ਕੋਰੋਨਾ ਦੇ ਨਾਲ ਇਸ ਬੀਮਾਰੀ ਦੀ ਚਪੇਟ ’ਚ ਆਏ ਲਤਾ ਮੰਗੇਸ਼ਕਰ, 10-12 ਦਿਨਾਂ ਤਕ ICU ’ਚ ਰਹਿਣਗੇ

Wednesday, Jan 12, 2022 - 11:42 AM (IST)

ਕੋਰੋਨਾ ਦੇ ਨਾਲ ਇਸ ਬੀਮਾਰੀ ਦੀ ਚਪੇਟ ’ਚ ਆਏ ਲਤਾ ਮੰਗੇਸ਼ਕਰ, 10-12 ਦਿਨਾਂ ਤਕ ICU ’ਚ ਰਹਿਣਗੇ

ਮੁੰਬਈ (ਬਿਊਰੋ) - ਹਾਲ ਹੀ 'ਚ ਲਤਾ ਮੰਗੇਸ਼ਕਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹੁਣ ਉਨ੍ਹਾਂ ਦੀ ਭਤੀਜੀ ਰਚਨਾ ਸ਼ਾਹ ਨੇ 92 ਸਾਲਾ ਲਤਾ ਮੰਗੇਸ਼ਕਰ ਦੇ ਪ੍ਰਸ਼ੰਸਕਾਂ ਲਈ ਸਿਹਤ ਅਪਡੇਟ ਜਾਰੀ ਕੀਤੀ ਹੈ। ਲਤਾ ਦੀ ਭਤੀਜੀ ਰਚਨਾ ਸ਼ਾਹ ਨੇ ਦੱਸਿਆ ਕਿ, ''ਲਤਾ ਦੀਦੀ ਦੀ ਹਾਲਤ ਹੁਣ ਸਥਿਰ ਹੈ, ਉਹ ਠੀਕ ਹੋ ਰਹੀ ਹੈ। ਫਿਲਹਾਲ ਆਕਸੀਜਨ ਸਪੋਰਟ 'ਤੇ ਹੈ। ਉਨ੍ਹਾਂ ਦੀ ਉਮਰ ਕਾਰਨ ਹੋਰ ਵੀ ਕਈ ਸਮੱਸਿਆਵਾਂ ਹਨ, ਜਿਨ੍ਹਾਂ ਦਾ ਡਾਕਟਰ ਇਲਾਜ ਕਰ ਰਹੇ ਹਨ। ਇਸ ਲਈ ਉਹ ਅਗਲੇ ਕੁਝ ਦਿਨਾਂ ਤੱਕ ਹਸਪਤਾਲ 'ਚ ਰਹਿ ਸਕਦੇ ਹਨ।''

ਰਚਨਾ ਸ਼ਾਹ ਨੇ ਅੱਗੇ ਆਖਿਆ ਕਿ ''ਲਤਾ ਦੀਦੀ ਬਿਲਕੁਲ ਸਥਿਰ ਹੈ। ਰੱਬ ਸੱਚਾ ਮਿਹਰਬਾਨ ਹੈ, ਉਹ ਫਾਈਟਰ ਹੈ। ਸਾਨੂੰ ਪੂਰੀ ਉਮੀਦ ਹੈ ਕਿ ਉਹ ਕੋਰੋਨਾ ਤੋਂ ਜਿੱਤ ਕੇ ਜਲਦ ਹੀ ਘਰ ਆਉਣਗੇ। ਮੈਂ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਉਨ੍ਹਾਂ ਲਈ ਅਰਦਾਸਾਂ ਕੀਤੀਆਂ। ਜਦੋਂ ਇੰਨੇ ਲੋਕ ਉਨ੍ਹਾਂ ਲਈ ਅਰਦਾਸਾਂ ਕਰ ਰਹੇ ਹਨ, ਤਾਂ ਉਨ੍ਹਾਂ ਨਾਲ ਕੁਝ ਵੀ ਗਲਤ ਨਹੀਂ ਹੋ ਸਕਦਾ।

