ਲਾਰੈਂਸ ਬਿਸ਼ਨੋਈ ਨੇ ਤਿਹਾੜ ਜੇਲ੍ਹ ’ਚ ਰਚੀ ਮੂਸੇ ਵਾਲਾ ਦੇ ਕਤਲ ਦੀ ਸਾਜ਼ਿਸ਼! ਵਿਦੇਸ਼ ’ਚ ਫੋਨ ਕਰ ਦਿੱਤਾ ਕਤਲ ਨੂੰ ਅੰਜਾਮ

05/30/2022 1:05:50 PM

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦਾ ਦਿਨ-ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਸ ਮੁਤਾਬਕ 30 ਰਾਊਂਡ ਫਾਇਰ ਕੀਤੇ ਗਏ। ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਬਰਾੜ ਨੇ ਲਈ ਹੈ ਪਰ ਇਸ ਕਤਲ ’ਚ ਹੁਣ ਨਵਾਂ ਖ਼ੁਲਾਸਾ ਹੋਇਆ ਹੈ। ਸਿੱਧੂ ਦਾ ਕਤਲ ਕਿਤੇ ਹੋਰ ਨਹੀਂ, ਸਗੋਂ ਦਿੱਲੀ ਦੀ ਤਿਹਾੜ ਜੇਲ੍ਹ ’ਚ ਰਚਿਆ ਗਿਆ ਸੀ। ਅਸਲ ’ਚ ਲਾਰੈਂਸ ਬਿਸ਼ਨੋਈ ਨੇ ਵਰਚੁਅਲ ਨੰਬਰਾਂ ਨਾਲ ਵਿਦੇਸ਼ ’ਚ ਮੌਜੂਦ ਗੋਲਡੀ ਬਰਾੜ ਨਾਲ ਕਈ ਵਾਰ ਗੱਲ ਕੀਤੀ ਸੀ। ਤਿਹਾੜ ਜੇਲ੍ਹ ’ਚ ਬੰਦ ਲਾਰੈਂਸ ਬਿਸ਼ਨੋਈ ਕੋਲੋਂ ਪੰਜਾਬ ਪੁਲਸ ਪੁੱਛਗਿੱਛ ਕਰੇਗੀ। ਪੰਜਾਬ ਪੁਲਸ ਲਾਰੈਂਸ ਨੂੰ ਰਿਮਾਂਡ ’ਤੇ ਲੈ ਸਕਦੀ ਹੈ। ਲਾਰੈਂਸ ਬਿਸ਼ਨੋਈ ਤਿਹਾੜ ਜੇਲ੍ਹ ਨੰਬਰ 8 ਦੀ ਹਾਈ ਸਕਿਓਰਿਟੀ ਜੇਲ੍ਹ ’ਚ ਬੰਦ ਹੈ। ਉਹ ਜੇਲ੍ਹ ਤੋਂ ਹੀ ਗੈਂਗ ਨੂੰ ਆਪਰੇਟ ਕਰਦਾ ਹੈ।

ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਮੈਂਬਰਾਂ ਦੀ ਗਿਣਤੀ ਲਗਭਗ 700 ਤੋਂ ਪਾਰ ਹੈ, ਜਿਨ੍ਹਾਂ ’ਚ ਪ੍ਰੋਫੈਸ਼ਨਲ ਸ਼ੂਟਰ ਵੀ ਸ਼ਾਮਲ ਹਨ। ਬਿਸ਼ਨੋਈ ਸ਼ਰਾਬ ਮਾਫ਼ੀਆ ਤੋਂ ਰੰਗਦਾਰੀ ਵਸੂਲ ਕਰਦਾ ਹੈ। ਲਾਰੈਂਸ ਤੇ ਉਸ ਦਾ ਗੈਂਗ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਸਮੇਤ ਦੂਜੇ ਦੇਸ਼ਾਂ ’ਚ ਫੈਲਿਆ ਹੋਇਆ ਹੈ। ਲਾਰੈਂਸ ਦਾ ਕ੍ਰਾਈਮ ਪਾਰਟਨਰ ਹੈ ਸੰਦੀਪ ਉਰਫ ਕਾਲਾ ਜਠੇੜੀ, ਜਿਸ ’ਤੇ ਇਕ ਸਮੇਂ 5 ਲੱਖ ਦਾ ਇਨਾਮ ਸੀ। ਦਿੱਲੀ ਪੁਲਸ ਸਪੈਸ਼ਲ ਸੈੱਲ ਨੇ ਜਠੇੜੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਕਤਲ ਕਾਂਡ ਮਾਮਲੇ ’ਚ ਵਿੱਕੀ ਗੌਂਡਰ ਗਰੁੱਪ ਵਲੋਂ ਨਵਾਂ ਖ਼ੁਲਾਸਾ, ਮਨਕੀਰਤ ਔਲਖ ਨੂੰ ਦਿੱਤੀ ਧਮਕੀ

