'ਸੰਜੇ ਦੱਤ ਦੇ ਵਾਲ ਖਿੱਚ ਕੇ ਥੱਪੜ ਮਾਰਿਆ', ਅਦਾਕਾਰ ਨੂੰ ਗ੍ਰਿਫ਼ਤਾਰ ਕਰਨ ਵਾਲੇ ਅਫਸਰ ਦਾ ਵੱਡਾ ਖੁਲਾਸਾ
Friday, Dec 12, 2025 - 06:51 PM (IST)
ਮੁੰਬਈ- ਬਾਲੀਵੁੱਡ ਦੇ ਵਿਵਾਦਿਤ ਅਦਾਕਾਰਾਂ ਵਿੱਚੋਂ ਇੱਕ ਸੰਜੇ ਦੱਤ, ਜੋ ਆਪਣੇ ਡਰੱਗ ਐਡਿਕਸ਼ਨ ਅਤੇ ਜੁਰਮ ਨਾਲ ਜੁੜਾਅ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਹਨ। ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਸਭ ਤੋਂ ਵੱਡੇ ਵਿਵਾਦ, 1993 ਦੇ ਮੁੰਬਈ ਬੰਬ ਧਮਾਕਿਆਂ ਦੀ ਜਾਂਚ ਕਰਨ ਵਾਲੇ ਆਈਪੀਐਸ ਅਧਿਕਾਰੀ ਰਾਕੇਸ਼ ਮਾਰੀਆ ਨੇ ਹਾਲ ਹੀ ਵਿੱਚ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ।
ਮਾਰੀਆ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਸੰਜੇ ਦੱਤ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ, ਤਾਂ ਸੱਚ ਕਬੂਲ ਕਰਵਾਉਣ ਲਈ ਉਨ੍ਹਾਂ ਨੇ ਐਕਟਰ ਨੂੰ ਥੱਪੜ ਮਾਰਿਆ ਅਤੇ ਉਸਦੇ ਵਾਲ ਖਿੱਚੇ। ਇਸ ਤੋਂ ਬਾਅਦ ਜਦੋਂ ਸੰਜੇ ਦੱਤ ਦੀ ਮੁਲਾਕਾਤ ਪਿਤਾ ਸੁਨੀਲ ਦੱਤ ਨਾਲ ਹੋਈ, ਤਾਂ ਉੱਥੇ ਇੱਕ ਬਹੁਤ ਹੀ ਭਾਵੁਕ ਦ੍ਰਿਸ਼ ਪੈਦਾ ਹੋ ਗਿਆ।
'ਥੱਪੜ ਮਾਰਿਆ, ਕੁਰਸੀ ਸਮੇਤ ਪਿੱਛੇ ਝੁਕ ਗਏ'
ਆਈਪੀਐਸ ਅਧਿਕਾਰੀ ਰਾਕੇਸ਼ ਮਾਰੀਆ ਨੇ ਦੱਸਿਆ ਕਿ ਜਾਂਚ ਵਿੱਚ ਸੰਜੇ ਦੱਤ ਦਾ ਨਾਮ ਹਨੀਫ ਕਡਾਵਾਲਾ ਅਤੇ ਸਮੀਰ ਹਿੰਗੋਰਾ ਰਾਹੀਂ ਸਾਹਮਣੇ ਆਇਆ ਸੀ, ਜਿਨ੍ਹਾਂ ਨੇ ਅੱਤਵਾਦੀਆਂ ਨੂੰ ਹਥਿਆਰ ਲੁਕਾਉਣ ਲਈ ਸੰਜੇ ਦੱਤ ਦਾ ਘਰ ਸੁਝਾਇਆ ਸੀ। ਜਦੋਂ ਸੰਜੇ ਦੱਤ ਮੌਰੀਸ਼ਸ ਤੋਂ ਭਾਰਤ ਪਰਤੇ ਤਾਂ ਉਨ੍ਹਾਂ ਨੂੰ ਏਅਰਪੋਰਟ ਤੋਂ ਹੀ ਚੁੱਕ ਲਿਆ ਗਿਆ ਅਤੇ ਕ੍ਰਾਈਮ ਬ੍ਰਾਂਚ ਲਿਆਂਦਾ ਗਿਆ।
