6000 ਕਰੋੜ ਦੀ ਜਾਇਦਾਦ ਤੇ 200 ਕਰੋੜ ਦਾ ਘਰ, ਸ਼ਾਹਰੁਖ ਖ਼ਾਨ ਨੂੰ ਇੰਝ ਹੀ ਨਹੀਂ ਕਹਿੰਦੇ ਕਿੰਗ ਖ਼ਾਨ

Thursday, Nov 02, 2023 - 11:08 AM (IST)

ਮੁੰਬਈ (ਬਿਊਰੋ)– ਬਾਲੀਵੁੱਡ ਦੇ ‘ਬਾਦਸ਼ਾਹ’ ਵਜੋਂ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਤੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਅੱਜ 58 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਨੇ ਹੁਣ ਤੱਕ ਲਗਭਗ 90 ਫ਼ਿਲਮਾਂ ’ਚ ਕੰਮ ਕੀਤਾ ਹੈ ਤੇ ਆਪਣੀ ਸ਼ਾਨਦਾਰ ਅਦਾਕਾਰੀ ਲਈ 14 ਫ਼ਿਲਮਫੇਅਰ ਸਮੇਤ ਕਈ ਪੁਰਸਕਾਰ ਪ੍ਰਾਪਤ ਕੀਤੇ ਹਨ। ਸ਼ਾਹਰੁਖ ਖ਼ਾਨ ਨੂੰ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਅਦਾਕਾਰ ਵਜੋਂ ਵੀ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਦਮ ’ਤੇ ਬਹੁਤ ਵੱਡੀ ਦੌਲਤ ਇਕੱਠੀ ਕੀਤੀ ਹੈ। ਉਨ੍ਹਾਂ ਦੀ ਅੰਦਾਜ਼ਨ ਕੁੱਲ ਜਾਇਦਾਦ 6,000 ਕਰੋੜ ਰੁਪਏ ਤੋਂ ਵਧ ਹੈ।

PunjabKesari

ਦਿੱਲੀ ਤੋਂ ਮੁੰਬਈ ਦੀ ਸ਼ਾਨਦਾਰ ਯਾਤਰਾ
ਸ਼ਾਹਰੁਖ ਖ਼ਾਨ ਦਾ ਜਨਮ 2 ਨਵੰਬਰ, 1965 ਨੂੰ ਨਵੀਂ ਦਿੱਲੀ ’ਚ ਇਕ ਮੁਸਲਿਮ ਪਰਿਵਾਰ ’ਚ ਹੋਇਆ। ਜਨਮ ਤੋਂ ਬਾਅਦ ਉਹ ਸ਼ੁਰੂ ’ਚ 5 ਸਾਲ ਮੰਗਲੌਰ ’ਚ ਆਪਣੇ ਨਾਨਾ-ਨਾਨੀ ਨਾਲ ਰਹੇ ਤੇ ਫਿਰ ਰਾਜੇਂਦਰ ਨਗਰ, ਦਿੱਲੀ ’ਚ ਆਪਣੇ ਮਾਤਾ-ਪਿਤਾ ਕੋਲ ਵਾਪਸ ਆ ਗਏ। ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਰਾਜਧਾਨੀ ਦੇ ਸੇਂਟ ਕੋਲੰਬਾ ਸਕੂਲ ਤੋਂ ਹੋਈ, ਜਦਕਿ 1988 ’ਚ ਸ਼ਾਹਰੁਖ ਨੇ ਦਿੱਲੀ ਯੂਨੀਵਰਸਿਟੀ ਦੇ ਹੰਸਰਾਜ ਕਾਲਜ ਤੋਂ ਅਰਥ ਸ਼ਾਸਤਰ ’ਚ ਬੈਚਲਰ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਹ ਮੁੰਬਈ ਚਲੇ ਗਏ ਤੇ ਅੱਜ ਬਾਲੀਵੁੱਡ ਦੇ ਬਾਦਸ਼ਾਹ ਬਣ ਕੇ ਮਾਇਆਨਗਰੀ ’ਚ ਵੱਡਾ ਸਾਮਰਾਜ ਸਥਾਪਿਤ ਕਰ ਚੁੱਕੇ ਹਨ।

