Movie Review: ਹਾਲਾਤ ਤੋਂ ਮਜਬੂਰ ਹੋ ਕੇ ਵਿਦੇਸ਼ ਜਾਣ ਵਾਲੇ ਪੰਜਾਬੀਆਂ ਦੀ ਕਹਾਣੀ ਹੈ ਸ਼ਾਹਰੁਖ ਦੀ ''ਡੰਕੀ''

12/21/2023 3:47:52 PM

ਫ਼ਿਲਮ - ਡੰਕੀ
ਡਾਇਰੈਕਟਰ - ਰਾਜਕੁਮਾਰ ਹਿਰਾਨੀ 
ਪ੍ਰੋਡਿਊਸਰ - ਰਾਜਕੁਮਾਰ ਹਿਰਾਨੀ, ਗੌਰੀ ਖ਼ਾਨ, ਜੌਤੀ ਦੇਸ਼ਪਾਂਡੇ
ਬਜਟ - 120 ਕਰੋੜ ਰੁਪਏ

ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਦੀ ਜਦੋਂ 'ਡੰਕੀ' ਦਾ ਟਰੇਲਰ ਰਿਲੀਜ਼ ਹੋਇਆ ਸੀ ਤਾਂ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਫ਼ਿਲਮ ਇੰਨੀ ਸ਼ਾਨਦਾਰ ਹੋਵੇਗੀ। ਸ਼ਾਹਰੁਖ ਖ਼ਾਨ ਨੇ ਆਪਣੇ ਹੀ ਡਾਇਲਾਗ ਨੂੰ ਸਹੀ ਸਾਬਤ ਕਰ ਦਿੱਤਾ ਹੈ।  

ਫ਼ਿਲਮ ਦੀ ਕਹਾਣੀ
ਪੰਜਾਬ ਦੇ ਇੱਕ ਪਿੰਡ 'ਚ ਰਹਿੰਦੇ ਕੁਝ ਦੋਸਤ ਲੰਡਨ ਜਾਣਾ ਚਾਹੁੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉੱਥੇ ਜਾ ਕੇ ਉਨ੍ਹਾਂ ਦੀ ਗਰੀਬੀ ਹਮੇਸ਼ਾ ਲਈ ਹੋ ਜਾਵੇਗੀ। ਇੱਕ ਨੇ ਆਪਣੀ ਪੁਰਾਣੀ ਪ੍ਰੇਮਿਕਾ ਨੂੰ ਲੈ ਕੇ ਜਾਣਾ ਹੈ, ਜਿਸ ਦਾ ਪਤੀ ਉਸ ਨੂੰ ਕੁੱਟਦਾ ਹੈ। ਉਹ IELTS ਪੇਪਰ ਦੀ ਤਿਆਰੀ ਕਰਦੇ ਹਨ ਪਰ ਅੰਗਰੇਜ਼ੀ ਨਹੀਂ ਸਿੱਖ ਪਾਉਂਦੇ। ਫਿਰ ਉਹ ਗੈਰ-ਕਾਨੂੰਨੀ ਢੰਗ ਨਾਲ 'ਡੌਂਕੀ' ਲਗਾ ਕੇ ਲੰਡਨ ਜਾਣ ਦਾ ਪਲਾਨ ਬਣਾਉਂਦੇ ਹਨ ਅਤੇ ਫਿਰ ਕੀ ਹੁੰਦਾ ਹੈ, ਇਹ ਸਭ ਦੇਖਣ ਲਈ ਤੁਹਾਨੂੰ ਆਪਣੇ ਨੇੜਲੇ ਸਿਨੇਮਾਘਰ 'ਚ ਜਾ ਕੇ ਫ਼ਿਲਮ ਦੇਖਣੀ ਪਵੇਗੀ। ਫ਼ਿਲਮ ਸ਼ੁਰੂ ਤੋਂ ਲੈ ਕੇ ਅੰਤ ਤੱਕ ਸ਼ਾਨਦਾਰ ਹੈ। ਫ਼ਿਲਮ ਤੁਹਾਨੂੰ ਕਿਤੇ ਵੀ ਬੋਰ ਨਹੀਂ ਕਰਦੀ। ਇਸ ਫ਼ਿਲਮ ਨੂੰ ਦੇਖ ਕੇ ਤੁਸੀਂ ਹੱਸੋਗੇ ਵੀ ਅਤੇ ਰੋਵੋਗੇ ਵੀ, ਕਿਉਂਕਿ ਕਈ ਜਗ੍ਹਾ 'ਤੇ ਫ਼ਿਲਮ ਦੇ ਕਈ ਸੀਨਜ਼ ਤੁਹਾਨੂੰ ਭਾਵੁਕ ਕਰ ਦੇਣਗੇ। ਪੂਰੀ ਫ਼ਿਲਮ 'ਚ ਸ਼ਾਹਰੁਖ ਦੇ ਨਾਲ-ਨਾਲ ਬਾਕੀ ਕਿਰਦਾਰਾਂ ਨੂੰ ਵੀ ਬਰਾਬਰ ਦਾ ਮੌਕਾ ਮਿਲਿਆ ਹੈ ਅਤੇ ਇਸ ਕਾਰਨ ਫ਼ਿਲਮ ਹੋਰ ਵੀ ਵਧੀਆ ਬਣ ਜਾਂਦੀ ਹੈ।  