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਲਾਰੈਂਸ ਬਿਸ਼ਨੋਈ ਦੀ ਗੈਂਗ ਵਲੋਂ ਧਮਕੀਆਂ ਮਿਲ ਰਹੀਆਂ ਸਨ ਤੇ ਫਿਰੌਤੀ ਮੰਗੀ ਜਾ ਰਹੀ ਸੀ। ਪਿਤਾ ਮੁਤਾਬਕ ਮੂਸੇ ਵਾਲਾ ਨੂੰ ਕਈ ਵਾਰ ਫਿਰੌਤੀ ਲਈ ਧਮਕੀ ਭਰੇ ਫੋਨ ਆਏ ਸਨ। ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਧਮਕੀਆਂ ਕਾਰਨ ਪਰਿਵਾਰ ਨੇ ਬੁਲੇਟਪਰੂਫ ਫਾਰਚਿਊਨਰ ਕਾਰ ਵੀ ਖਰੀਦੀ ਸੀ ਪਰ ਐਤਵਾਰ ਨੂੰ ਸਿੱਧੂ ਆਪਣੇ ਦੋ ਦੋਸਤਾਂ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨਾਲ ਥਾਰ ਕਾਰ ’ਚ ਕਿਤੇ ਨਿਕਲਿਆ ਸੀ। ਪਿਤਾ ਨੇ ਦੱਸਿਆ ਕਿ ਬੁਲੇਟਪਰੂਫ ਕਾਰ ਤੇ ਗੰਨਮੈਨ ਦੋਵਾਂ ਨੂੰ ਹੀ ਸਿੱਧੂ ਘਰ ਛੱਡ ਗਿਆ ਸੀ।

ਸੂਤਰਾਂ ਦੀ ਮੰਨੀਏ ਤਾਂ ਸਿੱਧੂ ਮੂਸੇ ਵਾਲਾ ਬਿਸ਼ਨੋਈ ਗੈਂਗ ਦੇ ਵਿਰੋਧੀ ਕੈਂਪ ਨੂੰ ਸੁਪੋਰਟ ਕਰ ਰਿਹਾ ਸੀ। ਇਸ ਕਾਰਨ ਸਿੱਧੂ ਮੂਸੇ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ’ਤੇ ਸੀ। ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਦਿੱਲੀ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਗੈਂਗਸਟਰ ਨੀਰਜ ਬਾਵਨੀਆ, ਟਿੱਲੂ ਤਾਜਪੁਰੀਆ ਤੇ ਲਾਰੈਂਸ ਬਿਸ਼ਨੋਈ ਦੇ ਮੈਂਬਰਾਂ ’ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਅਦਾਕਾਰ ਕਰਤਾਰ ਚੀਮਾ ਗ੍ਰਿਫ਼ਤਾਰ, NSUI ਦੇ ਸੂਬਾ ਪ੍ਰਧਾਨ ਨੂੰ ਧਮਕੀਆਂ ਦੇਣ ਦਾ ਇਲਜ਼ਾਮ

ਸੂਤਰਾਂ ਨੇ ਦੱਸਿਆ ਕਿ 8 ਅਗਸਤ, 2021 ਨੂੰ ਮੋਹਾਲੀ ’ਚ ਦਿਨ-ਦਿਹਾੜੇ ਯੂਥ ਅਕਾਲੀ ਲੀਡਰ ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ ਗਿਆ ਸੀ। ਵਿੱਕੀ ਪੰਜਾਬ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਬੇਹੱਦ ਕਰੀਬੀ ਸੀ। ਕਤਲ ਕਾਂਡ ’ਚ ਸਿੱਧੂ ਮੂਸੇ ਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਪੁਲਸ ਮੈਨੇਜਰ ਤਕ ਪਹੁੰਚ ਪਾਉਂਦੀ, ਇਸ ਤੋਂ ਪਹਿਲਾਂ ਹੀ ਉਹ ਭਾਰਤ ਤੋਂ ਫਰਾਰ ਹੋ ਕੇ ਆਸਟਰੇਲੀਆ ਪਹੁੰਚ ਗਿਆ।

ਸੂਤਰਾਂ ਨੇ ਦੱਸਿਆ ਕਿ ਅਗਸਤ, 2021 ’ਚ ਮੋਹਾਲੀ ’ਚ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਗੈਂਗ ਸਿੱਧੂ ’ਤੇ ਹਮਲੇ ਦੀ ਪਲਾਨਿੰਗ ’ਚ ਸੀ। ਲਾਰੈਂਸ ਬਿਸ਼ਨੋਈ ਫਿਲਹਾਲ ਜੇਲ੍ਹ ’ਚ ਬੰਦ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਜੇਲ੍ਹ ਤੋਂ ਗੈਂਗ ਆਪਰੇਟ ਕਰ ਰਿਹਾ ਹੈ। ਇਸ ਗੈਂਗ ਦੇ ਲੋਕ ਕੈਨੇਡਾ ਸਮੇਤ ਵਿਦੇਸ਼ਾਂ ’ਚ ਮੌਜੂਦ ਹਨ। ਕੈਨੇਡਾ ’ਚ ਬੈਠੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਗੋਲਡੀ ਬਰਾੜ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਵਿੱਕੀ ਤੋਂ ਇਲਾਵਾ ਉਸ ਦੇ ਖ਼ੁਦ ਦੇ ਭਰਾ ਗੁਰਲਾਲ ਬਰਾੜ ਦੇ ਕਤਲ ਪਿੱਛੇ ਵੀ ਸਿੱਧੂ ਮੂਸੇ ਵਾਲਾ ਸੀ ਪਰ ਆਪਣੇ ਰਸੂਖ਼ ਕਾਰਨ ਉਹ ਬਚ ਗਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News