ਸਲਮਾਨ ਖ਼ਾਨ ‘ਟਾਈਗਰ 3’ ਨਾਲ ਦੀਵਾਲੀ ’ਤੇ ਕਰਨਗੇ ਵੱਡਾ ਧਮਾਕਾ, ਵਾਪਸ ਲਿਆਉਣਗੇ ਬਾਕਸ ਆਫਿਸ ਦੀ ਰੌਣਕ
Wednesday, Oct 18, 2023 - 12:45 PM (IST)
ਮੁੰਬਈ (ਬਿਊਰੋ)– ਪਿਛਲੇ ਮਹੀਨੇ ਸਤੰਬਰ ਦੇ ਪਹਿਲੇ ਹਫ਼ਤੇ ਸ਼ਾਹਰੁਖ ਖ਼ਾਨ ਦੀ ਮੈਗਾ ਬਲਾਕਬਸਟਰ ਫ਼ਿਲਮ ‘ਜਵਾਨ’ ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ ’ਤੇ 600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਨਵਾਂ ਰਿਕਾਰਡ ਬਣਾਇਆ ਹੈ ਪਰ ਉਸ ਤੋਂ ਬਾਅਦ ਡੇਢ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ ਤੇ ਦੋ ਦਰਜਨ ਤੋਂ ਵੱਧ ਵੱਡੀਆਂ ਤੇ ਛੋਟੀਆਂ ਫ਼ਿਲਮਾਂ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀਆਂ ਹਨ ਪਰ ‘ਜਵਾਨ’ ਤੋਂ ਬਾਅਦ ਕੋਈ ਵੀ ਫ਼ਿਲਮ ਭਾਰਤੀ ਬਾਕਸ ਆਫਿਸ ’ਤੇ 100 ਕਰੋੜ ਦੇ ਕਲੱਬ ’ਚ ਐਂਟਰੀ ਨਹੀਂ ਕਰ ਸਕੀ। ਸਤੰਬਰ ਦੇ ਮਹੀਨੇ ‘ਜਵਾਨ’ ਕਰਕੇ ਸਿਨੇਮਾਘਰਾਂ ਨੂੰ ਕਿਸੇ ਹੋਰ ਹਿੱਟ ਫ਼ਿਲਮ ਦੀ ਕਮੀ ਮਹਿਸੂਸ ਨਹੀਂ ਹੋਈ ਪਰ ਫ਼ਿਲਮ ਇੰਡਸਟਰੀ ਨਿਰਾਸ਼ ਹੈ ਕਿਉਂਕਿ ਸਤੰਬਰ ਦੇ ਆਖਰੀ ਵੀਕੈਂਡ ਤੇ ਅਕਤੂਬਰ ਦੇ ਪਹਿਲੇ ਵੀਕੈਂਡ ਨੂੰ ਰਿਲੀਜ਼ ਹੋਈਆਂ ਫ਼ਿਲਮਾਂ ਕੁਝ ਖ਼ਾਸ ਕਮਾਲ ਨਹੀਂ ਕਰ ਸਕੀਆਂ।
ਫ਼ਿਲਮ ਜਗਤ ’ਚ ਇਕ ਅਜਿਹਾ ਅਸੂਲ ਹੈ ਕਿ ਆਮ ਤੌਰ ’ਤੇ ਵੱਡੀ ਫ਼ਿਲਮ ਰਿਲੀਜ਼ ਹੋਣ ਤੋਂ ਇਕ ਹਫ਼ਤਾ ਪਹਿਲਾਂ ਤੇ ਉਸ ਦੇ ਰਿਲੀਜ਼ ਹੋਣ ਤੋਂ ਤਿੰਨ ਹਫ਼ਤੇ ਬਾਅਦ ਫ਼ਿਲਮਸਾਜ਼ ਦੂਜੀ ਵੱਡੀ ਫ਼ਿਲਮ ਨੂੰ ਰਿਲੀਜ਼ ਕਰਨ ਤੋਂ ਬਚਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਫ਼ਿਲਮ ਨੂੰ ਕਾਫੀ ਕਮਾਈ ਕਰਨ ਦਾ ਮੌਕਾ ਮਿਲਦਾ ਹੈ। ਇਸ ਦੇ ਨਾਲ ਹੀ ਦੂਜੇ ਨਿਰਮਾਤਾਵਾਂ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ। ‘ਜਵਾਨ’ ਤੋਂ ਤਿੰਨ ਹਫ਼ਤਿਆਂ ਬਾਅਦ ਰਿਲੀਜ਼ ਹੋਈਆਂ ਫ਼ਿਲਮਾਂ ’ਚੋਂ ਇੰਡਸਟਰੀ ਨੂੰ ‘ਫੁਕਰੇ 3’ ਦੇ ਨਾਲ-ਨਾਲ ‘ਦਿ ਵੈਕਸੀਨ ਵਾਰ’ ਤੋਂ ਕਾਫੀ ਉਮੀਦਾਂ ਸਨ ਪਰ ‘ਦਿ ਵੈਕਸੀਨ ਵਾਰ’ ਬੁਰੀ ਤਰ੍ਹਾਂ ਫਲਾਪ ਹੋ ਗਈ। ਇਸ ਦੇ ਨਾਲ ਹੀ ‘ਫੁਕਰੇ 3’ ਵੀ ਘਰੇਲੂ ਬਾਕਸ ਆਫਿਸ ’ਤੇ 100 ਕਰੋੜ ਦੀ ਕਮਾਈ ਨਹੀਂ ਕਰ ਸਕੀ ਹੈ। ਪਿਛਲੀ ਫ਼ਿਲਮ ‘ਓ. ਐੱਮ. ਜੀ. 2’ ਦੇ ਹਿੱਟ ਹੋਣ ਤੋਂ ਬਾਅਦ ਅਕਤੂਬਰ ਦੇ ਪਹਿਲੇ ਹਫ਼ਤੇ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਰਾਣੀਗੰਜ’ ਤੋਂ ਸਿਨੇਮਾਘਰਾਂ ਨੂੰ ਕਾਫੀ ਉਮੀਦਾਂ ਸਨ ਪਰ ਇਹ ਫ਼ਿਲਮ ਵੀ ਕੁਝ ਖ਼ਾਸ ਕਮਾਲ ਨਹੀਂ ਕਰ ਸਕੀ। ਪਿਛਲੇ ਹਫ਼ਤੇ ਰਿਲੀਜ਼ ਹੋਈ ਔਰਤ ਕੇਂਦਰਿਤ ਫ਼ਿਲਮ ‘ਥੈਂਕ ਯੂ ਫਾਰ ਕਮਿੰਗ’ ਨੂੰ ਵੀ ਦਰਸ਼ਕਾਂ ਨੇ ਨਕਾਰ ਦਿੱਤਾ ਸੀ। ਇਸ ਤੋਂ ਪਹਿਲਾਂ ਸਤੰਬਰ ਦੇ ਤੀਜੇ ਹਫ਼ਤੇ ਰਿਲੀਜ਼ ਹੋਈ ਵਿੱਕੀ ਕੌਸ਼ਲ ਦੀ ਫ਼ਿਲਮ ‘ਦਿ ਗ੍ਰੇਟ ਇੰਡੀਅਨ ਫੈਮਿਲੀ’ ਨੂੰ ਦਰਸ਼ਕਾਂ ਨੇ ਪਸੰਦ ਨਹੀਂ ਕੀਤਾ ਸੀ, ਜਦਕਿ ਉਨ੍ਹਾਂ ਦੀ ਪਿਛਲੀ ਫ਼ਿਲਮ ‘ਜ਼ਰਾ ਹਟਕੇ ਜ਼ਰਾ ਬਚਕੇ’ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਗਾਇਕ ਮਨਕੀਰਤ ਔਲਖ ਨੇ ਮਾਡਲ ਨੂੰ ਸ਼ਰੇਆਮ ਕੀਤੀ ਕਿੱਸ, ਘਰ 'ਚ ਪੈ ਗਿਆ ਪੁਆੜਾ (ਵੀਡੀਓ)
ਕਿਹੜੀ ਫ਼ਿਲਮ 100 ਕਰੋੜ ਕਲੱਬ ’ਚ ਸ਼ਾਮਲ ਹੋਵੇਗੀ?
