‘ਰੁਸਲਾਨ ਦਾ ਕਿਰਦਾਰ ਅਸਲ ਵਿਅਕਤੀ ਤੋਂ ਪ੍ਰੇਰਿਤ ਹੋ ਕੇ ਲਿਖਿਆ ਗਿਆ ਹੈ, ਜਿਸ ਦਾ ਮਜ਼ਬੂਤ ਪਿਛੋਕੜ ਹੈ’

04/26/2024 12:30:23 PM

ਜੇ ਤੁਸੀਂ ਵੀ ਐਕਸ਼ਨ ਫਿਲਮ ਦੇਖਣ ਦਾ ਮੂਡ ਬਣਾ ਰਹੇ ਹੋ ਤਾਂ ਜਲਦੀ ਹੀ ਆਯੂਸ਼ ਸ਼ਰਮਾ ਐਕਸ਼ਨ ਥ੍ਰਿਲਰ ਫਿਲਮ ‘ਰੁਸਲਾਨ’ ਲੈ ਕੇ ਆ ਰਹੇ ਹਨ। ਇਸ ਫਿਲਮ ’ਚ ਉਨ੍ਹਾਂ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲੇਗਾ। ਕੁਝ ਦਿਨ ਪਹਿਲਾਂ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਅ ਸੀ, ਜਿਸ ’ਚ ਆਯੂਸ਼ ਸ਼ਰਮਾ ਪਾਵਰ ਪੈਕਡ ਅਵਤਾਰ ’ਚ ਨਜ਼ਰ ਆਏ ਸਨ। ਫਿਲਮ ‘ਰੁਸਲਾਨ’ ਦਾ ਨਿਰਦੇਸ਼ਨ ਕਰਨ ਲਲਿਤ ਭੂਟਾਨੀ ਨੇ ਕੀਤਾ ਹੈ। ਇਸ ਵਿਚ ਆਯੂਸ਼ ਦੇ ਨਾਲ ਕੁਮਾਰੀ ਸ਼੍ਰੇਆ ਮਿਸ਼ਰਾ, ਜਗਪਤੀ ਬਾਬੂ ਤੇ ਵਿਦਿਆ ਮਾਲਵੜੇ ਮੁੱਖ ਭੂਮਿਕਾ ’ਚ ਹਨ। ਫਿਲਮ 26 ਅਪ੍ਰੈਲ ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਣ ਵਾਲੀ ਹੈ। ਫਿਲਮ ਨੂੰ ਲੈ ਕੇ ਕਰਣ ਲਲਿਤ ਭੂਟਾਨੀ, ਆਯੂਸ਼ ਸ਼ਰਮਾ ਅਤੇ ਕੁਮਾਰੀ ਸ਼੍ਰੇਆ ਮਿਸ਼ਰਾ ਨੇ ਫਿਲਮ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
‘ਰੁਸਲਾਨ’ ਦਾ ਕਿਰਦਾਰ ਅਸਲ ਵਿਅਕਤੀ ਤੋਂ ਪ੍ਰੇਰਿਤ ਹੋ ਕੇ ਲਿਖਿਆ ਗਿਆ ਹੈ।

ਆਯੂਸ਼ ਸ਼ਰਮਾ
ਰੁਸਲਾਨ ’ਚ ਦਰਸ਼ਕਾਂ ਲਈ ਕੀ ਖਾਸ ਹੈ ਅਤੇ ਉਹ ਇਸ ਨੂੰ ਕਿਉਂ ਦੇਖਣ?

