ਪਰਚੇ ਦਰਜ ਕਰ ਬਲੈਕਮੇਲ ਕਰਨ ਵਾਲਿਆਂ ਨੂੰ ਸਿੱਧਾ ਹੋਇਆ ਸਿੰਗਾ, ਗਾਇਕ ਤੋਂ ਮੰਗੀ 10 ਲੱਖ ਦੀ ਫਿਰੌਤੀ

Wednesday, Dec 20, 2023 - 06:53 PM (IST)

ਪਰਚੇ ਦਰਜ ਕਰ ਬਲੈਕਮੇਲ ਕਰਨ ਵਾਲਿਆਂ ਨੂੰ ਸਿੱਧਾ ਹੋਇਆ ਸਿੰਗਾ, ਗਾਇਕ ਤੋਂ ਮੰਗੀ 10 ਲੱਖ ਦੀ ਫਿਰੌਤੀ

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਸਿੰਗਾ ਨੇ ਅੱਜ ਇਕ ਇੰਸਟਾਗ੍ਰਾਮ ਲਾਈਵ ਸਾਂਝਾ ਕੀਤਾ ਹੈ, ਜਿਸ ’ਚ ਉਸ ਨੇ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ। ਸਿੰਗਾ ਨੇ ਕਿਹਾ ਕਿ ਕੁਝ ਲੋਕਾਂ ਵਲੋਂ ਝੂਠੇ ਪਰਚੇ ਦਰਜ ਕਰਕੇ ਉਸ ਕੋਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਸਿੰਗੇ ਨੇ ਕਿਹਾ ਕਿ ਇਹ ਚੀਜ਼ ਅਗਸਤ ਮਹੀਨੇ ਤੋਂ ਚੱਲ ਰਹੀ ਹੈ, ਜਿਸ ਦਾ ਉਸ ਕੋਲ ਹਰ ਸਬੂਤ ਪਿਆ ਹੈ।

ਮੈਨੂੰ ਬਣਦੀ ਸਜ਼ਾ ਦਿੱਤੀ ਜਾਵੇ
ਲਾਈਵ ਦੌਰਾਨ ਸਿੰਗੇ ਨੇ ਕਿਹਾ, ‘‘10 ਅਗਸਤ ਨੂੰ ਮੇਰੇ ਵਕੀਲ ਦਾ ਫੋਨ ਆਉਂਦਾ ਹੈ ਕਿ ਮੇਰੇ ’ਤੇ ਕਪੂਰਥਲਾ ਵਿਖੇ ਧਾਰਾ 294 ਹੇਠ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਫਿਰ 3-4 ਦਿਨਾਂ ਬਾਅਦ ਉਸੇ ਗੀਤ ਨੂੰ ਲੈ ਕੇ ਅਜਨਾਲੇ ਵਿਖੇ ਧਾਰਾ 294 ਏ ਤਹਿਤ ਐੱਫ. ਆਈ. ਆਰ. ਦਰਜ ਹੁੰਦੀ ਹੈ। ਮੈਂ ਹਰ ਧਰਮ ਤਾਂ ਸਤਿਕਾਰ ਕਰਦਾ ਹਾਂ ਤੇ ਜੇ ਮੈਂ ਕੋਈ ਗਲਤੀ ਕੀਤੀ ਹੈ ਤਾਂ ਉਸ ਦੀ ਬਣਦੀ ਸਜ਼ਾ ਮੈਨੂੰ ਦਿੱਤੀ ਜਾਵੇ ਪਰ ਜੇ ਇਹੀ ਪਰਚੇ ਬਲੈਕਮੇਲਿੰਗ ਲਈ ਦਰਜ ਕੀਤੇ ਜਾਣ ਤਾਂ ਸੋਚੋ ਆਮ ਦੁਨੀਆ ਦਾ ਕੀ ਬਣੇਗਾ।’’