PunjabKesari

760 ਮਿਲੀਅਨ ਡਾਲਰ (6,324 ਕਰੋੜ ਰੁਪਏ) ਦੀ ਦੌਲਤ ਦੇ ਮਾਲਕ
ਸ਼ਾਹਰੁਖ ਖ਼ਾਨ ਨੂੰ ਫ਼ਿਲਮ ਦੇ ਹਿੱਟ ਹੋਣ ਦੀ ਗਾਰੰਟੀ ਕਿਹਾ ਜਾਂਦਾ ਹੈ। ‘ਕਿੰਗ ਆਫ ਰੋਮਾਂਸ’ ਦੇ ਨਾਂ ਨਾਲ ਮਸ਼ਹੂਰ ਇਹ ਅਦਾਕਾਰ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰਾਂ ਦੀ ਸੂਚੀ ’ਚ ਚੌਥੇ ਨੰਬਰ ’ਤੇ ਆਉਂਦਾ ਹੈ। ਆਪਣੀ ਅਦਾਕਾਰੀ ਤੇ ਸਖ਼ਤ ਮਿਹਨਤ ਦੇ ਦਮ ’ਤੇ ਉਨ੍ਹਾਂ ਨੇ ਨਾ ਸਿਰਫ਼ ਬਾਲੀਵੁੱਡ ’ਚ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ, ਸਗੋਂ ਵੱਡੀ ਦੌਲਤ ਵੀ ਬਣਾਈ ਹੈ। ਲਾਈਫਸਟਾਈਲ ਏਸ਼ੀਆ ਦੀ ਰਿਪੋਰਟ ਦੇ ਅਨੁਸਾਰ ਸ਼ਾਹਰੁਖ ਦੀ ਕੁੱਲ ਜਾਇਦਾਦ ਲਗਭਗ 760 ਮਿਲੀਅਨ ਡਾਲਰ ਹੈ, ਜੋ ਕਿ ਭਾਰਤੀ ਕਰੰਸੀ ’ਚ 6,324 ਕਰੋੜ ਰੁਪਏ ਤੋਂ ਵਧ ਹੈ।

PunjabKesari

ਸ਼ਾਹਰੁਖ ਦੀ ਇਕ ਫ਼ਿਲਮ ਲਈ ਫੀਸ
ਸ਼ਾਹਰੁਖ ਦੀ ਕੁੱਲ ਜਾਇਦਾਦ ਦਾ ਸਭ ਤੋਂ ਵੱਡਾ ਹਿੱਸਾ ਉਨ੍ਹਾਂ ਦੀਆਂ ਫ਼ਿਲਮਾਂ ਤੋਂ ਆਉਂਦਾ ਹੈ। ਰਿਪੋਰਟ ਮੁਤਾਬਕ ਸ਼ਾਹਰੁਖ ਖ਼ਾਨ ਕਥਿਤ ਤੌਰ ’ਤੇ ਇਕ ਫ਼ਿਲਮ ਕਰਨ ਲਈ 100 ਤੋਂ 150 ਕਰੋੜ ਰੁਪਏ ਲੈਂਦੇ ਹਨ। ਹਾਲਾਂਕਿ ਉਨ੍ਹਾਂ ਨੇ ਕਈ ਫ਼ਿਲਮਾਂ ਵੀ ਕੀਤੀਆਂ ਹਨ, ਜਿਸ ਲਈ ਉਨ੍ਹਾਂ ਨੇ ਕੋਈ ਪੈਸਾ ਨਹੀਂ ਲਿਆ, ਇਨ੍ਹਾਂ ’ਚ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਪਠਾਨ’ ਵੀ ਸ਼ਾਮਲ ਹੈ। ਹਾਲਾਂਕਿ ਰਿਪੋਰਟ ਮੁਤਾਬਕ ‘ਪਠਾਨ’ ਦੀ ਹਿੱਟ ਤੋਂ ਹੋਣ ਵਾਲੇ ਮੁਨਾਫੇ ਦਾ 60 ਫ਼ੀਸਦੀ ਹਿੱਸਾ ਜ਼ਰੂਰ ਸ਼ਾਹਰੁਖ ਖ਼ਾਨ ਦੇ ਖ਼ਾਤੇ ’ਚ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਾਹਰੁਖ ਖ਼ਾਨ ਦੀਆਂ ਹਾਲ ਹੀ ’ਚ ਆਈਆਂ ਦੋ ਫ਼ਿਲਮਾਂ ‘ਜਵਾਨ’ ਤੇ ‘ਪਠਾਨ’ ਨੇ ਬਾਕਸ ਆਫਿਸ ’ਤੇ ਦੁਨੀਆ ਭਰ ’ਚ 2,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।

