ਸੰਜੇ ਕਪੂਰ ਦੇ ਜਾਇਦਾਦ ਵਿਵਾਦ ''ਚ ਨਵਾਂ ਮੋੜ, ਕਰਿਸ਼ਮਾ ਦੇ ਬੱਚਿਆਂ ਨੇ ਪ੍ਰਿਆ ਸਚਦੇਵ ''ਤੇ ਲਗਾਏ ਗੰਭੀਰ ਦੋਸ਼

Tuesday, Nov 18, 2025 - 01:18 PM (IST)

ਸੰਜੇ ਕਪੂਰ ਦੇ ਜਾਇਦਾਦ ਵਿਵਾਦ ''ਚ ਨਵਾਂ ਮੋੜ, ਕਰਿਸ਼ਮਾ ਦੇ ਬੱਚਿਆਂ ਨੇ ਪ੍ਰਿਆ ਸਚਦੇਵ ''ਤੇ ਲਗਾਏ ਗੰਭੀਰ ਦੋਸ਼

ਐਂਟਰਟੇਨਮੈਂਟ ਡੈਸਕ- ਅਦਾਕਾਰਾ ਕਰਿਸ਼ਮਾ ਕਪੂਰ ਦੇ ਮਰਹੂਮ ਸਾਬਕਾ ਪਤੀ ਤੇ ਬਿਜ਼ਨੈੱਸਮੈਨ ਸੰਜੇ ਕਪੂਰ ਦੀ ਪ੍ਰਾਪਰਟੀ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਇਹ ਜਾਇਦਾਦ ਕਰੀਬ 30,000 ਕਰੋੜ ਰੁਪਏ ਦੀ ਦੱਸੀ ਜਾਂਦੀ ਹੈ ਜਿਸ ਕਾਰਨ ਇਹ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ।
ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀ ਕਥਿਤ ਵਸੀਅਤ ਨੂੰ ਲੈ ਕੇ ਨਵਾਂ ਆਦੇਸ਼ ਜਾਰੀ ਕੀਤਾ ਹੈ।
ਕੋਰਟ ਨੇ ਪ੍ਰਿਆ ਸਚਦੇਵ ਤੋਂ ਮੰਗਿਆ ਜਵਾਬ
ਕੋਰਟ ਦੇ ਸੰਯੁਕਤ ਰਜਿਸਟਰਾਰ (ਜੁਡੀਸ਼ੀਅਲ) ਗਗਨਦੀਪ ਜਿੰਦਲ ਨੇ ਇਸ ਮਾਮਲੇ ਵਿੱਚ ਸੰਜੇ ਕਪੂਰ ਦੀ ਪਤਨੀ ਪ੍ਰਿਆ ਸਚਦੇਵ (ਜਿਨ੍ਹਾਂ ਨੂੰ ਪ੍ਰਿਆ ਕਪੂਰ ਵੀ ਕਿਹਾ ਜਾਂਦਾ ਹੈ) ਅਤੇ ਵਸੀਅਤ ਦੀ ਨਿਯੁਕਤ ਨਿਸ਼ਪਾਦਕ ਸ਼ਰਧਾ ਸੂਰੀ ਮਾਰਵਾਹ ਤੋਂ ਜਵਾਬ ਦਾਖਲ ਕਰਨ ਲਈ ਕਿਹਾ ਹੈ। ਅਦਾਲਤ ਨੇ ਦੋਵਾਂ ਧਿਰਾਂ ਨੂੰ ਨੋਟਿਸ ਜਾਰੀ ਕਰਦਿਆਂ ਤਿੰਨ ਹਫ਼ਤਿਆਂ ਵਿੱਚ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ।
ਬੱਚਿਆਂ ਦਾ ਵੱਡਾ ਦਾਅਵਾ: "ਵਸੀਅਤ ਪੂਰੀ ਤਰ੍ਹਾਂ ਜਾਅਲੀ"
ਕਰਿਸ਼ਮਾ ਕਪੂਰ ਦੇ ਦੋਵਾਂ ਬੱਚਿਆਂ ਨੇ ਸੰਜੇ ਕਪੂਰ ਦੀ ਕਥਿਤ ਵਸੀਅਤ ਦੀ ਸੱਚਾਈ 'ਤੇ ਸਵਾਲ ਉਠਾਏ ਹਨ। ਬੱਚਿਆਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਸੀਅਤ "ਪੂਰੀ ਤਰ੍ਹਾਂ ਜਾਅਲੀ ਹੈ। ਉਨ੍ਹਾਂ ਦੇ ਅਨੁਸਾਰ ਵਸੀਅਤ 'ਤੇ ਮੌਜੂਦ ਦਸਤਖਤ ਸੰਜੇ ਕਪੂਰ ਦੇ ਨਹੀਂ ਹਨ।