ਹਾਲਾਂਕਿ ਲਗਾਤਾਰ ਦੋ ਮੈਗਾਬਲਾਕਬਸਟਰ ਫ਼ਿਲਮਾਂ ‘ਗਦਰ 2’ ਤੇ ‘ਜਵਾਨ’ ਤੇ ਤਿੰਨ ਹਿੱਟ ਫ਼ਿਲਮਾਂ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’, ‘OMG 2’ ਤੇ ‘ਡ੍ਰੀਮ ਗਰਲ 2’ ਦੀ ਬਾਕਸ ਆਫਿਸ ’ਤੇ ਜ਼ਬਰਦਸਤ ਸਫਲਤਾ ਤੋਂ ਬਾਅਦ ਹੁਣ ਮੁੜ ਫ਼ਿਲਮੀ ਦੁਨੀਆ ’ਚ ਹਰ ਕਿਸੇ ਦੇ ਦਿਮਾਗ ’ਚ ਇਹੀ ਸਵਾਲ ਹੈ ਕਿ 100 ਕਰੋੜ ਦੇ ਕਲੱਬ ’ਚ ਅਗਲੀ ਐਂਟਰੀ ਕਿਹੜੀ ਫ਼ਿਲਮ ਕਰਨ ਵਾਲੀ ਹੈ। ਪਿਛਲੇ ਹਫ਼ਤੇ ਰਾਸ਼ਟਰੀ ਸਿਨੇਮਾ ਦਿਵਸ ਦੇ ਮੌਕੇ ’ਤੇ ਕਈ ਫ਼ਿਲਮਾਂ ਰਿਲੀਜ਼ ਹੋਈਆਂ ਤੇ ਕਈ ਫ਼ਿਲਮਾਂ ਨੂੰ ਇਸ ਖ਼ਾਸ ਦਿਨ ਦਾ ਬਹੁਤ ਫ਼ਾਇਦਾ ਹੋਇਆ। ਫ਼ਿਲਮ ਜਗਤ ਦੇ ਮਾਹਿਰ ਇਸ ਮਹੀਨੇ 100 ਕਰੋੜ ਰੁਪਏ ਦੇ ਕਲੱਬ ’ਚ ਅਗਲੀ ਐਂਟਰੀ ਵਜੋਂ ਇਸ ਮਹੀਨੇ ਦੋ ਫ਼ਿਲਮਾਂ ’ਤੇ ਸੱਟਾ ਲਗਾ ਰਹੇ ਹਨ। ਇਨ੍ਹਾਂ ’ਚੋਂ ਪਹਿਲੀ ਹੈ ਟਾਈਗਰ ਸ਼ਰਾਫ ਦੀ ‘ਗਣਪਤ’, ਜੋ ਦੁਸਹਿਰੇ ਦੇ ਵੀਕੈਂਡ ’ਤੇ ਰਿਲੀਜ਼ ਹੋ ਰਹੀ ਹੈ। ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ ਦੁਸਹਿਰੇ ਤੋਂ ਬਾਅਦ ਰਿਲੀਜ਼ ਹੋ ਰਹੀ ਹੈ। ਹਾਲਾਂਕਿ ਇਹ ਅਜੀਬ ਇਤਫ਼ਾਕ ਹੈ ਕਿ ਇਸ ਤੋਂ ਪਹਿਲਾਂ ਰਿਲੀਜ਼ ਹੋਈ ਕੰਗਨਾ ਦੀ ਫ਼ਿਲਮ ‘ਧਾਕੜ’ ਤੇ ਟਾਈਗਰ ਸ਼ਰਾਫ ਦੀ ਫ਼ਿਲਮ ‘ਹੀਰੋਪੰਤੀ 2’ ਨੂੰ ਦਰਸ਼ਕਾਂ ਨੇ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਸੀ। ਅਜਿਹੇ ’ਚ ਦੋਵਾਂ ਨੂੰ ਇਕ ਹਿੱਟ ਦੀ ਸਖ਼ਤ ਜ਼ਰੂਰਤ ਹੈ।