PunjabKesari

ਬ੍ਰਾਂਡ ਐਂਡੋਰਸਮੈਂਟ ਰਾਹੀਂ ਵੱਡੀ ਕਮਾਈ
ਫ਼ਿਲਮਾਂ ਰਾਹੀਂ ਹੀ ਨਹੀਂ, ਸਗੋਂ ਸ਼ਾਹਰੁਖ ਖ਼ਾਨ ਬ੍ਰਾਂਡ ਐਂਡੋਰਸਮੈਂਟ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵੀ ਮੋਟੀ ਕਮਾਈ ਕਰਦੇ ਹਨ। ਸ਼ਾਹਰੁਖ ਖ਼ਾਨ ਪੈਪਸੀ, ਹੁੰਡਈ ਸੈਂਟਰੋ, ਨੋਕੀਆ, ਲਕਸ, ਡਿਸ਼ ਟੀ. ਵੀ., ਬਿੱਗ ਬਾਸਕੇਟ, ਰਿਲਾਇੰਸ ਜੀਓ, ਐੱਲ. ਜੀ. ਟੀ. ਵੀ., ਡੇਨਵਰ, ਆਈ. ਸੀ. ਆਈ. ਸੀ. ਆਈ. ਬੈਂਕ, ਫੇਅਰ ਐਂਡ ਹੈਂਡਸਮ ਸਮੇਤ ਕਈ ਬ੍ਰਾਂਡਾਂ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਦੇ ਇਸ਼ਤਿਹਾਰਾਂ ’ਚ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਕਾਰੋਬਾਰਾਂ ’ਚ ਉਨ੍ਹਾਂ ਦਾ ਨਿਵੇਸ਼ ਵੀ ਉਨ੍ਹਾਂ ਦੀ ਜਾਇਦਾਦ ’ਚ ਯੋਗਦਾਨ ਪਾਉਂਦਾ ਹੈ। ਇਨ੍ਹਾਂ ’ਚੋਂ ਇਕ ਸਫ਼ਲ ਕਾਰੋਬਾਰ ਰੈੱਡ ਚਿੱਲੀਜ਼ ਐਂਟਰਟੇਨਮੈਂਟ ਹੈ, ਜਿਸ ਦੇ ਉਹ ਆਪਣੀ ਪਤਨੀ ਗੌਰੀ ਖ਼ਾਨ ਨਾਲ ਸਹਿ-ਮਾਲਕ ਹਨ। ਇਸ ਤੋਂ ਇਲਾਵਾ ਉਹ ਕ੍ਰਿਕਟ ’ਚ ਡੂੰਘੀ ਦਿਲਚਸਪੀ ਰੱਖਦੇ ਹਨ ਤੇ ਇਕ ਆਈ. ਪੀ. ਐੱਲ. ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਸਹਿ-ਮਾਲਕ ਵੀ ਹਨ।