ਇਹ ਖ਼ਬਰ ਵੀ ਪੜ੍ਹੋ : Year Ender : ਇਸ ਸਾਲ ਇਨ੍ਹਾਂ ਪੰਜਾਬੀ ਫ਼ਿਲਮਾਂ ਨੇ ਹਿਲਾਇਆ ਬਾਕਸ ਆਫਿਸ, 10 ਫ਼ਿਲਮਾਂ ਦੀ ਕਮਾਈ 350 ਕਰੋੜ ਪਾਰ

10 ਲੱਖ ਰੁਪਏ ਫਿਰੌਤੀ ਮੰਗੀ
ਸਿੰਗੇ ਨੇ ਅੱਗੇ ਕਿਹਾ, ‘‘ਮੇਰੇ ’ਤੇ ਝੂਠੇ ਪਰਚੇ ਦਰਜ ਕਰਕੇ ਮੇਰੇ ਕੋਲੋਂ 10 ਲੱਖ ਰੁਪਏ ਮੰਗੇ ਗਏ ਹਨ। ਮੇਰੇ ਕੋਲ ਹਰ ਚੀਜ਼ ਦਾ ਸਬੂਤ ਪਿਆ ਹੈ। ਇਨ੍ਹਾਂ ਪਰਚਿਆਂ ਕਾਰਨ ਮੇਰਾ ਪਿਓ ਜਿੰਨਾ ਪ੍ਰੇਸ਼ਾਨ ਹੋਇਆ ਹੈ, ਇਹ ਸਿਰਫ਼ ਮੈਨੂੰ ਪਤਾ ਹੈ। 4-5 ਮਹੀਨੇ ਹੋ ਗਏ ਇੰਕੁਆਇਰੀ ਵੀ ਨਹੀਂ ਲੱਗ ਰਹੀ, ਜੇਕਰ ਇੰਕੁਆਇਰੀ ਲੱਗ ਜਾਂਦੀ ਤਾਂ ਸ਼ਾਇਦ ਮੈਂ ਇਹ ਗੱਲ ਸਾਂਝੀ ਵੀ ਨਾ ਕਰਦਾ। ਮੇਰਾ ਪਿਓ ਵੱਖ-ਵੱਖ ਥਾਣਿਆਂ ਦੇ ਚੱਕਰ ਕੱਟ ਰਿਹਾ ਹੈ, ਉਪਰੋਂ ਸਾਡੀ ਗਲਤੀ ਨਹੀਂ ਕੋਈ ਨਹੀਂ ਹੈ।’’

21 ਬੰਦਿਆਂ ਦੇ ਨਾਂ ਮੈਂ ਮੇਲ ’ਚ ਲਿਖੇ
ਧਮਕੀਆਂ ਬਾਰੇ ਸਿੰਗੇ ਨੇ ਕਿਹਾ, ‘‘ਮੈਨੂੰ ਧਮਕੀ ਦਿੱਤੀ ਗਈ ਕਿ ਤੈਨੂੰ ਸਟੇਜ ਤੋਂ ਚਕਾ ਦਿਆਂਗੇ, ਸਾਡੇ 40-50 ਬੰਦੇ ਚੰਡੀਗੜ੍ਹ ਘੁੰਮਦੇ ਹਨ। ਮੈਂ 21 ਬੰਦਿਆਂ ਦੇ ਨਾਂ ਮੇਲ ’ਚ ਲਿਖ ਕੇ ਆਇਆ। ਮੈਨੂੰ ਜਾਂ ਮੇਰੇ ਪਿਓ ਨੂੰ ਕੁਝ ਹੋ ਗਿਆ ਤਾਂ ਉਹ ਸਾਰੇ ਬੰਦੇ ਮੈਂ ਚਕਾਉਂਗਾ। ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕੰਮ ਕਰਦਾ ਪਰ ਮੇਰੇ ਪਰਿਵਾਰ ’ਤੇ ਕੋਈ ਗੱਲ ਆਈ ਤਾਂ ਮੈਂ ਨਹੀਂ ਸੁਣਾਂਗਾ।’’

