ਪੰਜਾਬ ''ਚ ਗੋਲਗੱਪੇ ਵੇਚਣ ਵਾਲੇ ਦਾ ਬੇਰਹਿਮੀ ਨਾਲ ਕਤਲ, ਵਜ੍ਹਾ ਕਰੇਗੀ ਹੈਰਾਨ
Saturday, Dec 14, 2024 - 06:41 PM (IST)
ਬਟਾਲਾ (ਸਾਹਿਲ)- ਬਟਾਲਾ ਵਿਖੇ ਗੋਲਗੱਪੇ ਵੇਚਣ ਵਾਲੇ ਦੇ ਕਤਲ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਥਾਣਾ ਭੈਣੀ ਮੀਆਂ ਖਾਂ ਵੱਲੋਂ ਡੀ. ਐੱਸ. ਪੀ. ਕੁਲਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਸ ਦਾ ਦੂਜਾ ਸਾਥੀ ਫਰਾਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਧਰਮਿੰਦਰ ਕੇਸ਼ਵ ਪੁੱਤਰ ਭਗੀਰਥ ਵਾਸੀ ਜ਼ਿਲ੍ਹਾ ਭਿੰਡ, ਬਿਹਾਰ ਭੈਣੀ ਮੀਆਂ ਖਾਂ ਅੱਡੇ ਵਿਚ ਗੋਲ-ਗੱਪਿਆਂ ਦੀ ਰੇਹੜੀ ਲਗਾਉਂਦਾ ਸੀ। 2 ਸਤੰਬਰ ਨੂੰ ਉਹ ਜਦੋਂ ਗੋਲਗੱਪੇ ਵੇਚਣ ਉਪਰੰਤ ਰਾਤ ਨੂੰ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਤਾਂ ਅੱਡੇ ਤੋਂ ਥੋੜ੍ਹੀ ਦੂਰੀ ’ਤੇ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ। ਇਸ ਦੌਰਾਨ ਦੋਹਾਂ ਨੇ ਇਸ ਨੂੰ ਰੋਕ ਕੇ ਇਸ ਕੋਲੋਂ ਗੋਲਗੱਪੇ ਖਾਧੇ। ਜਦ ਉਕਤ ਰੇਹੜੀ ਵਾਲੇ ਨੇ ਨੌਜਵਾਨਾਂ ਕੋਲੋਂ ਪੈਸੇ ਮੰਗੇ ਤਾਂ ਉਨ੍ਹਾਂ ਨੇ ਉਸ ਨਾਲ ਝਗੜਾ ਕਰਦਿਆਂ ਉਸ ਦੇ ਸਿਰ ’ਚ ਦਾਤਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਵਿਗੜਿਆ ਮਾਹੌਲ, ਕਿਸਾਨਾਂ 'ਤੇ ਦਾਗੇ ਗਏ ਹੰਝੂ ਗੈਸ ਦੇ ਗੋਲੇ, ਇੰਟਰਨੈੱਟ ਬੈਨ
ਡੀ. ਐੱਸ. ਪੀ. ਮਾਨ ਨੇ ਅੱਗੇ ਦੱਸਿਆ ਕਿ ਥਾਣਾ ਭੈਣੀ ਮੀਆਂ ਖਾਂ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰ. 48 ਧਾਰਾ 302 ਆਈ. ਪੀ. ਸੀ. ਤਹਿਤ ਕੇਸ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ’ਤੇ ਭਾਰੀ ਮਿਹਨਤ ਮੁਸ਼ੱਕਤ ਕਰਦਿਆਂ ਵੱਖ-ਵੱਖ ਐਂਗਲਾਂ ਤੋਂ ਇਸ ਵਾਰਦਾਤ ਦੀ ਜਾਂਚ ਕਰਦਿਆਂ ਆਸ-ਪਾਸ ਦੇ ਇਲਾਕਿਆਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣ ਤੋਂ ਬਾਅਦ ਇਸ ਹੋਏ ਅੰਨ੍ਹੇ ਕਤਲ ਦੀ ਗੁੱਥੀ ਤੋਂ ਸੁਲਝਾਉਂਦਿਆਂ ਮੁੱਖ ਦੋਸ਼ੀ ਅਮਨਦੀਪ ਪੁੱਤਰ ਸਰਬਜੀਤ ਵਾਸੀ ਪਿੰਡ ਤੁਗਲਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਇਸ ਦਾ ਦੂਜਾ ਸਾਥੀ ਭੁਪਿੰਦਰ ਭਿੰਦਾ ਪੁੱਤਰ ਗੁਰਦੀਪ ਵਾਸੀ ਤੁਗਲਵਾਲ ਫਰਾਰ ਹੈ। ਉਸ ਦੀ ਤਲਾਸ਼ੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਜੋ ਜਲਦ ਹੀ ਪੁਲਸ ਹਿਰਾਸਤ ਵਿਚ ਹੋਵੇਗਾ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਥਾਣੇ 'ਚ ਹੈਂਡ ਗ੍ਰਨੇਡ ਸੁੱਟਣ ਵਾਲੇ 3 ਗੁਰਗੇ ਗ੍ਰਿਫ਼ਤਾਰ, KZF ਨਾਲ ਜੁੜੇ ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8