21 ਸਾਲ ਦਾ ਬਨਵਾਸ ਨਾ ਲਿਆ ਹੁੰਦਾ ਤਾਂ ਜ਼ਿੰਦਗੀ ਦੇ ਅਨੁਭਵ ਇਕੱਠੇ ਨਾ ਕਰ ਸਕਦੀ : ਪੂਜਾ ਭੱਟ

03/15/2024 10:24:13 AM

ਸਕੂਲ ਅਤੇ ਕਾਲਜ ਦੀ ਜ਼ਿੰਦਗੀ ’ਤੇ ਆਧਾਰਿਤ ਜੀਵਨ ਦੇ ਸਬਕ ਸਿੱਖਣ ਵਾਲੇ ਪਾਤਰਾਂ ਦੀਆਂ ਕਹਾਣੀਆਂ ਦਰਸ਼ਕਾਂ ਦੀਆਂ ਹਮੇਸ਼ਾ ਪਸੰਦੀਦਾ ਰਹੀਆਂ ਹਨ। ਅਜਿਹੇ ’ਚ ਵੀਰਵਾਰ ਨੂੰ ਪ੍ਰਾਈਮ ਵੀਡੀਓ ’ਤੇ ਸ਼ੋਅ ‘ਬਿਗ ਗਰਲਜ਼ ਡੋਂਟ ਕ੍ਰਾਈ’ ਰਿਲੀਜ਼ ਹੋਇਆ। ਇਹ ਇਕ ਸਕੂਲੀ ਡਰਾਮਾ ਹੈ, ਜਿਸ ਵਿਚ ਇਕ ਕਾਲਪਨਿਕ ਕੁੜੀਆਂ ਦੇ ਬੋਰਡਿੰਗ ਸਕੂਲ ਨੂੰ ਦਿਖਾਇਆ ਗਿਆ ਹੈ। ਸ਼ੋਅ ਦਾ ਨਿਰਦੇਸ਼ਨ ਨਿਤਿਆ ਮਹਿਰਾ, ਕਰਨ ਕਪਾੜੀਆ, ਕੋਪਲ ਨੈਥਾਨੀ ਅਤੇ ਸੁਧਾਂਸ਼ੂ ਸਰਿਆ ਦੁਆਰਾ ਕੀਤਾ ਗਿਆ ਹੈ। ਇਸ ਵਿਚ ਅਵੰਤਿਕਾ ਵੰਦਨਾਪੂ, ਅਨੀਤ ਪੱਡਾ, ਦਲਾਈ, ਵਿਦੁਸ਼ੀ ਮੁੱਖ ਭੂਮਿਕਾਵਾਂ ਵਿਚ ਹਨ। ਇਸ ਸ਼ੋਅ ’ਚ ਇਨ੍ਹਾਂ ਮੁਟਿਆਰਾਂ ਤੋਂ ਇਲਾਵਾ ਪੂਜਾ ਭੱਟ, ਰਾਇਮਾ ਸੇਨ, ਜ਼ੋਇਆ ਹਸਨ ਅਤੇ ਮੁਕੁਲ ਚੱਢਾ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੇ ਹਨ। ‘ਬਿਗ ਗਰਲਜ਼ ਡੋਂਟ ਕ੍ਰਾਈ’ ਬਾਰੇ ਪੂਜਾ ਭੱਟ ਅਤੇ ਸੀਰੀਜ਼ ਦੀ ਨਿਰਦੇਸ਼ਕ ਨਿਤਿਆ ਮਹਿਰਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼. ...

ਗੁਰੂਕੁਲ ਦੇ ਥੰਮ੍ਹਾਂ ਵਾਂਗ ਵੰਦਨਾ ਵੈਲੀ ਸਕੂਲ ’ਚ ਤੁਸੀਂ ਕਿਹੜੇ ਨਿਯਮ ਬਣਾਏ ਸਨ? ਜੋ ਆਖਿਰ ਤਕ ਨਹੀਂ ਬਦਲੇ ਗਏ।
ਇਥੇ ਸਿਰਫ ਇਕ ਥੰਮ੍ਹ ਹੈ ‘ਆਤਮਨਮ ਵਿਧੀ’, ਜਿਸ ਦਾ ਮਤਲਬ ਹੈ ਆਪਣੇ-ਆਪ ਨੂੰ ਜਾਣੋ ਕਿ ਤੁਸੀਂ ਕੌਣ ਹੋ? ਜਿਹੜੀਆਂ ਕੁੜੀਆਂ ਸਕੂਲ ’ਚ ਆਉਂਦੀਆਂ ਹਨ, ਸਭ ਤੋਂ ਪਹਿਲਾਂ ਉਹ ਆਪਣੇ-ਆਪ ਨੂੰ ਜਾਣ ਲੈਣ। ਮਜ਼ਬੂਤ ਬਣੋ ਅਤੇ ਚੀਜ਼ਾਂ ਨੂੰ ਸਮਝੋ। ਤਾਂ ਹੀ ਉਹ ਬਾਹਰ ਜਾ ਕੇ ਦੁਨੀਆ ਵਿਚ ਕੁਝ ਕਰ ਸਕਣਗੀਆਂ। ਜੇਕਰ ਉਹ ਆਪਣੇ-ਆਪ ਨੂੰ ਜਾਣਨਗੀਆਂ ਹੀ ਨਹੀਂ, ਤਾਂ ਉਹ ਦੁਨੀਆ ਲਈ ਕੀ ਯੋਗਦਾਨ ਦੇ ਸਕਣਗੀਆਂ? ਇਹ ਸਾਡੇ ਸਾਰਿਆਂ ’ਤੇ ਵੀ ਲਾਗੂ ਹੁੰਦਾ ਹੈ।

ਤੁਸੀਂ ਬਚਪਨ ’ਚ ਕਿਹੜਾ ਝੂਠ ਬੋਲਿਆ ਸੀ, ਜੋ ਤੁਹਾਨੂੰ ਅੱਜ ਵੀ ਯਾਦ ਹੈ?
 ਦੇਖੋ, ਮੈਂ ਬਹੁਤ ਝੂਠ ਬੋਲਦੀ ਹਾਂ। ਜਦੋਂ ਵੀ ਸਾਹਮਣੇ ਵਾਲੇ ਨੂੰ ਸੱਚ ਤੋਂ ਤਕਲੀਫ ਹੁੰਦੀ ਹੈ ਤਾਂ ਮੈਨੂੰ ਝੂਠ ਬੋਲਣਾ ਪੈਂਦਾ ਹੈ। ਜੇਕਰ ਤੁਸੀਂ ਸੱਚ ਨੂੰ ਇਕ ਸਾਧਨ ਵਜੋਂ ਵਰਤਦੇ ਹੋ, ਜਿਸ ਨਾਲ ਸਾਹਮਣੇ ਵਾਲੇ ਨੂੰ ਦੁੱਖ ਪਹੁੰਚੇ ਤਾਂ ਫਿਰ ਉਹ ਝੂਠ ਨਾਲੋਂ ਵੀ ਮਾੜਾ ਹੈ, ਇਸੇ ਲਈ ਮੇਰਾ ਮੰਨਣਾ ਹੈ ਕਿ ਕਈ ਵਾਰ ਅਧੂਰਾ ਸੱਚ ਅਤੇ ਝੂਠ ਬੋਲਣਾ ਜ਼ਰੂਰੀ ਹੁੰਦਾ ਹੈ। ਜੇਕਰ ਮੈਂ ਆਪਣੀ ਜ਼ਿੰਦਗੀ ਦੀ ਗੱਲ ਕਰਾਂ ਤਾਂ ਮੈਨੂੰ ਕਦੇ ਝੂਠ ਬੋਲਣ ਦੀ ਲੋੜ ਨਹੀਂ ਪਈ ਕਿਉਂਕਿ ਮੇਰੇ ਮਾਤਾ-ਪਿਤਾ ਮੇਰੇ ਬਾਰੇ ਸਭ ਕੁਝ ਜਾਣਦੇ ਹਨ ਅਤੇ ਉਹੀ ਮੈਨੂੰ ਇਸ ਦੁਨੀਆ ’ਚ ਲੈ ਕੇ ਆਏ ਹਨ, ਇਸ ਲਈ ਮੈਨੂੰ ਉਨ੍ਹਾਂ ਤੋਂ ਕੁਝ ਵੀ ਲੁਕਾਉਣ ਦੀ ਲੋੜ ਨਹੀਂ ਹੈ।