ਮਾਰੀਆ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸੰਜੇ ਦੱਤ ਦੇ ਕਮਰੇ ਵਿੱਚ ਗਏ ਤਾਂ ਸੰਜੇ ਨੇ ਨਿਰਦੋਸ਼ ਹੋਣ ਦਾ ਦਾਅਵਾ ਕੀਤਾ। ਮਾਰੀਆ ਨੇ ਕਿਹਾ, "ਉਸ ਵਕਤ ਕਈ ਦਿਨਾਂ ਦਾ ਤਣਾਅ ਅਚਾਨਕ ਮੇਰੇ 'ਤੇ ਹਾਵੀ ਹੋ ਗਿਆ"। ਉਨ੍ਹਾਂ ਨੇ ਦੱਸਿਆ ਕਿ: ਮੈਂ ਸੰਜੇ ਕੋਲ ਗਿਆ ਅਤੇ ਇੱਕ ਥੱਪੜ ਮਾਰਿਆ, ਉਹ ਕੁਰਸੀ ਸਮੇਤ ਪਿੱਛੇ ਝੁਕ ਗਏ। ਮੈਂ ਉਨ੍ਹਾਂ ਦੇ ਬਾਲ ਫੜ੍ਹ ਕੇ ਖਿੱਚੇ ਅਤੇ ਕਿਹਾ ਕਿ ਉਹ 'ਸ਼ਰੀਫਾਂ ਵਾਂਗ' ਗੱਲ ਕਰੇ।
ਇਸ ਤੋਂ ਬਾਅਦ ਸੰਜੇ ਨੇ ਇਕੱਲੇ ਵਿੱਚ ਗੱਲ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਪੂਰੀ ਕਹਾਣੀ ਦੱਸੀ। ਸੰਜੇ ਨੇ ਮਾਰੀਆ ਨੂੰ ਬੇਨਤੀ ਕੀਤੀ, "ਮੈਂ ਗਲਤੀ ਕਰ ਦਿੱਤੀ, ਪਾਪਾ ਨੂੰ ਨਾ ਦੱਸਣਾ"। ਮਾਰੀਆ ਨੇ ਜਵਾਬ ਦਿੱਤਾ ਕਿ ਜੇਕਰ ਗਲਤੀ ਕੀਤੀ ਹੈ ਤਾਂ 'ਮਰਦ ਬਣੋ'।
ਪਿਤਾ ਦੇ ਪੈਰਾਂ 'ਤੇ ਡਿੱਗ ਕੇ ਰੋਏ ਅਦਾਕਾਰ
ਉਸੇ ਸ਼ਾਮ ਸੁਨੀਲ ਦੱਤ, ਰਾਜੇਂਦਰ ਕੁਮਾਰ, ਮਹੇਸ਼ ਭੱਟ, ਯਸ਼ ਜੌਹਰ ਸਮੇਤ ਕਈ ਲੋਕ ਸੰਜੇ ਨੂੰ ਮਿਲਣ ਆਏ। ਸੁਨੀਲ ਦੱਤ ਅਤੇ ਹੋਰਾਂ ਨੇ ਮਾਰੀਆ ਨੂੰ ਭਰੋਸਾ ਦਿਵਾਇਆ ਕਿ ਸੰਜੇ ਨਿਰਦੋਸ਼ ਹਨ। ਮਾਰੀਆ ਨੇ ਉਸ ਭਾਵੁਕ ਪਲ ਨੂੰ ਯਾਦ ਕਰਦਿਆਂ ਦੱਸਿਆ, "ਪਿਤਾ ਨੂੰ ਦੇਖਦੇ ਹੀ ਉਹ ਬੱਚੇ ਦੀ ਤਰ੍ਹਾਂ ਰੋ ਪਏ"। ਸੰਜੇ ਦੱਤ ਆਪਣੇ ਪਿਤਾ ਦੇ ਪੈਰਾਂ 'ਤੇ ਡਿੱਗ ਪਏ ਅਤੇ ਕਿਹਾ- 'ਪਾਪਾ, ਗਲਤੀ ਹੋ ਗਈ ਮੇਰੇ ਤੋਂ'"। ਮਾਰੀਆ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਅਜਿਹਾ ਕਿਸੇ ਪਿਤਾ ਨਾਲ ਹੋਵੇ, ਕਿਉਂਕਿ ਉਸ ਸਮੇਂ ਸੁਨੀਲ ਦੱਤ ਦਾ ਚਿਹਰਾ ਪੀਲਾ ਪੈ ਗਿਆ ਸੀ। ਸੰਜੇ ਦੱਤ ਨੇ 2016 ਵਿੱਚ ਆਪਣੀ ਜੇਲ੍ਹ ਦੀ ਸਜ਼ਾ ਪੂਰੀ ਕੀਤੀ ਸੀ। ਫਿਲਹਾਲ ਉਹ ਆਪਣੀ ਫਿਲਮ 'ਧੁਰੰਧਰ' ਨੂੰ ਲੈ ਕੇ ਚਰਚਾ ਵਿੱਚ ਹਨ।