ਲੋਕਾਂ ਦੀਆਂ ਸਾਰੀਆਂ ਉਮੀਦਾਂ ਹੁਣ ‘ਟਾਈਗਰ 3’ ਤੋਂ
‘ਗਣਪਤ’ ਤੇ ‘ਤੇਜਸ’ ਤੋਂ ਬਾਅਦ ਫ਼ਿਲਮ ਪੰਡਿਤ ਸਲਮਾਨ ਖ਼ਾਨ ਦੀ ਦੀਵਾਲੀ ’ਤੇ ਰਿਲੀਜ਼ ਹੋਣ ਵਾਲੀ ‘ਟਾਈਗਰ 3’ ਨੂੰ 100 ਕਰੋੜ ਦੇ ਕਲੱਬ ’ਚ ਅਗਲੀ ਐਂਟਰੀ ਦੇ ਤੌਰ ’ਤੇ ਸੱਟਾ ਲਗਾ ਰਹੇ ਹਨ। ਇੰਨਾ ਹੀ ਨਹੀਂ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਤੋਂ ਬਾਅਦ ਬਾਕਸ ਆਫਿਸ ’ਤੇ ਵਾਪਸੀ ਕਰਨ ਦੀ ਜ਼ਿੰਮੇਵਾਰੀ ਵੀ ਇਸ ਫ਼ਿਲਮ ਦੇ ਹੀਰੋ ਸਲਮਾਨ ਖ਼ਾਨ ਦੇ ਮੋਢਿਆਂ ’ਤੇ ਹੈ। ਸੁਪਰਹਿੱਟ ਟਾਈਗਰ ਫ੍ਰੈਂਚਾਇਜ਼ੀ ਦੀਆਂ ਪਹਿਲੀਆਂ ਦੋ ਫ਼ਿਲਮਾਂ ਹਿੱਟ ਰਹੀਆਂ ਹਨ। ਹੁਣ ਟਾਈਗਰ ਵੀ ਸਪਾਈ ਯੂਨੀਵਰਸ ਦਾ ਹਿੱਸਾ ਬਣ ਗਿਆ ਹੈ। ਇਸ ਫ਼ਿਲਮ ’ਚ ਸ਼ਾਹਰੁਖ ਖ਼ਾਨ ਵੀ ਪਠਾਨ ਦੀ ਭੂਮਿਕਾ ’ਚ ਨਜ਼ਰ ਆਉਣਗੇ। ਪ੍ਰਸ਼ੰਸਕਾਂ ਲਈ ਸਪਾਈ ਯੂਨੀਵਰਸ ’ਚ ਕੁਝ ਹੋਰ ਵੱਡੇ ਸਿਤਾਰਿਆਂ ਦੀ ਸਰਪ੍ਰਾਈਜ਼ ਐਂਟਰੀ ਦੀ ਵੀ ਚਰਚਾ ਹੈ। ਅਜਿਹੇ ’ਚ ‘ਜਵਾਨ’ ਤੋਂ ਬਾਅਦ ਬਾਕਸ ਆਫਿਸ ’ਤੇ ਸਫਲਤਾ ਦਾ ਇੰਤਜ਼ਾਰ ਕਰ ਰਹੇ ਫ਼ਿਲਮੀ ਦਰਸ਼ਕਾਂ ਦੀਆਂ ਸਾਰੀਆਂ ਉਮੀਦਾਂ ਹੁਣ ‘ਟਾਈਗਰ 3’ ’ਤੇ ਹੀ ਟਿੱਕੀਆਂ ਹੋਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।