ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਅੰਡਰ ਗਰਾਊਂਡ ਹੋਇਆ ਸੀ ਸ਼ਗਨਪ੍ਰੀਤ, ਕੀ ਸਰਕਾਰ ਤੋਂ ਮਿਲੇਗੀ ਸਕਿਓਰਟੀ?
Saturday, Feb 11, 2023 - 09:53 AM (IST)
ਜਲੰਧਰ (ਬਿਊਰੋ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਮੈਨੇਜਰ ਦੱਸਿਆ ਜਾ ਰਿਹਾ ਸ਼ਗਨਪ੍ਰੀਤ ਆਸਟਰੇਲੀਆ ਤੋਂ ਕੁਝ ਸਮੇਂ ਲਈ ਪੰਜਾਬ ਆਉਣਾ ਚਾਹੁੰਦਾ ਹੈ। ਇਸ ਦੇ ਚਲਦਿਆਂ ਸ਼ਗਨਪ੍ਰੀਤ ਦੇ ਮਾਪਿਆਂ ਨੇ ਹਾਈਕੋਰਟ 'ਚ ਪਟੀਸ਼ਨ ਦਾਖ਼ਲ ਕਰਦਿਆਂ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਸਬੰਧੀ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ ਨੂੰ ਹੋਵੇਗੀ। ਹੁਣ ਇਹ ਵੇਖਣਾ ਹੋਵੇਗਾ ਕੀ 20 ਫਰਵਰੀ ਨੂੰ ਸ਼ਗਨਪ੍ਰੀਤ ਨੂੰ ਸਰਕਾਰ ਤੋਂ ਸਕਿਉਰਟੀ ਮਿਲੇਗੀ ਜਾਂ ਨਹੀਂ। ਖੈਰ ਇਹ ਤਾਂ 20 ਫਰਵਰੀ ਨੂੰ ਹੀ ਪਤਾ ਲੱਗੇਗਾ।
ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਅੰਡਰ ਗਰਾਊਂਡ ਹੋਇਆ ਸੀ ਸ਼ਗਨਪ੍ਰੀਤ
ਦੱਸਿਆ ਜਾ ਰਿਹਾ ਹੈ ਕਿ ਸ਼ਗਨਪ੍ਰੀਤ ਦੇ ਪਰਿਵਾਰ ਨੇ ਉਸ ਨੂੰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਤੋਂ ਜਾਨ ਦਾ ਖ਼ਤਰਾ ਦੱਸਿਆ ਹੈ। ਦੱਸ ਦੇਈਏ ਕਿ ਸਿੱਧੂ ਦੇ ਕਤਲ ਮਗਰੋਂ ਸ਼ਗਨਪ੍ਰੀਤ ਦਾ ਨਾਂ ਕਾਫੀ ਸੁਰਖ਼ੀਆਂ ’ਚ ਰਿਹਾ ਹੈ। ਸ਼ਗਨਪ੍ਰੀਤ ਦਾ ਵਿੱਕੀ ਮਿੱਡੂਖੇੜਾ ਦੇ ਕਤਲ 'ਚ ਹੱਥ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਇਸੇ ਵਜ੍ਹਾ ਕਰਕੇ ਗੈਂਗਸਟਰਾਂ ਨੇ ਮੂਸੇਵਾਲਾ ਨੂੰ ਨਿਸ਼ਾਨਾ ਬਣਾਇਆ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਗਨਪ੍ਰੀਤ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਹੀ ਅੰਡਰ ਗਰਾਊਂਡ ਹੋ ਗਿਆ ਸੀ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਸ਼ਗਨਪ੍ਰੀਤ ਪੰਜਾਬ ਆਉਣਾ ਚਾਹੁੰਦਾ ਹੈ ਪਰ ਉਹ ਬਿਸ਼ਨੋਈ ਗੈਂਗ ਦੇ ਡਰ ਤੋਂ ਪੰਜਾਬ ਦੀ ਧਰਤੀ 'ਤੇ ਪੈਰ ਪਾਉਣ ਤੋਂ ਡਰ ਰਿਹਾ ਹੈ।
ਦਿਨ ਦਿਹਾੜੇ ਗੋਲੀਆਂ ਮਾਰ ਕੀਤਾ ਸੀ ਸਿੱਧੂ ਦਾ ਕਤਲ
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ ਦਹਾੜੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਹੱਤਿਆ ਨੂੰ ਵਿੱਕੀ ਮਿੱਡੂਖੇੜਾ ਦੇ ਕਤਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ। ਮੂਸੇਵਾਲਾ ਦੀ ਮੌਤ ਤੋਂ ਬਾਅਦ ਹੀ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਮੂਸੇਵਾਲਾ ਦੇ ਕਤਲ ਦਾ ਅਸਲ ਦੋਸ਼ੀ ਗੋਲਡੀ ਬਰਾੜ ਹਾਲੇ ਵੀ ਪੁਲਸ ਦੇ ਸ਼ਿਕੰਜੇ ਤੋਂ ਬਾਹਰ ਹੈ। ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਉਸ ਦੇ ਮਾਪਿਆਂ ਵੱਲੋਂ ਵੀ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਈ ਜਾ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।