ਤੁਸੀਂ ਅਜਿਹੀਆਂ ਕਈ ਫਿਲਮਾਂ ਬਣਾਈਆਂ ਹਨ, ਜਿਨ੍ਹਾਂ ਦਾ ਮੁੱਖ ਫੋਕਸ ਮਹਿਲਾ ਪਾਤਰਾਂ ’ਤੇ ਰਿਹਾ ਹੈ, ਇਸ ਦਾ ਕੋਈ ਖਾਸ ਕਾਰਨ?
ਇਸ ਦੀ ਸ਼ੁਰੂਆਤ ‘ਡੈਡੀ’ ਨਾਂ ਦੀ ਫਿਲਮ ਨਾਲ ਹੋਈ ਸੀ, ਜੋ ਦੂਰਦਰਸ਼ਨ ’ਤੇ ਆਈ ਸੀ। ਉਸ ਜ਼ਮਾਨੇ ’ਚ ਦੂਰਦਰਸ਼ਨ ਸਾਡੇ ਲਈ ਓ. ਟੀ. ਟੀ. ਸੀ। ਮੇਰੀ ਪੈਦਾਇਸ਼ ਓ. ਟੀ. ਟੀ. ਜ਼ਰੀਏ ਹੀ ਹੋਈ ਹੈ। ਇਸ ਤੋਂ ਬਾਅਦ ਫਿਰ ‘ਤੇਰੀ ਕਹਾਣੀ’ ਵੀ ਅਸੀਂ ਚੈਨਲ ਲਈ ਹੀ ਕੀਤੀ। ਅਜਿਹਾ ਨਹੀਂ ਹੈ ਕਿ ਤੁਸੀਂ ਸਿਰਫ ਵੱਡੇ ਪਰਦੇ ’ਤੇ ਹੀ ਚੰਗਾ ਕਰ ਸਕਦੇ ਹੋ, ਇਹ ਬਹੁਤ ਪੁਰਾਣਾ ਸਿਧਾਂਤ ਹੈ ਕਿਉਂਕਿ ਜਦੋਂ ਇਹ ਸ਼ੋਅ 14 ਮਾਰਚ ਨੂੰ ਰਿਲੀਜ਼ ਹੋਵੇਗਾ ਤਾਂ ਕੁਝ ਹੀ ਘੰਟਿਆਂ ਵਿਚ ਦੁਨੀਆ ਦੇ ਹਰ ਕੋਨੇ ਤੋਂ ਲੋਕ ਇਸ ਨਾਲ ਜੁੜ ਜਾਣਗੇ। ਇਹ ਕਈ ਦੇਸ਼ਾਂ ’ਚ ਰਿਲੀਜ਼ ਹੋ ਰਿਹਾ ਹੈ। ਮੈਂ ਇਸ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਇਹ ਵੀ ਕਹਿੰਦੀ ਹਾਂ ਕਿ 14 ਮਾਰਚ ਤੋਂ ਬਾਅਦ ਤੁਹਾਡੇ ਲਈ ਇਹ ਦੁਨੀਆ ਬਦਲ ਜਾਵੇਗੀ। ਫਿਰ ਇਹ ਪ੍ਰਾਜੈਕਟ ਲੋਕਾਂ ਦਾ ਬਣ ਜਾਂਦਾ ਹੈ।