ਇਸ ਕਹਾਣੀ ਨੂੰ ਇਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ’ਚ ਬਹੁਤ ਕੁਝ ਨਵਾਂ ਹੈ। ਫਿਲਮ ਵਿਚ ਮੇਰਾ ਰੁਸਲਾਨ ਦਾ ਕਿਰਦਾਰ ਇਕ ਰੀਅਲ ਇਨਸਾਨ ਤੋਂ ਪ੍ਰੇਰਿਤ ਹੋ ਕੇ ਲਿਖਿਆ ਗਿਆ ਹੈ। ਉਸ ਇਨਸਾਨ ਦੀ ਮਜ਼ਬੂਤ ਬੈਕ ਸਟੋਰੀ ਹੈ। ਦਰਸ਼ਕ ਫਿਲਮ ਵਿਚ ਰੁਸਲਾਨ ਦੇ ਨਾਲ ਚੱਲਣਗੇ। ਫਿਲਮ ਸਿਰਫ਼ ਇਕ ਐਕਸ਼ਨ ਥ੍ਰਿਲਰ ਨਹੀਂ ਸਗੋਂ ਪਿਛਲੇ ਕੁਝ ਸਾਲਾਂ ’ਚ ਸਾਡੇ ਦੇਸ਼ ’ਚ ਜੋ ਕੁਝ ਵੀ ਹੋਇਅਾ ਹੈ, ਉਹ ਵੀ ਤੁਹਾਨੂੰ ਕਹਾਣੀ ’ਚ ਦੇਖਣ ਨੂੰ ਮਿਲੇਗਾ।

ਕਹਾਣੀ ਦੇ ਕਿਰਦਾਰ ਕਿੱਥੋਂ ਪ੍ਰੇਰਿਤ ਹਨ, ਸਾਡੇ ਵਿਲੇਨ ਕਿਸ ਤੋਂ ਪ੍ਰੇਰਿਤ ਹਨ, ਇਹ ਸਭ ਤੁਹਾਨੂੰ ਫਿਲਮ ’ਚ ਦੇਖਣ ਨੂੰ ਮਿਲੇਗਾ। ਅਸੀਂ ਆਪਣੇ ਟ੍ਰੇਲਰ ’ਚ ਜ਼ਿਆਦਾ ਖ਼ੁਲਾਸਾ ਨਹੀਂ ਕੀਤਾ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਦਰਸ਼ਕ ਫਿਲਮ ਦੇਖਣ ਤੋਂ ਬਾਅਦ ਖੁਦ ਸਾਰੀਆਂ ਚੀਜ਼ਾਂ ਦੀ ਸਮੀਖਿਆ ਕਰਨ। ਜਦੋਂ ਅਸੀਂ ਇਹ ਫਿਲਮ ਬਣਾਈ ਸੀ ਤਾਂ ਸੋਚਿਆ ਸੀ ਕਿ ਇਸ ਫਿਲਮ ’ਚ ਸਭ ਕੁਝ ਹੋਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਤੁਹਾਡੀਆਂ ਫਿਲਮਾਂ ਇਕ ਜਾਣੇ-ਪਛਾਣੇ ਸੈੱਟਅਪ ਦੀਆਂ ਸਨ ਪਰ ਹੁਣ ਨਵੀਆਂ ਚੀਜ਼ਾਂ ਹਨ ਤਾਂ ਕਿਹੋ ਜਿਹਾ ਅਨੁਭਵ ਰਿਹਾ ਅਤੇ ਕਿੰਨਾ ਸਿੱਖਿਆ?
ਇਸ ਫਿਲਮ ’ਚ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਜਦੋਂ ਤੁਸੀਂ ਇਕ ਸੁਰੱਖਿਅਤ ਸੈੱਟਅਪ ’ਚ ਹੁੰਦੇ ਹੋ ਤਾਂ ਤੁਸੀਂ ਸਿਰਫ਼ ਓਨਾ ਹੀ ਕਰਦੇ ਹੋ ਜਿੰਨੇ ਦੀ ਲੋੜ ਹੁੰਦੀ ਹੈ ਪਰ ਇਸ ਫਿਲਮ ਦੇ ਡਾਇਰੈਕਟਰ ਮੇਰੇ ਦੋਸਤ ਵੀ ਹਨ, ਜਿਸ ਦੇ ਨਾਲ ਹਰ ਚੀਜ਼ ਨੂੰ ਲੈ ਕੇ ਖੁੱਲ੍ਹ ਕੇ ਚਰਚਾ ਹੋਈ ਸੀ। ਇੱਥੇ ਕੰਮ ਕਰਨ ਵਿਚ ਹੋਰ ਮਜ਼ਾ ਅਾਇਅਾ ਸੀ ਕਿਉਂਕਿ ਕੰਮ ਦੋਸਤਾਨਾ ਮਾਹੌਲ ’ਚ ਹੋਇਆ ਸੀ। ਇਥੇ ਹੀਰੋ, ਹੀਰੋਇਨ ਜਾਂ ਨਿਰਦੇਸ਼ਕ ਵਰਗਾ ਕੋਈ ਰੁਤਬਾ ਨਹੀਂ ਸੀ। ਮੈਂ ਇਸ ਫਿਲਮ ਤੋਂ ਜੋ ਸਿੱਖਿਆ ਹੈ, ਉਹ ਇਹ ਹੈ ਕਿ ਤੁਹਾਨੂੰ ਵੱਡੀ ਫਿਲਮ ਬਣਾਉਣ ਲਈ ਵੱਡੇ ਬਜਟ ਦੀ ਲੋੜ ਨਹੀਂ ਹੁੰਦੀ। ਵੱਡੀ ਫਿਲਮ ਲਈ ਵੱਡਾ ਦਿਲ ਅਤੇ ਵੱਡੀ ਸੋਚ ਦੀ ਲੋੜ ਹੁੰਦੀ ਹੈ, ਪੈਸਾ ਤਾਂ ਬਾਅਦ ’ਚ ਆਉਂਦਾ ਹੈ। ਫਿਲਮ ਦੀ ਹੀਰੋਇਨ ਕਾਫੀ ਐਕਸ਼ਨ ਕਰਦੀ ਨਜ਼ਰ ਆਵੇਗੀ।