ਬੱਚਿਆਂ ਨੇ ਦੋਸ਼ ਲਾਇਆ ਹੈ ਕਿ ਇਹ ਕਥਿਤ ਦਸਤਖਤ ਪ੍ਰਿਆ ਸਚਦੇਵ ਨੇ ਗਵਾਹਾਂ ਦੀ ਮਦਦ ਨਾਲ ਕਰਵਾਏ ਹਨ ਅਤੇ ਵਸੀਅਤ "ਧੋਖਾਧੜੀ ਅਤੇ ਜਾਲਸਾਜ਼ੀ" ਤਹਿਤ ਤਿਆਰ ਕੀਤੀ ਗਈ ਹੈ। ਬੱਚਿਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਕਥਿਤ ਵਸੀਅਤ ਦੀ ਮੂਲ ਕਾਪੀ ਦਾ ਨਿਰੀਖਣ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਉਹ ਸੱਚਾਈ ਦੀ ਜਾਂਚ ਕਰ ਸਕਣ।
ਬੱਚਿਆਂ ਨੇ ਅਦਾਲਤ ਵਿੱਚ ਪ੍ਰਿਆ ਕਪੂਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਲਾਲਚ ਵਿੱਚ ਪਰਿਵਾਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਪ੍ਰਿਆ ਦੇ ਵਿਵਹਾਰ ਦੀ ਤੁਲਨਾ "ਸਿੰਡਰੇਲਾ ਦੀ ਸੌਤੇਲੀ ਮਾਂ" ਨਾਲ ਕੀਤੀ, ਜੋ ਆਪਣੇ ਸੌਤੇਲੇ ਬੱਚਿਆਂ ਨਾਲ ਬੁਰਾ ਵਿਵਹਾਰ ਕਰਦੀ ਹੈ।
ਇਸ ਤੋਂ ਇਲਾਵਾ ਕਰਿਸ਼ਮਾ ਦੇ ਬੱਚਿਆਂ ਦੁਆਰਾ ਇੱਕ ਅੰਤਰਿਮ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ, ਜਿਸ ਵਿੱਚ ਪ੍ਰਿਆ ਨੂੰ ਸੰਜੇ ਕਪੂਰ ਦੀ ਜਾਇਦਾਦ ਤੋਂ ਉਨ੍ਹਾਂ ਨੂੰ ਅਲੱਗ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਗਈ ਹੈ। ਇਸ ਪਟੀਸ਼ਨ 'ਤੇ ਸੁਣਵਾਈ 20 ਨਵੰਬਰ ਨੂੰ ਹੋਵੇਗੀ।
ਪ੍ਰਿਆ ਕਪੂਰ ਦਾ ਤਰਕ: ਦੋਸ਼ ਝੂਠੇ, 1,900 ਕਰੋੜ ਪਹਿਲਾਂ ਹੀ ਮਿਲ ਚੁੱਕੇ
ਪ੍ਰਿਆ ਕਪੂਰ ਦੇ ਵਕੀਲ ਨੇ ਅਦਾਲਤ ਵਿੱਚ ਬੱਚਿਆਂ ਦੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਅਤੇ ਉਨ੍ਹਾਂ ਨੂੰ "ਝੂਠੇ ਅਤੇ ਆਧਾਰਹੀਣ/ਮਨਘੜਤ" ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਵਸੀਅਤ ਵਿੱਚ ਸਿਰਫ਼ ਸ਼ਬਦਾਂ ਦੀਆਂ ਗਲਤੀਆਂ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਜਾਅਲੀ ਹੈ।
ਪ੍ਰਿਆ ਕਪੂਰ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਕਰਿਸ਼ਮਾ ਕਪੂਰ ਦੇ ਦੋਵਾਂ ਬੱਚਿਆਂ ਨੂੰ ਪਰਿਵਾਰਕ ਟਰੱਸਟ ਵਿੱਚੋਂ ਪਹਿਲਾਂ ਹੀ ਲਗਭਗ 1,900 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।
 


author

Aarti dhillon

Content Editor

Related News