ਹਿੰਦੂਆਂ ਖ਼ਿਲਾਫ਼ ਪਾਕਿਸਤਾਨੀ ਪ੍ਰਾਪੇਗੰਡਾ, ਵੈੱਬ ਸੀਰੀਜ਼ ‘ਸੇਵਕ’ ’ਤੇ ਭਾਰਤ ਨੇ ਲਗਾਈ ਪਾਬੰਦੀ

12/13/2022 11:31:44 AM

ਜਲੰਧਰ (ਸਪੈਸ਼ਲ ਡੈਸਕ)– ਭਾਰਤ ਨੇ ਪਾਕਿਸਤਾਨ ਦੀ ਪ੍ਰਾਪੇਗੰਡਾ ਵੈੱਬ ਸੀਰੀਜ਼ ‘ਸੇਵਕ’ ’ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਸੋਮਵਾਰ ਨੂੰ ਪਾਕਿਸਤਾਨ ਆਧਾਰਿਤ ਓ. ਟੀ. ਟੀ. ਪਲੇਟਫਾਰਮ ਵੀਡਲੀ ਟੀ. ਵੀ. ਦੀ ਵੈੱਬਸਾਈਟ, ਦੋ ਐਪਸ, ਚਾਰ ਸੋਸ਼ਲ ਮੀਡੀਆ ਪਲੇਟਫਾਰਮਜ਼ ਤੇ ਇਕ ਸਮਾਰਟ ਟੀ. ਵੀ. ਐਪ ਨੂੰ ਬਲਾਕ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦੱਸ ਦੇਈਏ ਕਿ ਹਾਲ ਹੀ ’ਚ ਪਾਕਿਸਤਾਨ ਦੇ ਵੀਡਲੀ ਪਲੇਟਫਾਰਮ ਨੇ ‘ਸੇਵਕ : ਦਿ ਕਨਫੈਸ਼ਨ’ ਰਿਲੀਜ਼ ਕੀਤਾ ਸੀ, ਜਿਸ ’ਚ ਭਾਰਤ ਤੇ ਹਿੰਦੂ ਵਿਰੋਧੀ ਮਾਨਸਿਕਤਾ ਨੂੰ ਦਰਸਾਇਆ ਗਿਆ ਹੈ। ਇਸ ਵੈੱਬ ਸੀਰੀਜ਼ ਦੇ ਜ਼ਰੀਏ ਖ਼ਾਲਿਸਤਾਨੀ ਅੱਤਵਾਦ ਤੇ ਹਿੰਦੂਆਂ ਪ੍ਰਤੀ ਨਫਰਤ ਨੂੰ ਉਤਸ਼ਾਹਿਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਵੈੱਬ ਸੀਰੀਜ਼ ਦੇ ਬਹਾਨੇ ਹਿੰਦੂ ਅੱਤਵਾਦ ਦੇ ਵਿਚਾਰ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰਤ ਦੀ ਅਖੰਡਤਾ, ਏਕਤਾ ਤੇ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਆਈ. ਟੀ. ਨਿਯਮ 2021 ਦੇ ਤਹਿਤ ਇਸ ਦੇ ਪ੍ਰਸਾਰਣ ’ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਤੱਕ ਇਸ ਦੇ ਤਿੰਨ ਐਪੀਸੋਡ ਰਿਲੀਜ਼ ਹੋ ਚੁੱਕੇ ਹਨ। ਪਹਿਲਾ ਐਪੀਸੋਡ 26 ਨਵੰਬਰ ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਸੀਰੀਜ਼ ਦੇ ਲੇਖਕ ਸਾਜੀ ਗੁਲ ਹਨ ਤੇ ਇਸ ਦਾ ਨਿਰਦੇਸ਼ਨ ਅੰਜੁਮ ਸ਼ਹਿਜ਼ਾਦ ਨੇ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੀ ਪਰਾਕ ਤੇ ਮੀਰਾ ਬਚਨ ਦਾ ਸੁਫ਼ਨਾ ਹੋਇਆ ਪੂਰਾ, ਮੋਹਾਲੀ 'ਚ ਖੋਲ੍ਹਿਆ 'ਮੀਰਾਕ' ਰੈਸਟੋਰੈਂਟ (ਤਸਵੀਰਾਂ)

ਸੀਰੀਜ਼ ’ਚ ਦੀਪ ਸਿੱਧੂ ਤੇ ਗੌਰੀ ਲੰਕੇਸ਼ ਨੂੰ ਦਿਖਾਇਆ ਗਿਆ
ਵੈੱਬ ਸੀਰੀਜ਼ ’ਚ ਹਿੰਦੂਆਂ ਨੂੰ ਗਲਤ ਨਜ਼ਰੀਏ ’ਚ ਦਿਖਾਇਆ ਗਿਆ ਹੈ। ਇਸ ’ਚ 1984 ਦੇ ਦੰਗੇ, ਗੁਜਰਾਤ ਦੰਗੇ, ਬਾਬਰੀ ਮਸਜਿਦ ਵਿਵਾਦ ਨੂੰ ਪਾਕਿਸਤਾਨੀ ਨਜ਼ਰੀਏ ਤੋਂ ਦਿਖਾਇਆ ਗਿਆ ਹੈ ਤਾਂ ਜੋ ਲੋਕਾਂ ਦੇ ਮਨਾਂ ’ਚ ਹਿੰਦੂ ਵਿਰੋਧੀ ਭਾਵਨਾ ਨੂੰ ਵਧਾਇਆ ਜਾ ਸਕੇ। ਹਿੰਦੂ ਸੰਤਾਂ ਖ਼ਿਲਾਫ਼ ਨਫ਼ਰਤ ਨੂੰ ਪਰੋਸਿਆ ਗਿਆ ਹੈ। ਇਸ ਤੋਂ ਇਲਾਵਾ ਵੈੱਬ ਸੀਰੀਜ਼ ’ਚ ਦੀਪ ਸਿੱਧੂ, ਹੇਮੰਤ ਕਰਕਰੇ, ਗੌਰੀ ਲੰਕੇਸ਼, ਜੁਨੈਦ ਖ਼ਾਨ ਦੀ ਜ਼ਿੰਦਗੀ ਦੇ ਕੁਝ ਹਿੱਸੇ ਵੀ ਦਿਖਾਏ ਗਏ ਹਨ।