ਸ਼੍ਰੇਆ ਮਿਸ਼ਰਾ
ਇਸ ਫਿਲਮ ’ਚ ਤੁਸੀਂ ਐਕਸ਼ਨ ਕਰਦੇ ਨਜ਼ਰ ਆਓਗੇ ਤਾਂ ਤੁਸੀਂ ਇਸ ਦੀ ਤਿਆਰੀ ਕਿਵੇਂ ਕੀਤੀ?

ਇਸ ਫਿਲਮ ਤੋਂ ਪਹਿਲਾਂ ਹੀ ਐਕਸ਼ਨ ’ਚ ਟ੍ਰੇਂਡ ਹਾਂ। ਮੈਂ ਮਾਰਸ਼ਲ ਆਰਟਸ ਦੀ ਕਾਫ਼ੀ ਸਿਖਲਾਈ ਲਈ ਹੈ। ਇਸ ਫਿਲਮ ’ਚ ਹੀਰੋਇਨ ਸਿਰਫ ਡਾਂਸ ਜਾਂ ਰੋਮਾਂਸ ਹੀ ਨਹੀਂ ਕਰ ਰਹੀ, ਉਹ ਤੁਹਾਨੂੰ ਐਕਸ਼ਨ ਵੀ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਕਿਰਦਾਰ ਦਾ ਸਾਰਾ ਸਿਹਰਾ ਮੈਂ ਲੇਖਕ ਨੂੰ ਦੇਵਾਂਗੀ, ਜਿਸ ਨੇ ਇੰਨਾ ਮਜ਼ਬੂਤ ਕਿਰਦਾਰ ਲਿਖਿਆ ਤੇ ਸਾਡੇ ਨਿਰਦੇਸ਼ਕ ਉਸ ਨੂੰ ਸੀਨ ’ਚ ਲੈ ਕੇ ਅਾਏ। ਇਸ ਤੋਂ ਇਲਾਵਾ ਮੈਂ ਆਯੂਸ਼ ਨਾਲ ਐਕਸ਼ਨ ਸੀਨ ਬੜੇ ਆਰਾਮ ਨਾਲ ਸ਼ੂਟ ਕੀਤੇ। ਇੰਨੇ ਪ੍ਰਗਤਸ਼ੀਲ ਮਾਹੌਲ ਅਤੇ ਟੀਮ ’ਚ ਕੰਮ ਕਰਨਾ ਮੇਰੇ ਲਈ ਬੜਾ ਚੰਗਾ ਅਨੁਭਵ ਰਿਹਾ ਹੈ।

