇਹ ਦੇਖ ਕੇ ਮੇਰੇ ਅੰਦਰ ਬੋਲਣ ਦੀ ਹਿੰਮਤ ਆਈ। ਨਹੀਂ ਤਾਂ ਮੈਂ ਕਦੇ ਉਨ੍ਹਾਂ ਖ਼ਿਲਾਫ਼ ਨਹੀਂ ਬੋਲਦੀ।’’

ਸੋਮੀ ਨੇ ਅਖੀਰ ’ਚ ਕਿਹਾ, ‘‘ਮੇਰੇ ਵਲੋਂ ਸਾਡਾ ਰਿਲੇਸ਼ਨ ਖ਼ਤਮ ਹੋ ਚੁੱਕਾ ਸੀ ਪਰ ਉਨ੍ਹਾਂ ਨੇ ਮੈਨੂੰ 20 ਸਾਲ ਬਾਅਦ ਇਹ ਸਭ ਕਹਿਣ ’ਤੇ ਮਜਬੂਰ ਕੀਤਾ। ਮੈਂ ਚਾਹੁੰਦੀ ਹਾਂ ਕਿ ਸਰੀਰਕ ਤੇ ਮਾਨਸਿਕ ਹਿੰਸਾ ਲਈ ਸਲਮਾਨ ਮੇਰੇ ਤੋਂ ਮੁਆਫ਼ੀ ਮੰਗੇ। ਇਸ ਤੋਂ ਇਲਾਵਾ ਡਿਸਕਵਰੀ ਸੀਰੀਜ਼ ‘ਫਾਈਟ ਤੇ ਫਲਾਈਟ’ ਨੂੰ ਭਾਰਤ ’ਚ ਦਿਖਾਇਆ ਜਾਵੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News