ਸਟਾਰਡਮ ਛੱਡ ਕੇ ਪਰਦੇ ਪਿੱਛੇ ਕੰਮ ਕਰਨ ’ਤੇ ਲੋਕਾਂ ਨੇ ਤੁਹਾਨੂੰ ਕਈ ਤਰ੍ਹਾਂ ਦੀਆਂ ਨਸੀਹਤਾਂ ਵੀ ਦਿੱਤੀਆਂ ਹੋਣਗੀਆਂ?
ਉਸ ਜ਼ਮਾਨੇ ’ਚ ਜਦੋਂ ਮੈਂ 24 ਸਾਲ ਦੀ ਉਮਰ ਵਿਚ ਇਕ ਫਿਲਮ ਬਣਾਈ ਸੀ, ਮੈਨੂੰ ਕਿਹਾ ਗਿਆ ਕਿ ਸਿਰਫ ਐਕਟਿੰਗ ਹੀ ਕਰੋ। ਤੁਸੀਂ ਇਕ ਸਟਾਰ ਹੋ, ਸਟਾਰਡਮ ਨੂੰ ਕਿਉਂ ਲੱਤ ਮਾਰ ਰਹੇ ਹੋ? ਲੋਕ ਤਾਂ ਤਰਸ ਜਾਂਦੇ ਹਨ ਕੈਮਰੇ ਦੇ ਸਾਹਮਣੇ ਆਉਣ ਲਈ। ਬਹੁਤ ਸਾਰੇ ਫਿਲਮ ਨਿਰਮਾਤਾ ਹਨ, ਜੋ ਇਸ ’ਤੇ ਆਉਣ ਦੀਆਂ ਸਿਫਾਰਸ਼ਾਂ ਕਰਵਾਉਂਦੇ ਹਨ। ਫਿਰ ਉਸ ਪੜਾਅ ’ਤੇ ਮੈਂ ਫੈਸਲਾ ਕੀਤਾ ਕਿ ਮੈਂ ਕੈਮਰੇ ਦੇ ਪਿੱਛੇ ਹੀ ਕੰਮ ਕਰਨਾ ਹੈ। ਜੇ ਮੈਂ 21 ਸਾਲਾਂ ਦਾ ਬਨਵਾਸ ਨਾ ਲਿਆ ਹੁੰਦਾ, ਤਾਂ ਮੈਂ ਜੀਵਨ ਦੇ ਅਨੁਭਵ ਇਕੱਠੇ ਨਾ ਕਰ ਸਕਦੀ। ਇਸ ਲਈ ਅੱਜ ਜੋ ਮੇਰੇ ਕੰਮ ਵਿਚ ਝਲਕਦਾ ਹੈ, ਉਹ ਮੇਰਾ ਆਪਣਾ ਅਨੁਭਵ ਹੈ। ਨਿਤਿਆ, ਸੁਧਾਂਸ਼ੂ ਅਤੇ ਕਰਨ ਵੀ ਅਜਿਹਾ ਹੀ ਕਰ ਰਹੇ ਹਨ। ਜਦੋਂ ਤੁਸੀਂ ਕਿਸੇ ਪ੍ਰਾਜੈਕਟ ਦੇ ਲੋਕਾਂ ਨੂੰ ਕਮਾਨ ਦਿੰਦੇ ਹੋ, ਤਾਂ ਉਹ ਇਵੇਂ ਹੀ ਨਹੀਂ ਆਉਂਦਾ। ਜੋ ਹੁਨਰ ’ਚ ਅਸੀਂ ਸੁਧਾਰ ਦੀ ਗੱਲ ਕਰਦੇ ਹਾਂ, ਤਾਂ ਉਹ ਚਾਂਦਨੀ ਚੌਕ ਜਾ ਕੇ ਨਹੀਂ ਖਰੀਦ ਸਕਦੇ। ਇਹ ਲਗਾਤਾਰ ਡਿੱਗਣ ਅਤੇ ਉੱਠਣ ਨਾਲ ਹੀ ਆਉਂਦਾ ਹੈ।