ਪੰਜਾਬੀ ਗਾਇਕ ਬਲੈਕਮੇਲ ਹੋਏ ਹਨ
ਬਲੈਕਮੇਲਿੰਗ ਬਾਰੇ ਬੋਲਦਿਆਂ ਸਿੰਗੇ ਨੇ ਕਿਹਾ, ‘‘ਮੈਨੂੰ ਪਤਾ ਪੰਜਾਬੀ ਗਾਇਕ ਬਲੈਕਮੇਲ ਹੋਏ ਹਨ ਤੇ ਉਨ੍ਹਾਂ ਨੇ ਪੈਸੇ ਵੀ ਦਿੱਤੇ ਹਨ। ਇਨ੍ਹਾਂ ਨੂੰ ਲੱਗਾ ਕਿ ਸਿੰਗਾ ਵੀ ਬਲੈਕਮੇਲ ਹੋ ਜਾਵੇਗਾ। ਮੈਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਨੂੰ ਬੇਨਤੀ ਕਰਦਾ ਹਾਂ ਕਿ ਇਕ ਵਾਰ ਸੋਚ ਕੇ ਦੇਖੋ ਜੇਕਰ ਤੁਹਾਡੇ ਜਵਾਕ ਨੇ ਨਾਂ ਬਣਾਇਆ ਹੋਵੇ ਤੇ ਲੋਕ ਇਸ ਤਰ੍ਹਾਂ ਉਸ ਨੂੰ ਤੰਗ ਕਰਨ, ਜੂਠੇ ਪਰਚੇ ਦੇ ਕੇ ਬਲੈਕਮੇਲ ਕਰਨ ਤਾਂ ਤੁਹਾਡੇ ’ਤੇ ਕੀ ਬੀਤੇਗੀ? ਮੈਨੂੰ ਬਦਨਾਮ ਕੀਤਾ ਗਿਆ ਤੇ ਹਰ ਚੈਨਲ ’ਤੇ ਖ਼ਬਰ ਚੱਲੀ ਕਿ ਮੇਰੇ ’ਤੇ ਧਾਰਾ 295 ਲੱਗੀ ਹੈ।’’

ਮੇਰੇ ਕੋਲ ਸਬੂਤ ਹਨ
ਅਖੀਰ ’ਚ ਸਿੰਗੇ ਨੇ ਕਿਹਾ, ‘‘ਇਸ ਕਾਰਨ ਮੇਰਾ ਕੰਮ ਰੁਕਿਆ, ਮੇਰੇ ਸ਼ੋਅਜ਼ ਰੁਕੇ, ਮੇਰੀਆਂ ਫ਼ਿਲਮਾਂ ਰੁਕੀਆਂ। ਭਗਵੰਤ ਮਾਨ ਜੀ ਮੈਂ ਬੇਨਤੀ ਕਰਦਾ ਹਾਂ ਕਿ ਇਸ ’ਤੇ ਕਾਰਵਾਈ ਕੀਤੀ ਜਾਵੇ। ਮੇਰੇ ਕੋਲ ਜੋ ਸਬੂਤ ਹਨ, ਮੈਂ ਦੇਣ ਲਈ ਤਿਆਰ ਹਾਂ। ਮੇਰੇ ਪਰਿਵਾਰ ਤੋਂ ਹੋਰ ਨਹੀਂ ਸਹਿ ਹੁੰਦਾ, ਮੈਂ ਬਾਪੂ ਦੀ ਟੈਂਸ਼ਨ ਨਹੀਂ ਦੇਖ ਸਕਦਾ। ਜੇ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਦਿੱਤੀ ਜਾਵੇ ਤੇ ਜੇ ਮੈਂ ਸਹੀ ਹਾਂ ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਸਿੰਗੇ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News