ਸਲਮਾਨ ਖਾਨ ਨੂੰ ਧਮਕੀ ਭਰੇ ਸੰਦੇਸ਼ ਭੇਜਣ ਦੇ ਦੋਸ਼ 'ਚ ਗੀਤਕਾਰ ਗ੍ਰਿਫਤਾਰ

Wednesday, Nov 13, 2024 - 05:22 AM (IST)

ਸਲਮਾਨ ਖਾਨ ਨੂੰ ਧਮਕੀ ਭਰੇ ਸੰਦੇਸ਼ ਭੇਜਣ ਦੇ ਦੋਸ਼ 'ਚ ਗੀਤਕਾਰ ਗ੍ਰਿਫਤਾਰ

ਮੁੰਬਈ — ਮੁੰਬਈ ਪੁਲਸ ਨੇ ਮੰਗਲਵਾਰ ਨੂੰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਧਮਕੀ ਭਰੇ ਸੰਦੇਸ਼ ਭੇਜਣ ਅਤੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਨਾਂ 'ਤੇ ਉਸ ਤੋਂ 5 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ 'ਚ ਇਕ ਉਭਰਦੇ ਗੀਤਕਾਰ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦਾਅਵਾ ਕੀਤਾ ਕਿ ਕਰਨਾਟਕ ਦੇ ਰਾਏਚੂਰ ਤੋਂ ਗ੍ਰਿਫ਼ਤਾਰ ਸੋਹੇਲ ਪਾਸ਼ਾ ਆਪਣੇ ਲਿਖੇ ਗੀਤ ਨੂੰ ਮਸ਼ਹੂਰ ਕਰਨਾ ਚਾਹੁੰਦਾ ਸੀ ਅਤੇ ਇਸ ਲਈ ਉਸ ਨੇ ਇਹ ਤਰਕੀਬ ਅਪਣਾਈ।

ਮੁੰਬਈ ਟ੍ਰੈਫਿਕ ਪੁਲਸ ਦੀ ਵਟਸਐਪ ਹੈਲਪਲਾਈਨ 'ਤੇ 7 ਨਵੰਬਰ ਨੂੰ ਕਈ ਸੰਦੇਸ਼ ਮਿਲੇ ਸਨ, ਜਿਸ 'ਚ ਕਿਹਾ ਗਿਆ ਸੀ ਕਿ ਸੰਦੇਸ਼ ਭੇਜਣ ਵਾਲਾ ਬਿਸ਼ਨੋਈ ਗੈਂਗ ਦਾ ਮੈਂਬਰ ਸੀ ਅਤੇ ਜੇਕਰ ਸਲਮਾਨ ਖਾਨ ਨੇ 5 ਕਰੋੜ ਰੁਪਏ ਨਹੀਂ ਦਿੱਤੇ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਸੰਦੇਸ਼ ਭੇਜਣ ਵਾਲੇ ਨੇ ਚੇਤਾਵਨੀ ਦਿੱਤੀ ਕਿ ਉਹ ਗੀਤ “ਮੈਂ ਸਿਕੰਦਰ ਹੂੰ” ਦੇ ਲੇਖਕ ਨੂੰ ਵੀ ਮਾਰ ਦੇਣਗੇ। ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਉਸ ਮੋਬਾਈਲ ਨੰਬਰ ਨੂੰ ਟਰੇਸ ਕੀਤਾ ਜਿਸ ਤੋਂ ਸੰਦੇਸ਼ ਰਾਏਚੁਰ ਤੋਂ ਆਏ ਸਨ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਇਕ ਟੀਮ ਕਰਨਾਟਕ ਭੇਜੀ ਗਈ ਅਤੇ ਵੈਂਕਟੇਸ਼ ਨਰਾਇਣ (ਜਿਸ ਦਾ ਨੰਬਰ ਇਹ ਸੀ) ਤੋਂ ਪੁੱਛਗਿੱਛ ਕੀਤੀ ਗਈ। ਪਰ, ਉਨ੍ਹਾਂ ਕਿਹਾ ਕਿ ਨਰਾਇਣ ਦੇ ਮੋਬਾਈਲ ਫੋਨ ਵਿੱਚ ਇੰਟਰਨੈਟ ਦੀ ਸਹੂਲਤ ਨਹੀਂ ਸੀ।

ਅਧਿਕਾਰੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਅਕਤੀ ਨੇ ਨਰਾਇਣ ਦੇ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਓ.ਟੀ.ਪੀ. ਪ੍ਰਾਪਤ ਕਰਨ ਲਈ ਆਪਣੇ ਮੋਬਾਈਲ 'ਤੇ ਵਟਸਐਪ ਇੰਸਟਾਲ ਕੀਤਾ ਸੀ। ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਰਾਇਚੂਰ ਨੇੜੇ ਮਾਨਵੀ ਪਿੰਡ 'ਚ ਪਾਸ਼ਾ 'ਤੇ ਨਜ਼ਰ ਰੱਖੀ। ਅਧਿਕਾਰੀ ਨੇ ਦੱਸਿਆ ਕਿ ਉਹ ਧਮਕੀ 'ਚ ਜ਼ਿਕਰ ਕੀਤੇ ਗੀਤ 'ਮੈਂ ਸਿਕੰਦਰ ਹੂੰ' ਦਾ ਲੇਖਕ ਨਿਕਲਿਆ। ਉਨ੍ਹਾਂ ਕਿਹਾ ਕਿ ਉਹ ਇਸ ਗੀਤ ਨੂੰ ਮਸ਼ਹੂਰ ਕਰਨਾ ਚਾਹੁੰਦਾ ਸੀ ਅਤੇ ਇਸ ਲਈ ਉਸ ਨੇ ਇਕ ਮਸ਼ਹੂਰ ਵਿਅਕਤੀ ਨੂੰ ਭੇਜੇ ਧਮਕੀ ਭਰੇ ਸੰਦੇਸ਼ ਵਿਚ ਇਸ ਨੂੰ ਸ਼ਾਮਲ ਕਰਨ ਦੀ ਚਾਲ ਅਪਣਾਈ। ਅਧਿਕਾਰੀ ਨੇ ਦੱਸਿਆ ਕਿ ਪਾਸ਼ਾ ਨੂੰ ਮੁੰਬਈ ਲਿਆਂਦਾ ਗਿਆ ਅਤੇ ਅੱਗੇ ਦੀ ਜਾਂਚ ਲਈ ਵਰਲੀ ਪੁਲਸ ਨੂੰ ਸੌਂਪ ਦਿੱਤਾ ਗਿਆ।  


author

Inder Prajapati

Content Editor

Related News