ਤੁਸੀਂ ਮਿਸ ਇੰਡੀਆ ਮੁਕਾਬਲੇ ਦੇ ਟਾਈਟਲ ਹੋਲਡਰ ਰਹਿ ਚੁੱਕੀ ਹੋ ਤਾਂ ਮਾਰਸ਼ਲ ਆਰਟ ਦੀ ਸਿਖਲਾਈ ਕੀ ਤੁਸੀਂ ਇਸ ਫਿਲਮ ਨੂੰ ਕਰਨ ਵਾਸਤੇ ਲਈ ਸੀ?
ਮਿਸ ਇੰਡੀਆ ਤੋਂ ਬਾਅਦ ਤੁਹਾਡੇ ਕੋਲ ਕਈ ਮੌਕੇ ਆਉਂਦੇ ਹਨ। ਮੇਰੇ ਕੋਲ ਵੀ ਆਏ ਸੀ ਪਰ ਮੈਨੂੰ ਉਸ ਸਮੇਂ ਲੱਗਾ ਕਿ ਸ਼ਾਇਦ ਮੈਂ ਅਜੇ ਤਿਆਰ ਨਹੀਂ ਹਾਂ, ਤਾਂ ਮੈਂ ਮਾਡਲਿੰਗ ਅਤੇ ਫੋਟੋਸ਼ੂਟ ਕਰਵਾਏ। ਫਿਰ ਮੈਂ ਫ਼ੈਸਲਾ ਕੀਤਾ ਕਿ ਮੈਂ ਅੈਕਟਿੰਗ ਕਰਨੀ ਹੈ ਅਤੇ ਮੈਂ ਆਪਣਾ ਕੋਈ ਵੀ ਮੌਕਾ ਗੁਆਉਣਾ ਵੀ ਨਹੀਂ ਸੀ ਚਾਹੁੰਦੀ। ਫਿਰ ਮੈਂ ਥੀਏਟਰ ਜੁਅਾਇਨ ਕੀਤਾ, ਡਾਂਸ ਸਿੱਖਿਆ, ਤੈਰਾਕੀ ਅਤੇ ਘੋੜ ਸਵਾਰੀ ਵੀ ਕੀਤੀ ਭਾਵ ਕਿ ਮੈਂ ਸਭ ਕੁਝ ਮੈਂ ਕਰਨਾ ਸੀ। ਐਕਸ਼ਨ ਵੀ ਇਨ੍ਹਾਂ ’ਚੋਂ ਇਕ ਸੀ ਪਰ ਮੈਨੂੰ ਆਉਂਦਾ ਨਹੀਂ ਸੀ। ਇਸ ਲਈ ਮੈਂ ਖ਼ੁਦ ਨੂੰ ਟ੍ਰੇਂਡ ਕਰਨਾ ਸੀ, ਜਿਸ ਨੇ ਹੁਣ ਮੇਰੀ ਕਾਫੀ ਮਦਦ ਕੀਤੀ ਹੈ। ਰੁਸਲਾਨ ’ਚ ਮੇਰੀ ਟਰੇਨਿੰਗ ਬੜੀ ਕੰਮ ਆਈ।