PunjabKesari
ਬ੍ਰੀਚ ਕੈਂਡੀ ਹਸਪਤਾਲ ਦੇ ਡਾਕਟਰ ਪ੍ਰਤੀਕ ਸਮਦਾਨੀ ਨੇ ਵੀ ਬਿਆਨ ਜਾਰੀ ਕੀਤਾ ਹੈ, ਜਿਸ 'ਚ ਉਨ੍ਹਾਂ ਕਿਹਾ ਕਿ ਲਤਾ ਦੀਦੀ ਲਈ ਵਧੀਆ ਡਾਕਟਰਾਂ ਦੀ ਟੀਮ ਤਿਆਰ ਕੀਤੀ ਗਈ ਹੈ ਅਤੇ ਉਹ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਭਾਵੇਂ ਉਹ ਠੀਕ ਹੋ ਰਹੀ ਹੈ ਪਰ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਹ ਕੋਰੋਨਾ ਦੇ ਨਾਲ-ਨਾਲ ਨਿਮੋਨੀਆ ਤੋਂ ਵੀ ਪੀੜਤ ਹੈ। ਇਸ ਲਈ ਹੁਣ ਉਸ ਨੂੰ 10-12 ਦਿਨਾਂ ਲਈ ਆਈ. ਸੀ. ਯੂ. 'ਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਸਤੰਬਰ 2021 ਨੂੰ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੰਦੇ ਹੋਏ ਟਵੀਟ ਕੀਤਾ ਕਿ ਉਹ ਮੰਗੇਸ਼ਕਰ ਦੀ "ਲੰਬੀ ਅਤੇ ਸਿਹਤਮੰਦ ਜ਼ਿੰਦਗੀ" ਲਈ ਪ੍ਰਾਰਥਨਾ ਕਰਦੇ ਹਨ। ਸਤਿਕਾਰਯੋਗ ਲਤਾ ਦੀਦੀ ਨੂੰ ਜਨਮ ਦਿਨ ਮੁਬਾਰਕ। ਉਸ ਦੀ ਸੁਰੀਲੀ ਆਵਾਜ਼ ਪੂਰੀ ਦੁਨੀਆ 'ਚ ਗੂੰਜਦੀ ਹੈ। ਉਨ੍ਹਾਂ ਨੂੰ ਆਪਣੀ ਨਿਮਰਤਾ ਅਤੇ ਭਾਰਤੀ ਸੰਸਕ੍ਰਿਤੀ ਲਈ ਜਨੂੰਨ ਲਈ ਸਤਿਕਾਰਿਆ ਜਾਂਦਾ ਹੈ। ਵਿਅਕਤੀਗਤ ਤੌਰ 'ਤੇ ਉਸ ਦੀਆਂ ਅਸੀਸਾਂ ਮਹਾਨ ਸ਼ਕਤੀ ਦਾ ਸਰੋਤ ਹਨ। ਮੈਂ ਲਤਾ ਦੀਦੀ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਲਈ ਪ੍ਰਾਰਥਨਾ ਕਰਦਾ ਹਾਂ।"

ਭਾਰਤ ਰਤਨ ਨਾਲ ਸਨਮਾਨਿਤ
ਸੱਤ ਦਹਾਕਿਆਂ ਤੋਂ ਵੱਧ ਦੇ ਕਰੀਅਰ 'ਚ ਇੰਦੌਰ 'ਚ ਜਨਮੀ ਸਵਰ ਕੋਕਿਲਾ ਮੰਗੇਸ਼ਕਰ ਨੇ 1,000 ਤੋਂ ਵੱਧ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਵੱਖ-ਵੱਖ ਖੇਤਰੀ ਅਤੇ ਵਿਦੇਸ਼ੀ ਭਾਸ਼ਾਵਾਂ 'ਚ ਹਜ਼ਾਰਾਂ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਉਨ੍ਹਾਂ ਦੀ ਆਖਰੀ ਪੂਰੀ ਐਲਬਮ ਮਰਹੂਮ ਫ਼ਿਲਮ ਨਿਰਮਾਤਾ ਯਸ਼ ਚੋਪੜਾ ਦੁਆਰਾ ਨਿਰਦੇਸ਼ਤ 2004 ਦੀ ਫ਼ਿਲਮ "ਵੀਰ ਜ਼ਾਰਾ" ਲਈ ਸੀ। ਮੰਗੇਸ਼ਕਰ ਦਾ ਆਖਰੀ ਗੀਤ "ਸੌਗੰਧ ਮੁਝੇ ਇਸ ਮਿੱਟੀ ਦੀ..." ਸੀ, ਜੋ 30 ਮਾਰਚ 2021 ਨੂੰ ਭਾਰਤੀ ਫੌਜ ਨੂੰ ਸ਼ਰਧਾਂਜਲੀ ਵਜੋਂ ਰਿਲੀਜ਼ ਕੀਤਾ ਗਿਆ ਸੀ। ਉਨ੍ਹਾਂ ਨੂੰ 2001 'ਚ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਲਤਾ ਮੰਗੇਸ਼ਕਰ ਨੂੰ ਪਦਮ ਭੂਸ਼ਣ, ਪਦਮ ਵਿਭੂਸ਼ਣ, ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ ਕਈ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 
 


author

sunita

Content Editor

Related News