ਗਾਇਕ ਲੱਕੀ ਅਲੀ ਨੇ ‘ਬ੍ਰਾਹਮਣ’ ਸ਼ਬਦ ਦੇ ਵਿਵਾਦ ਤੋਂ ਬਾਅਦ ਮੰਗੀ ਮੁਆਫ਼ੀ, ਜਾਣੋ ਕੀ ਕਿਹਾ
Wednesday, Apr 12, 2023 - 12:54 PM (IST)
ਮੁੰਬਈ (ਬਿਊਰੋ)– ਗਾਇਕ ਲੱਕੀ ਅਲੀ ਨੇ ਆਪਣੀ ਵਿਵਾਦਿਤ ਫੇਸਬੁੱਕ ਪੋਸਟ ਲਈ ਮੁਆਫ਼ੀ ਮੰਗੀ ਹੈ। ਇਹ ਵਿਵਾਦ ਉਸ ਦੀ ਫੇਸਬੁੱਕ ਪੋਸਟ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ‘ਬ੍ਰਾਹਮਣ’ ਸ਼ਬਦ ‘ਇਬਰਾਹਿਮ’ ਤੋਂ ਲਿਆ ਗਿਆ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੱਕੀ ਅਲੀ ਦੀ ਕਾਫੀ ਆਲੋਚਨਾ ਹੋਈ। ਵਿਵਾਦ ਵਧਦਿਆਂ ਹੀ ਲੱਕੀ ਅਲੀ ਨੇ ਮੁਆਫ਼ੀ ਮੰਗਦਿਆਂ ਆਪਣੀ ਫੇਸਬੁੱਕ ਪੋਸਟ ਨੂੰ ਹਟਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਚੜ੍ਹਿਆ ਪੁਲਸ ਦੇ ਅੜਿੱਕੇ
ਦੱਸ ਦੇਈਏ ਕਿ ਲੱਕੀ ਅਲੀ ਲੰਬੇ ਸਮੇਂ ਤੋਂ ਇੰਡਸਟਰੀ ਦਾ ਹਿੱਸਾ ਹਨ ਤੇ ਅਕਸਰ ਕਈ ਮੁੱਦਿਆਂ ’ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਿਰ ਕਰਦੇ ਹਨ ਪਰ ਇਸ ਵਾਰ ਉਸ ਦੀ ਪੋਸਟ ਨੇ ਸਨਸਨੀ ਮਚਾ ਦਿੱਤੀ ਹੈ।
ਲੱਕੀ ਅਲੀ ਨੇ ਇਸ ਤੋਂ ਬਾਅਦ ਇਕ ਵਾਰ ਫਿਰ ਇਕ ਨਵਾਂ ਟਵੀਟ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਮਕਸਦ ਸਮਾਜ ਨੂੰ ਤੋੜਨਾ ਨਹੀਂ, ਸਗੋਂ ਇਕਜੁੱਟ ਕਰਨਾ ਹੈ।
ਲੱਕੀ ਅਲੀ ਨੇ ਟਵੀਟ ਕੀਤਾ, ‘‘ਮੈਂ ਆਪਣੀ ਪਿਛਲੀ ਪੋਸਟ ਤੋਂ ਪੈਦਾ ਹੋਏ ਵਿਵਾਦ ਤੋਂ ਜਾਣੂ ਹਾਂ। ਹਾਲਾਂਕਿ, ਮੇਰਾ ਇਰਾਦਾ ਕਿਸੇ ’ਚ ਤਕਲੀਫ਼ ਜਾਂ ਗੁੱਸਾ ਪੈਦਾ ਕਰਨਾ ਨਹੀਂ ਸੀ। ਮੈਨੂੰ ਇਸ ਲਈ ਬਹੁਤ ਅਫ਼ਸੋਸ ਹੈ। ਮੇਰਾ ਇਰਾਦਾ ਸਾਨੂੰ ਸਾਰਿਆਂ ਨੂੰ ਇਕੱਠੇ ਕਰਨ ਦਾ ਸੀ ਪਰ ਇਹ ਠੀਕ ਨਹੀਂ ਹੋਇਆ। ਮੇਰੀ ਗੱਲ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਮੈਂ ਹੁਣ ਜੋ ਪੋਸਟ ਕਰਦਾ ਹਾਂ, ਉਸ ਬਾਰੇ ਮੈਂ ਵਧੇਰੇ ਜਾਣੂ ਹੋਵਾਂਗਾ। ਮੇਰੇ ਸ਼ਬਦਾਂ ਨੇ ਮੇਰੇ ਬਹੁਤ ਸਾਰੇ ਹਿੰਦੂ ਭਰਾਵਾਂ ਤੇ ਭੈਣਾਂ ਨੂੰ ਪ੍ਰੇਸ਼ਾਨ ਕੀਤਾ ਹੈ। ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ। ਮੈਂ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ।’’
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਲੱਕੀ ਨੇ ਫੇਸਬੁੱਕ ’ਤੇ ਆਪਣੀ ਹੁਣ ਡਿਲੀਟ ਕੀਤੀ ਪੋਸਟ ’ਚ ਕਿਹਾ ਸੀ ਕਿ ‘ਬ੍ਰਾਹਮਣ’ ਨਾਂ ਬ੍ਰਹਮਾ ਤੋਂ ਆਇਆ ਹੈ, ਜੋ ਕਿ ਅਬਰਾਮ ਤੋਂ ਬਣਿਆ ਹੈ। ਇਹ ਅਬਰਾਹਿਮ ਜਾਂ ਇਬਰਾਹਿਮ ਤੋਂ ਆਇਆ ਹੈ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।