ਕਰਨ ਲਲਿਤ ਭੂਟਾਨੀ

ਇਹ ਤੁਹਾਡੀ ਪਹਿਲੀ ਐਕਸ਼ਨ ਫਿਲਮ ਹੈ ਤਾਂ ਅਜਿਹੇ ਵਿਚ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਆਈਆਂ?
ਜੇਕਰ ਮੈਂ ਸੱਚ ਕਹਾਂ ਤਾਂ ਮੈਂ ਇਸ ਨੂੰ ਐਕਸ਼ਨ ਫਿਲਮ ਦੇ ਨਜ਼ਰੀਏ ਤੋਂ ਦੇਖਿਆ ਹੀ ਨਹੀਂ। ਸਾਡਾ ਇਰਾਦਾ ਇਹੀ ਸੀ ਕਿ ਇਹ ਇਕ ਮਜ਼ਬੂਤ ਕਹਾਣੀ ਹੈ, ਜੋ ਅਸੀਂ ਪਰਦੇ ’ਤੇ ਦਿਖਾਉਣੀ ਹੈ। ਇਸ ਕਹਾਣੀ ਵਿਚ ਆਪਣੇ ਟਵਿਸਟ ਤੇ ਟਰਨ ਹਨ, ਕਹਾਣੀ ਦਰਸ਼ਕਾਂ ਨੂੰ ਰੋਲਰਕੋਸਟਰ ’ਤੇ ਲਿਜਾਣ ਵਾਲੀ ਹੈ। ਇਸ ਕਹਾਣੀ ’ਚ ਜੋ ਐਕਸ਼ਨ ਹੈ ਉਹ ਜਿੱਥੇ ਜ਼ਰੂਰੀ ਹੈ ਸਿਰਫ ਉਥੇ ਹੀ ਹੈ, ਜਿਸ ਨਾਲ ਦਰਸ਼ਕਾਂ ਨੂੰ ਉਹ ਰਿਲੇਟੇਬਲ ਲੱਗੇ। ਫਿਲਮ ’ਚ ਐਕਸ਼ਨ ਅਜਿਹਾ ਨਹੀਂ ਹੈ ਕਿ ਕਹਾਣੀ ਪਿੱਛੇ ਹੋ ਜਾਵੇ। ਤਾਂ ਕਹਾਣੀ ’ਚ ਉਹ ਚੀਜ਼ਾਂ ਬਿਲਕੁਲ ਨਹੀਂ ਹਨ, ਜੋ ਦਰਸ਼ਕਾਂ ਨੂੰ ਤਰਕਪੂਰਨ ਨਾ ਲੱਗਣ।

ਇਸ ਸਮੇਂ ਲੋਕ ਐਕਸ਼ਨ ਫਿਲਮਾਂ ਨੂੰ ਵੱਧ ਪਸੰਦ ਕਰ ਰਹੇ ਹਨ ਤਾਂ ਕੀ ਇਹੋ ਕਾਰਨ ਹੈ ਕਿ ਤੁਸੀਂ ਐਕਸ਼ਨ ਫਿਲਮ ਲੈ ਕੇ ਆਏ ਹੋ?
ਅਜਿਹਾ ਨਹੀਂ ਹੈ ਕਿ ਐਕਸ਼ਨ ਫਿਲਮਾਂ ਚਲ ਰਹੀਆਂ ਹਨ, ਇਸ ਲਈ ਇਹ ਫਿਲਮ ਲੈ ਕੇ ਆਇਆ ਹਾਂ। ਮੈਨੂੰ ਲੱਗਦਾ ਹੈ ਕਿ ਚੰਗੀ ਫਿਲਮ ਦਾ ਸਹੀ ਸਮਾਂ ਹਮੇਸ਼ਾ ਹੁੰਦਾ ਹੈ। ਅਸੀਂ ਇਸ ਫਿਲਮ ਨੂੰ ਵੱਡੀਆਂ-ਵੱਡੀਆਂ ਐਕਸ਼ਨ ਫਿਲਮਾਂ, ਜੋ ਪਿਛਲੇ ਦਿਨੀਂ ਆਈਆਂ ਹਨ, ਉਸ ਤੋਂ ਵੀ ਅੱਧੇ ਬਜਟ ’ਚ ਬਣਾਇਆ ਹੈ। ਫਿਲਮ ਪੂਰੀ ਮਿਹਨਤ ਤੇ ਲਗਨ ਨਾਲ ਬਣਾਈ ਹੈ ਅਤੇ ਅਜਿਹੀ ਕੋਈ ਗੱਲ ਨਹੀਂ ਹੈ ਕਿ ਐਕਸ਼ਨ ਨੂੰ ਲੈ ਕੇ ਹੀ ਸਭ ਕੁਝ ਹੋਵੇਗਾ।
 


sunita

Content Editor

Related News