ਭਾਰਤ ’ਚ ਹੋ ਰਿਹਾ ਸੀ ਵਿਰੋਧ
ਹਿੰਦੂਆਂ ਤੇ ਭਾਰਤ ਖ਼ਿਲਾਫ਼ ਜ਼ਹਿਰ ਉਗਲਣ ਵਾਲੀ ਇਸ ਵੈੱਬ ਸੀਰੀਜ਼ ਦਾ ਭਾਰਤ ’ਚ ਵਿਰੋਧ ਹੋ ਰਿਹਾ ਸੀ। ਲੋਕ ਸੋਸ਼ਲ ਮੀਡੀਆ ’ਤੇ ਇਸ ਖ਼ਿਲਾਫ਼ ਬੋਲ ਰਹੇ ਹਨ। ਉਹ ਵੈੱਬ ਸੀਰੀਜ਼ ’ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਦੇਸ਼ (ਪਾਕਿਸਤਾਨ) ਹਿੰਦੂ ਅੱਤਵਾਦ ਦਾ ਪ੍ਰਾਪੇਗੰਡਾ ਫੈਲਾ ਰਿਹਾ ਹੈ, ਜੋ ਖ਼ੁਦ ਇਸਲਾਮਿਕ ਅੱਤਵਾਦ ਦਾ ਪਾਲਣ-ਪੋਸ਼ਣ ਕਰਦਾ ਹੈ।

ਅਖ਼ਬਾਰ ਨੇ ਖੋਲ੍ਹੀ ਪਾਕਿਸਤਾਨ ਦੀ ਪੋਲ
ਪਾਕਿਸਤਾਨੀ ਅਖ਼ਬਾਰ ਡਾਅਨ ਨੇ ਅਮਰੀਕੀ ਸਰਕਾਰ ਦੇ ਕਮਿਸ਼ਨ ਦੀ ਰਿਪੋਰਟ ਦੇ ਹਵਾਲੇ ਤੋਂ ਖ਼ੁਦ ਪਾਕਿ ਦੀ ਪੋਲ ਖੋਲ੍ਹੀ ਸੀ। ਅਖ਼ਬਾਰ ਨੇ ਦੱਸਿਆ ਸੀ ਕਿ ਕਿਵੇਂ ਪਾਕਿਸਤਾਨ ਦੀਆਂ ਪਾਠ ਪੁਸਤਕਾਂ ’ਚ ਹਿੰਦੂ, ਸਿੱਖ ਤੇ ਹੋਰ ਧਰਮਾਂ ਦੀਆਂ ਘੱਟ ਗਿਣਤੀਆਂ ਨੂੰ ਨਫ਼ਰਤ ਕਰਨਾ ਸਿਖਾਉਂਦੀਆਂ ਹਨ। ਇਸ ਦੇ ਨਾਲ ਹੀ ਦੂਜੇ ਧਰਮਾਂ ਨੂੰ ਇਸਲਾਮ ਦੇ ਦੁਸ਼ਮਣ ਵਜੋਂ ਪ੍ਰਚਾਰਿਆ ਜਾਂਦਾ ਹੈ। ਹੁਣ ਪਾਕਿਸਤਾਨ ਇਕ ਹੋਰ ਨਾਪਾਕ ਕੋਸ਼ਿਸ਼ ’ਚ ਲੱਗਾ ਹੋਇਆ ਹੈ।

ਇਸ ਤਰ੍ਹਾਂ ਹੁੰਦੀ ਹੈ ਕਹਾਣੀ ਸ਼ੁਰੂ
ਕਹਾਣੀ ਸ਼ੁਰੂ ਹੁੰਦੀ ਹੈ ਇਕ ਪੰਜਾਬੀ ਅਦਾਕਾਰ ਜੀਤ ਸਿੰਘ ਦੀ ਮੌਤ ਨਾਲ ਜੋ ਇਕ ਹਾਦਸੇ ’ਚ ਮਾਰਿਆ ਜਾਂਦਾ ਹੈ ਪਰ ਇਹ ਵੀ ਦਿਖਾਇਆ ਜਾਂਦਾ ਹੈ ਕਿ ਇਹ ਕੋਈ ਹਾਦਸਾ ਨਹੀਂ ਹੈ, ਸਗੋਂ ਇਸ ਪਿੱਛੇ ਵੱਡੀ ਸਾਜ਼ਿਸ਼ ਹੈ। ਜੀਤ ਦੇ ਯੋਜਨਾਬੱਧ ਕਤਲ ਨੂੰ ਲੈ ਕੇ ਵਿਦਿਆ ਨਾਂ ਦੀ ਪੱਤਰਕਾਰ ਨੂੰ ਇਕ ਮੁਖਬਰ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਉਹ ਸੱਚਾਈ ਦਾ ਪਤਾ ਲਗਾਉਣ ਲਈ ਤਿਆਰ ਹੋ ਜਾਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News