ਮੂਸੇਵਾਲਾ ਕਤਲ ਕਾਂਡ ’ਚ ਸਚਿਨ ਬਿਸ਼ਨੋਈ ਨੇ ਕੀਤੇ ਵੱਡੇ ਖ਼ੁਲਾਸੇ, ਚਾਰਜਸ਼ੀਟ ’ਚ ਦੱਸੀ ਇਕੱਲੀ-ਇਕੱਲੀ ਗੱਲ

Thursday, Jan 11, 2024 - 05:07 PM (IST)

ਮੂਸੇਵਾਲਾ ਕਤਲ ਕਾਂਡ ’ਚ ਸਚਿਨ ਬਿਸ਼ਨੋਈ ਨੇ ਕੀਤੇ ਵੱਡੇ ਖ਼ੁਲਾਸੇ, ਚਾਰਜਸ਼ੀਟ ’ਚ ਦੱਸੀ ਇਕੱਲੀ-ਇਕੱਲੀ ਗੱਲ

ਐਂਟਰਟੇਨਮੈਂਟ ਡੈਸਕ– ਪੰਜਾਬ ਪੁਲਸ ਨੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਕਾਂਡ ’ਚ ਤੀਜੇ ਤੇ ਮੁੱਖ ਮੁਲਜ਼ਮ ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਕੱਲ ਸੁਣਵਾਈ ਦੌਰਾਨ ਸਚਿਨ ਨੂੰ ਦਿੱਲੀ ਤੋਂ ਲਿਆ ਕੇ ਮਾਨਸਾ ਅਦਾਲਤ ’ਚ ਪੇਸ਼ ਕੀਤਾ ਗਿਆ। ਸਚਿਨ ਫਿਲਹਾਲ ਐੱਨ. ਆਈ. ਏ. ਕੋਲ ਹੈ, ਜਿਥੇ ਉਸ ਦੇ ਖ਼ਿਲਾਫ਼ ਗੈਂਗਸਟਰ-ਅੱਤਵਾਦੀ ਮਾਮਲੇ ’ਚ ਜਾਂਚ ਚੱਲ ਰਹੀ ਹੈ।

155 ਗਵਾਹਾਂ ਦੇ ਆਧਾਰ ’ਤੇ ਦਰਜ ਕੀਤੀ ਚਾਰਜਸ਼ੀਟ
ਜਾਣਕਾਰੀ ਮੁਤਾਬਕ ਸਚਿਨ ਥਾਪਨ ਵਿਰੁੱਧ ਦਾਇਰ ਚਾਰਜਸ਼ੀਟ 155 ਗਵਾਹਾਂ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ, ਜਿਸ ’ਚ 8 ਸਰਕਾਰੀ ਤੇ 147 ਨਿੱਜੀ ਗਵਾਹ ਸ਼ਾਮਲ ਹਨ। ਪੁਲਸ ਨੇ ਸਚਿਨ ’ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਮੁਲਜ਼ਮਾਂ ਨੂੰ ਬਲੈਰੋ ਕਾਰ ਮੁਹੱਈਆ ਕਰਵਾਈ ਸੀ। ਇਸ ਤੋਂ ਇਲਾਵਾ ਉਸ ਨੇ ਗੈਂਗਸਟਰ ਬਲਦੇਵ ਨਿੱਕੂ ਤੇ ਸੰਦੀਪ ਕੇਕੜਾ ਨੂੰ ਰੇਕੀ ਲਈ ਤਿਆਰ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਕਾਤਲਾਂ ਦੇ ਘਰ ਪਹੁੰਚੀ NIA, ਪਰਿਵਾਰਾਂ ਤੋਂ ਕੀਤੀ ਪੁੱਛਗਿੱਛ

