...ਜਦੋਂ ਵਾਇਰਲ ਵੀਡੀਓ ਨੂੰ ਲੈ ਕੇ ਫਸੇ ਸੀ ਸਲਮਾਨ ਖਾਨ, ਤੁਰੰਤ ਮੰਗਣੀ ਪਈ ਮੁਆਫੀ

Wednesday, Nov 27, 2024 - 04:57 PM (IST)

ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਸਿਕੰਦਰ' ਨੂੰ ਲੈ ਕੇ ਸੁਰਖ਼ੀਆਂ 'ਚ ਹਨ। ਜਦੋਂ ਵੀ ਅਦਾਕਾਰ ਦੀ ਕੋਈ ਫਿਲਮ ਰਿਲੀਜ਼ ਹੋਣ ਵਾਲੀ ਹੁੰਦੀ ਹੈ, ਭਾਈਜਾਨ ਦੇ ਫੈਨਜ਼ ਉਸ ਲਈ ਕ੍ਰੇਜ਼ੀ ਹੋ ਜਾਂਦੇ ਹਨ। ਇਸ ਤੋਂ ਇਲਾਵਾ ਅਦਾਕਾਰ ਨੂੰ ਕਈ ਵਾਰ ਵਿਵਾਦਾਂ 'ਚ ਵੀ ਫਸਿਆ ਦੇਖਿਆ ਗਿਆ ਹੈ।
ਹੁਣ ਹਾਲ ਹੀ 'ਚ ਮੁੰਬਈ 'ਤੇ 26/11 ਦੇ ਅੱਤਵਾਦੀ ਹਮਲੇ ਦੀ ਬਰਸੀ 'ਤੇ ਅਦਾਕਾਰ ਦਾ ਇਕ ਪੁਰਾਣਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਰਿਹਾ ਸੀ। ਸਾਲ 2010 'ਚ ਸਲਮਾਨ ਨੇ ਪਾਕਿਸਤਾਨੀ ਟੀਵੀ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ, '26/11 ਦੇ ਹਮਲੇ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਸੀ ਕਿਉਂਕਿ ਇਸ 'ਚ ਕੁਲੀਨ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਰੇਲਾਂ ਤੇ ਛੋਟੇ ਕਸਬਿਆਂ ਵਿੱਚ ਵੀ ਹਮਲੇ ਹੋਏ ਸਨ ਪਰ ਕਿਸੇ ਨੇ ਇਸ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ।''
ਸਲਮਾਨ ਖਾਨ ਨੇ ਆਖੀ ਸੀ ਇਹ ਗੱਲ
ਉਨ੍ਹਾਂ ਕਿਹਾ, “ਹਰ ਕੋਈ ਜਾਣਦਾ ਹੈ ਕਿ ਇਸ ਪਿੱਛੇ ਪਾਕਿਸਤਾਨ ਸਰਕਾਰ ਦਾ ਹੱਥ ਨਹੀਂ ਸੀ ਤੇ ਇਹ ਇੱਕ ਅੱਤਵਾਦੀ ਹਮਲਾ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਸੁਰੱਖਿਆ ਅਸਫਲ ਰਹੀ। ਸਾਡੇ ਇੱਥੇ ਪਹਿਲਾਂ ਵੀ ਕਈ ਹਮਲੇ ਹੋ ਚੁੱਕੇ ਹਨ ਤੇ ਉਹ ਸਾਰੇ ਪਾਕਿਸਤਾਨ ਤੋਂ ਨਹੀਂ ਸਨ। ਉਹ ਅੰਦਰੋਂ ਸਨ। ਸਲਮਾਨ ਨੇ ਬਾਅਦ ਵਿੱਚ ਇਸ ਲਈ ਮਾਫ਼ੀ ਮੰਗ ਲਈ ਸੀ ਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਸ਼ਬਦਾਂ ਨੂੰ ਸੰਦਰਭ ਤੋਂ ਹਟਾ ਕੇ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ।
ਸਲਮਾਨ ਖਾਨ ਦੀ ਵੀਡੀਓ ਵਾਇਰਲ
ਸਲਮਾਨ ਦੀਆਂ ਟਿੱਪਣੀਆਂ ਨੇ ਫਿਰ ਤੂਫ਼ਾਨ ਮਚਾ ਦਿੱਤਾ, ਕਈਆਂ ਨੇ ਅਦਾਕਾਰ 'ਤੇ ਦੁਖਾਂਤ ਨੂੰ ਘੱਟ ਕਰਨ ਤੇ ਪਾਕਿਸਤਾਨ ਨੂੰ ਜ਼ਿੰਮੇਵਾਰੀ ਤੋਂ ਮੁਕਤ ਕਰਨ ਦਾ ਦੋਸ਼ ਲਗਾਇਆ। ਹੁਣ ਉਸ ਦੀ ਵੀਡੀਓ ਫਿਰ ਤੋਂ ਵਾਇਰਲ ਹੋ ਗਈ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਨਵੇਂ ਸਿਰੇ ਤੋਂ ਟ੍ਰੋਲਿੰਗ ਸ਼ੁਰੂ ਹੋ ਗਈ ਹੈ।
26/11 ਮੁੰਬਈ ਅੱਤਵਾਦੀ ਹਮਲਾ
ਜ਼ਿਕਰਯੋਗ ਹੈ ਕਿ 26/11 ਦਾ ਹਮਲਾ 26 ਨਵੰਬਰ 2008 ਨੂੰ ਹੋਇਆ ਸੀ, ਜਦੋਂ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਮੁੰਬਈ ਭਰ 'ਚ ਕਈ ਥਾਵਾਂ 'ਤੇ ਲਗਾਤਾਰ ਹਮਲੇ ਕੀਤੇ ਸਨ। ਉਨ੍ਹਾਂ ਦੇ ਨਿਸ਼ਾਨੇ ਵਿੱਚ ਪ੍ਰਸਿੱਧ ਤਾਜ ਮਹਿਲ ਪੈਲੇਸ ਹੋਟਲ, ਓਬਰਾਏ ਟ੍ਰਾਈਡੈਂਟ ਹੋਟਲ, ਛਤਰਪਤੀ ਸ਼ਿਵਾਜੀ ਟਰਮਿਨਸ, ਲਿਓਪੋਲਡ ਕੈਫੇ, ਨਰੀਮਨ ਹਾਊਸ ਤੇ ਕਾਮਾ ਹਸਪਤਾਲ ਸ਼ਾਮਲ ਸਨ। ਕਰੀਬ 60 ਘੰਟਿਆਂ ਤੱਕ ਚੱਲੀ ਇਸ ਭਿਆਨਕ ਦਹਿਸ਼ਤੀ ਘਟਨਾ ਵਿੱਚ 20 ਸੁਰੱਖਿਆ ਮੁਲਾਜ਼ਮਾਂ ਤੇ 26 ਵਿਦੇਸ਼ੀ ਨਾਗਰਿਕਾਂ ਸਮੇਤ ਘੱਟੋ-ਘੱਟ 166 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 300 ਤੋਂ ਵੱਧ ਜ਼ਖ਼ਮੀ ਹੋ ਗਏ।
 


Aarti dhillon

Content Editor

Related News