ਐਕਟਿੰਗ
ਸ਼ਾਹਰੁਖ ਨੇ ਹਮੇਸ਼ਾ ਦੀ ਤਰ੍ਹਾਂ ਕਮਾਲ ਦੀ ਐਕਟਿੰਗ ਕੀਤੀ ਹੈ ਪਰ ਫਿਰ ਵੀ ਕਿੰਗ ਖ਼ਾਨ ਇਸ ਫਿਲਮ 'ਚ ਵੱਖਰੇ ਹੀ ਨਜ਼ਰ ਆ ਰਹੇ ਹਨ। ਇਸ ਫ਼ਿਲਮ ਨੂੰ ਸ਼ਾਹਰੁਖ ਦੀਆਂ ਬੈਸਟ ਫ਼ਿਲਮਾਂ 'ਚ ਗਿਣਿਆ ਜਾਵੇਗਾ। ਫ਼ਿਲਮ ਦਾ ਇੱਕ-ਇੱਕ ਕਿਰਦਾਰ ਤੁਹਾਡੇ ਦਿਲ 'ਚ ਉੱਤਰਦਾ ਹੈ। ਇੱਥੇ ਇੱਕ ਜਵਾਨ ਸ਼ਾਹਰੁਖ ਦਿਖਦਾ ਹੈ ਤੇ ਇੱਕ ਬਜ਼ੁਰਗ। ਮੇਕਅੱਪ ਥੋੜਾ ਹੋਰ ਵਧੀਆ ਹੋ ਸਕਦਾ ਸੀ ਪਰ ਫ਼ਿਲਮ ਦੇ ਫਲੋਅ ਨਾਲ ਇਹ ਮਾਇਣੇ ਨਹੀਂ ਰਖਵਾਉਂਦਾ। ਤਾਪਸੀ ਪੰਨੂੰ ਨੇ ਸ਼ਾਨਦਾਰ ਕੰਮ ਕੀਤਾ ਹੈ। ਸ਼ਾਹਰੁਖ ਦੇ ਨਾਲ ਉਹ ਕਾਫੀ ਵਧੀਆ ਲੱਗ ਰਹੀ ਹੈ। ਬੁਢਾਪੇ ਵਾਲੇ ਕਿਰਦਾਰ 'ਚ ਵੀ ਉਹ ਖੂਬ ਜਚਦੀ ਹੈ। ਉਥੇ ਹੀ ਵਿੱਕੀ ਕੌਸ਼ਲ ਨੇ ਦਿਖਾਇਆ ਹੈ ਕਿ ਉਹ ਛੋਟੇ ਕਿਰਦਾਰ ਨਾਲ ਵੀ ਵੱਡਾ ਪ੍ਰਭਾਵ ਛੱਡ ਸਕਦਾ ਹੈ। ਵਿੱਕੀ ਤੁਹਾਨੂੰ ਹਸਾਉਂਦਾ ਵੀ ਹੈ ਤੇ ਰੁਆਉਂਦਾ ਵੀ ਹੈ। ਵਿਕਰਮ ਕੋਚਰ ਸ਼ਾਨਦਾਰ ਹੈ। ਅਨਿਲ ਗਰੋਵਰ ਨੇ ਵੀ ਕਮਾਲ ਦੀ ਐਕਟਿੰਗ ਕੀਤੀ ਹੈ। ਬੋਮਨ ਇਰਾਨੀ ਅਤੇ ਹਿਰਾਨੀ ਦੀ ਜੋੜੀ ਸਾਲਾਂ ਤੋਂ ਚੱਲ ਰਹੀ ਹੈ ਅਤੇ ਇੱਥੇ ਵੀ ਬੋਮਨ ਨੇ ਸ਼ਾਨਦਾਰ ਕੰਮ ਕੀਤਾ ਹੈ।