PunjabKesari

ਮੁੰਬਈ ’ਚ 200 ਕਰੋੜ ਦਾ ਘਰ, ਦੁਬਈ ’ਚ ਵੀ ਜਾਇਦਾਦ
ਇਕ ਪਾਸੇ ਸ਼ਾਹਰੁਖ ਖ਼ਾਨ ਬੇਸ਼ੁਮਾਰ ਜਾਇਦਾਦ ਦੇ ਮਾਲਕ ਹਨ, ਦੂਜੇ ਪਾਸੇ ਉਨ੍ਹਾਂ ਦੀ ਜੀਵਨ ਸ਼ੈਲੀ ਵੀ ਉਸ ਹਿਸਾਬ ਨਾਲ ਲਗਜ਼ਰੀ ਹੈ। ਕਿੰਗ ਖ਼ਾਨ ਦੇ ਨਾਂ ਨਾਲ ਜਾਣੇ ਜਾਂਦੇ ਸ਼ਾਹਰੁਖ ਖ਼ਾਨ ਕੋਲ ਕਈ ਮਹਿੰਗੀਆਂ ਜਾਇਦਾਦਾਂ ਹਨ। ਉਨ੍ਹਾਂ ਕੋਲ ਮੁੰਬਈ ’ਚ ਸਥਿਤ ਇਕ ਆਲੀਸ਼ਾਨ ਹਵੇਲੀ ‘ਮੰਨਤ’ ਹੈ, ਜਿਸ ਦੀ ਅੰਦਾਜ਼ਨ ਕੀਮਤ ਲਗਭਗ 200 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਸ਼ਾਹਰੁਖ ਦਾ ਲੰਡਨ ’ਚ ਇਕ ਵਿਲਾ ਤੇ ਦੁਬਈ ’ਚ ਪਾਮ ਜੁਮੇਰਾ ’ਤੇ ਇਕ ਲਗਜ਼ਰੀ ਵਿਲਾ ਹੈ। ਤੁਹਾਨੂੰ ਦੱਸ ਦੇਈਏ ਕਿ ਦੁਬਈ ਦੇ ਇਸ ਖੇਤਰ ’ਚ ਦੁਨੀਆ ਦੇ ਕਈ ਅਮੀਰ ਲੋਕਾਂ ਦੇ ਘਰ ਹਨ ਤੇ ਏਸ਼ੀਆ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਵੀ ਉਨ੍ਹਾਂ ’ਚ ਸ਼ਾਮਲ ਹਨ।

PunjabKesari

ਕਲੈਕਸ਼ਨ ’ਚ ਸ਼ਾਨਦਾਰ ਲਗਜ਼ਰੀ ਕਾਰਾਂ
ਸ਼ਾਹਰੁਖ ਖ਼ਾਨ ਕ੍ਰਿਕਟ ਦੇ ਸ਼ੌਕੀਨ ਹਨ ਤੇ ਮਹਿੰਗੀਆਂ ਕਾਰਾਂ ਦੇ ਵੀ ਸ਼ੌਕੀਨ ਹਨ। ਉਨ੍ਹਾਂ ਦੀ ਕਾਰ ਕਲੈਕਸ਼ਨ ’ਚ ਕਈ ਮਹਿੰਗੀਆਂ ਤੇ ਲਗਜ਼ਰੀ ਕਾਰਾਂ ਸ਼ਾਮਲ ਹਨ। ਰਿਪੋਰਟ ਦੇ ਅਨੁਸਾਰ ਸ਼ਾਹਰੁਖ ਖ਼ਾਨ ਕੋਲ ਇਕ ਰੋਲਸ ਰਾਇਸ ਫੈਂਟਮ ਡ੍ਰੌਪਹੈੱਡ ਕੂਪੇ, ਇਕ ਰੋਲਸ ਰਾਇਸ ਕੁਲੀਨਨ ਬਲੈਕ, ਇਕ ਬੈਂਟਲੇ ਕਾਂਟੀਨੈਂਟਲ ਜੀ. ਟੀ., ਇਕ ਬੁਗਾਟੀ ਵੇਰੋਨ, ਇਕ ਬੀ. ਐੱਮ. ਡਬਲਯੂ. 7 ਸੀਰੀਜ਼, ਇਕ ਬੀ. ਐੱਮ. ਡਬਲਯੂ. 6 ਸੀਰੀਜ਼ ਕੰਵਰਟੇਬਲ, ਇਕ ਲੈਂਡ ਰੋਵਰ, ਰੇਂਜ ਰੋਵਰ ਸਪੋਰਟ, ਬੀ. ਐੱਮ. ਡਬਲਯੂ. ਆਈ8 ਤੇ ਟੋਇਟਾ ਲੈਂਡ ਕਰੂਜ਼ਰ ਵਰਗੀਆਂ ਗੱਡੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਸ਼ਾਹਰੁਖ ਖ਼ਾਨ ਦੀ ਕਿਹੜੀ ਫ਼ਿਲਮ ਸਭ ਤੋਂ ਵਧ ਪਸੰਦ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News