ਇਸ ਦੇ ਨਾਲ ਹੀ ਨਿੱਕੂ ਤੇ ਕੇਕੜਾ ਨੂੰ ਉਹ ਜਗ੍ਹਾ ਵੀ ਦੱਸੀ ਗਈ, ਜਿਥੋਂ ਹਥਿਆਰਾਂ ਦੀ ਖੇਪ ਚੁੱਕਣੀ ਸੀ। ਜਦੋਂ ਸਿੱਧੂ ਮੂਸੇ ਵਾਲਾ ਦਾ ਕਤਲ ਹੋਇਆ ਸੀ ਤਾਂ ਸਚਿਨ ਨੇ ਫਤਿਹਾਬਾਦ ਦੇ ਸਾਵਰੀਆ ਹੋਟਲ ’ਚ ਸ਼ੂਟਰਾਂ ਦੇ ਰਹਿਣ ਦਾ ਇੰਤਜ਼ਾਮ ਵੀ ਕੀਤਾ ਸੀ। ਸਚਿਨ ਥਾਪਨ ਪੰਜਾਬ ਦੇ ਫਾਜ਼ਿਲਕਾ ਦਾ ਰਹਿਣ ਵਾਲਾ ਹੈ।

ਥਾਪਨ ’ਤੇ 12 ਧਾਰਾਵਾਂ ਲਗਾਈਆਂ ਗਈਆਂ
ਪੁਲਸ ਨੇ ਇਸ ਮਾਮਲੇ ’ਚ ਸਚਿਨ ਥਾਪਨ ਖ਼ਿਲਾਫ਼ 12 ਧਾਰਾਵਾਂ ਜੋੜ ਦਿੱਤੀਆਂ ਹਨ। ਮਾਨਸਾ ਦੀ ਸੀ. ਜੇ. ਐੱਮ. ਅਦਾਲਤ ’ਚ ਪੇਸ਼ ਕੀਤੇ ਗਏ ਚਲਾਨ ’ਚ ਧਾਰਾ 302, 307, 341, 326, 148, 149, 427, 120-ਬੀ, 109, 473, 212, 201 ਤੇ ਅਸਲਾ ਐਕਟ ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 23 ਜਨਵਰੀ ਨੂੰ ਤੈਅ ਕੀਤੀ ਗਈ ਹੈ।

ਇਥੇ ਦੇਖੋ ਪੂਰੀ ਵੀਡੀਓ–

ਸਚਿਨ ਫਰਜ਼ੀ ਪਾਸਪੋਰਟ ਕਾਰਨ ਫੜਿਆ ਗਿਆ ਸੀ
ਸਚਿਨ ਥਾਪਨ ਨੂੰ ਕਰੀਬ 5 ਮਹੀਨੇ ਪਹਿਲਾਂ ਅਜ਼ਰਬੈਜਾਨ ਤੋਂ ਭਾਰਤ ਲਿਆਂਦਾ ਗਿਆ ਸੀ। ਸਚਿਨ ਗੈਂਗਸਟਰ ਲਾਰੈਂਸ ਦਾ ਭਤੀਜਾ ਹੈ। ਉਹ ਮੂਸੇ ਵਾਲਾ ਕਤਲ ਕਾਂਡ ਦੇ ਸਾਜ਼ਿਸ਼ਕਾਰਾਂ ’ਚੋਂ ਇਕ ਹੈ। ਕਤਲ ਤੋਂ ਕੁਝ ਸਮਾਂ ਪਹਿਲਾਂ ਉਹ ਜਾਅਲੀ ਪਾਸਪੋਰਟ ’ਤੇ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਵਿਦੇਸ਼ ਭੱਜ ਗਿਆ ਸੀ। ਅਨਮੋਲ ਤੇ ਸਚਿਨ ਨੇਪਾਲ ਦੇ ਰਸਤਿਓਂ ਦੁਬਈ ਗਏ ਸਨ।

ਉਥੋਂ ਸਚਿਨ ਅਜ਼ਰਬੈਜਾਨ ਚਲਾ ਗਿਆ। ਇਸ ਤੋਂ ਬਾਅਦ ਅਨਮੋਲ ਕੈਨੇਡਾ ਚਲਾ ਗਿਆ ਪਰ ਸਚਿਨ ਨੂੰ ਜਾਅਲੀ ਪਾਸਪੋਰਟ ਮਾਮਲੇ ’ਚ ਅਜ਼ਰਬੈਜਾਨ ’ਚ ਗ੍ਰਿਫ਼ਤਾਰ ਕਰ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News