ਡਾਇਰੈਕਸ਼ਨ ਤੇ ਮਿਊਜ਼ਿਕ
ਸ਼ਾਹਰੁਖ ਖ਼ਾਨ ਹਿਰਾਨੀ 'ਤੇ ਹਾਵੀ ਨਹੀਂ ਹੋ ਸਕੇ ਅਤੇ ਇਸੇ ਲਈ ਇਹ ਫ਼ਿਲਮ ਸ਼ਾਨਦਾਰ ਬਣ ਗਈ ਹੈ। ਉਸ ਦਾ ਕਹਾਣੀ ਕਹਿਣ ਦਾ ਤਰੀਕਾ ਕਾਫ਼ੀ ਭਾਵੁਕ ਹੈ ਅਤੇ ਤੁਸੀਂ ਇਸ ਨਾਲ ਜੁੜ ਜਾਂਦੇ ਹੋ। 'ਡੰਕੀ' ਨੂੰ ਉਨ੍ਹਾਂ ਦੀਆਂ ਬਿਹਤਰੀਨ ਫ਼ਿਲਮਾਂ 'ਚ ਗਿਣਿਆ ਜਾਵੇਗਾ। ਪ੍ਰੀਤਮ ਦਾ ਸੰਗੀਤ ਦਿਲ ਨੂੰ ਛੂਹਣ ਵਾਲਾ ਹੈ। 'ਕਭੀ ਹਮ ਘਰ ਸੇ' ਗੀਤ ਫ਼ਿਲਮ 'ਚ ਜਦੋਂ ਜਦੋਂ ਚੱਲਦਾ ਹੈ। ਤੁਹਾਡੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਅਮਨ ਪੰਤ ਦਾ ਬੈਕਗ੍ਰਾਊਂਡ ਸਕੋਰ ਬਹੁਤ ਵਧੀਆ ਹੈ। ਮੁਕੇਸ਼ ਛਾਬੜਾ ਦੀ ਕਾਸਟਿੰਗ ਸ਼ਾਨਦਾਰ ਹੈ ਅਤੇ ਇਹ ਇਸ ਫ਼ਿਲਮ ਦੇ ਇੰਨੇ ਸ਼ਾਨਦਾਰ ਬਣਨ ਦਾ ਇੱਕ ਵੱਡਾ ਕਾਰਨ ਹੈ। ਕੁੱਲ ਮਿਲਾ ਕੇ ਇਹ ਸਾਲ 2023 ਦੀ ਬੇਹਤਰੀਨ ਫ਼ਿਲਮ ਹੈ।


sunita

Content Editor

Related News