ਸਰਗੁਣ ਮਹਿਤਾ ਦਾ ਖ਼ੁਲਾਸਾ, ਇਸ ਅਦਾਕਾਰਾ ਨੂੰ ਦੇਖ ਜਾਗੇ ਸਨ ਅਦਾਕਾਰੀ ਦੇ ''ਅਰਮਾਨ''
08/27/2020 9:43:30 AM

ਜਲੰਧਰ (ਬਿਊਰੋ) — ਪੰਜਾਬੀ ਫ਼ਿਲਮ ਉਦਯੋਗ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੇ ਬਰਥਡੇ 'ਤੇ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਸਰਗੁਣ ਮਹਿਤਾ ਨੇ ਨੀਰੂ ਬਾਜਵਾ ਨੂੰ ਬਰਥਡੇ ਦੀ ਵਧਾਈ ਦਿੰਦੇ ਹੋਏ ਆਪਣੇ ਕਰੀਅਰ ਦੇ ਖ਼ੁਲਾਸੇ ਕੀਤੇ ਹਨ। ਸਰਗੁਣ ਮਹਿਤਾ ਨੇ ਕਿਹਾ ਹੈ ਕਿ ਨੀਰੂ ਬਾਜਵਾ ਹੀ ਉਹ ਅਦਾਕਾਰਾ ਹੈ, ਜਿਸ ਨੂੰ ਦੇਖ ਕੇ ਮੈਨੂੰ ਲੱਗਿਆ ਸੀ ਕਿ ਮੈਂ ਪੰਜਾਬੀ ਫ਼ਿਲਮ ਉਦਯੋਗ 'ਚ ਹੀ ਆਪਣਾ ਕਰੀਅਰ ਬਣਾਵਾਂਗੀ।
ਸਰਗੁਣ ਮਹਿਤਾ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ 'ਪਹਿਲੀ ਪੰਜਾਬੀ ਫ਼ਿਲਮ 'ਜੱਟ ਜੂਲੀਅਟ' ਦੇਖੀ ਸੀ ..ਨੀਰੂ ਜੀ ਦੀ ਐਂਟਰੀ 'ਤੇ ਇੰਨ੍ਹੀਆਂ ਤਾੜੀਆਂ ਅਤੇ ਸੀਟੀਆਂ ਵੱਜੀਆਂ ਸਨ ਕਿ ਮੈਨੂੰ ਲੱਗਿਆ ਗਿਆ ਕਿ ਇਹ ਕਰਨਾ ਹੈ, ਮੈਂ…ਸਾਡੇ ਵਰਗੀਆਂ ਲਈ ਪ੍ਰੇਰਨਾ ਬਣਨ ਅਤੇ ਬਹੁਤ ਸਾਰੀਆਂ ਹੀਰੋਇਨਾਂ ਲਈ ਰਾਹ ਪੱਧਰਾ ਕਰਨ ਲਈ ਧੰਨਵਾਦ... ਜਨਮਦਿਨ ਮੁਬਾਰਕ। ਮੈਂ ਬਹੁਤ ਖੁਸ਼ ਹਾਂ ਕਿ ਤੁਹਾਡੇ ਨਾਲ ਇੱਕ ਵਾਰ ਨਹੀਂ ਦੋ ਵਾਰ ਸਕ੍ਰੀਨ ਸਾਂਝਾ ਕਰਨ ਦਾ ਮੌਕਾ ਮਿਲਿਆ। ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਆਪਾਂ ਇੱਕਠੇ ਕੰਮ ਕਰਾਂਗੇ।' ਸਰਗੁਣ ਮਹਿਤਾ ਵੱਲੋਂ ਸਾਂਝੀ ਕੀਤੀ ਇਸ ਪੋਸਟ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਇਸ ਫ਼ਿਲਮ ਤੋਂ ਬਾਅਦ ਸਰਗੁਣ ਮਹਿਤਾ ਲਗਾਤਾਰ ਪੰਜਾਬੀ ਫ਼ਿਲਮਾਂ 'ਚ ਸਰਗਰਮ ਹਨ। ਉਨ੍ਹਾਂ ਦੀਆਂ ਫ਼ਿਲਮਾਂ ਬਾਕਸ ਆਫ਼ਿਸ ਦੇ ਹਿੱਟ ਸਾਬਿਤ ਹੁੰਦੀਆਂ ਹਨ। ਸਰਗੁਣ ਮਹਿਤਾ ਪੰਜਾਬੀ ਗੀਤਾਂ ਦੇ ਨਾਲ-ਨਾਲ ਫ਼ਿਲਮਾਂ 'ਚ ਵੀ ਸਰਗਰਮ ਹਨ।
ਹਾਲ ਹੀ 'ਚ ਉਹ ਬੀਨੂੰ ਢਿੱਲੋਂ ਨਾਲ ਫ਼ਿਲਮ 'ਝੱਲੇ' 'ਚ ਵਿਖਾਈ ਦਿੱਤੇ ਸਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇੱਕ ਹੋਰ ਫ਼ਿਲਮ 'ਕਿਸਮਤ-2' ਦਾ ਪੋਸਟਰ ਸਾਂਝਾ ਕੀਤਾ ਸੀ। ਇਹ ਫ਼ਿਲਮ 'ਕਿਸਮਤ' ਦਾ ਸੀਕਵਲ ਹੈ। ਇਸ ਦੇ ਨਾਲ ਹੀ ਉਹ ਐਮੀ ਵਿਰਕ ਅਤੇ ਨਿਮਰਤ ਖਹਿਰਾ ਨਾਲ ਫ਼ਿਲਮ 'ਸੌਂਕਣ ਸੌਂਕਣੇ' 'ਚ ਵੀ ਨਜ਼ਰ ਆਉਣਗੇ।