ਤੁਸੀਂ ਸ਼ੋਅ ਲਈ ਕਾਸਟਿੰਗ ਕਿਵੇਂ ਕੀਤੀ?
ਜਦੋਂ ਤੁਸੀਂ ਕੁਝ ਕਰਨ ਲਈ ਨਿਕਲਦੇ ਹੋ, ਤਾਂ ਤੁਹਾਨੂੰ ਸਹੀ ਲੋਕ ਮਿਲ ਹੀ ਜਾਂਦੇ ਹਨ। ਦ੍ਰਿੜ ਇਰਾਦੇ, ਇੰਤਜ਼ਾਰ ਅਤੇ ਚੰਗੇ ਕਾਸਟਿੰਗ ਡਾਇਰੈਕਟਰਾਂ ਦੀ ਮਦਦ ਨਾਲ ਹੀ ਸਭ ਕੁਝ ਸੰਭਵ ਹੋਇਆ ਹੈ। ਮੈਂ ਅਤੇ ਸ਼ੋਅ ਰਨਰ ਸੁਧਾਂਸ਼ੂ ਨੇ ਇਸ ’ਤੇ ਕਾਫੀ ਸਮਾਂ ਲਗਾ ਕੇ ਕੰਮ ਕੀਤਾ ਹੈ। ਇਸ ਸਮੇਂ ਦੌਰਾਨ ਅਸੀਂ ਹਜ਼ਾਰਾਂ ਆਡੀਸ਼ਨ ਲਏ ਹੋਣਗੇ। ਸਾਡੇ ਕਾਸਟਿੰਗ ਨਿਰਦੇਸ਼ਕ ਰੋਮਿਲ ਅਤੇ ਸ਼ਿਵਮ ਗੁਪਤਾ ਨੇ ਇੰਸਟਾਗ੍ਰਾਮ ਤੋਂ ਲੈ ਕੇ ਸਭ ਕੁਝ ਛਾਣ ਮਾਰਿਆ। ਕਈ ਵਾਰ ਤਾਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੁੜੀ ਨਹੀਂ ਮਿਲ ਰਹੀ ਹੈ, ਕਿੱਥੋਂ ਲਿਆਈਏ ਪਰ ਇਕ ਤੋਂ ਬਾਅਦ ਇਕ ਸਾਨੂੰ ਸਭ ਮਿਲਦੇ ਗਏ।

ਤੁਸੀਂ ਆਪਣੇ ਸਕੂਲ ਦੇ ਦਿਨਾਂ ’ਤੇ ਨਜ਼ਰ ਮਾਰੋ, ਤਾਂ ਤੁਸੀਂ ਸ਼ੋਅ ਦੇ ਕਿਸ ਕਿਰਦਾਰ ਨਾਲ ਆਪਣੇ ਆਪ ਨੂੰ ਜੋੜਦੇ ਹੋ?
ਮੈਂ ਥੋੜਾ-ਥੋੜਾ ਸਾਰੇ ਕਿਰਦਾਰਾਂ ਵਾਂਗ ਸੀ। ਮੈਂ ਅਕਸ਼ਿਤਾ ਸੂਦ ਦੀ ਭੂਮਿਕਾ ਵਾਂਗ ਬਣਨਾ ਚਾਹੁੰਦੀ ਸੀ ਪਰ ਮੈਂ ਥੋੜੀ ਸਟ੍ਰੇਟ ਲਾਈਨ ਸੀ। ਸਾਰੇ ਲੇਖਕਾਂ ਨਾਲ ਅਸੀਂ ਆਪਣੇ ਅਨੁਭਵ ਸਾਂਝੇ ਕੀਤੇ, ਜੋ ਕਿ ਇਸ ਵਿਚ ਸ਼ਾਮਲ ਵੀ ਹਨ ਪਰ ਸਭ ਤੋਂ ਪਹਿਲਾਂ ਅਸੀਂ ਸੀਰੀਜ਼ ਦੀ ਥੀਮ ‘ਤੁਮ ਕੌਨ ਹੋ’ ’ਤੇ ਧਿਆਨ ਕੇਂਦਰਿਤ ਕੀਤਾ। 7 ਕੁੜੀਆਂ ਦੇ ਪਾਤਰ ਲਿਖੇ, ਜਿਨ੍ਹਾਂ ਵਿਚ ਉਹ ਆਪਣੇ ਸੰਘਰਸ਼ਾਂ ਵਿਚੋਂ ਲੰਘਦੀਆਂ ਹਨ। ਹਰ ਕਿਸੇ ਦੀ ਆਪਣੀ ਕਹਾਣੀ ਹੈ। ਫਿਰ ਜਦੋਂ ਉਹ ਇਕੱਠੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਸਾਰੀਆਂ ਦੀ ਕਹਾਣੀ ਬਣ ਜਾਂਦੀ ਹੈ।


sunita

Content Editor

Related News