ਆਰ. ਐੱਸ. ਐੱਸ ਨੇ ਘੇਰਿਆ ਆਮਿਰ ਖਾਨ, ਤੁਰਕੀ ਦੌਰੇ ਦੇ ਪਏ ਪੁਆੜੇ

Tuesday, Aug 25, 2020 - 01:53 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਆਮਿਰ ਖਾਨ ਦੇ ਤਾਜ਼ਾ ਤੁਰਕੀ ਦੌਰੇ ਕਰਕੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ) ਨੇ ਉਨ੍ਹਾਂ ਨੂੰ ਨਿਸ਼ਾਨੇ 'ਤੇ ਲਿਆ ਹੈ। ਆਰ. ਐੱਸ. ਐੱਸ. ਦੇ ਮੁੱਖ ਪੱਤਰ ਪੰਚਜਨੀਆ 'ਚ ਆਮਿਰ ਖਾਨ ਬਾਰੇ ਲੇਖ ਲਿਖਿਆ ਗਿਆ ਹੈ, ਜਿਸ 'ਚ ਆਰ. ਐੱਸ. ਐੱਸ. ਨੇ ਕਿਹਾ ਹੈ ਕਿ ਆਮਿਰ ਖ਼ਾਨ ਨੇ ਤੁਰਕੀ ਜਾ ਕੇ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਦੱਸ ਦਈਏ ਕਿ ਆਮਿਰ ਖਾਨ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲਈ ਤੁਰਕੀ ਗਏ ਸਨ। ਪੰਚਜਨੀਆ 'ਚ ਲਿਖਿਆ ਹੈ, 'ਆਮਿਰ ਖਾਨ ਤੁਰਕੀ ਜਾ ਕੇ ਭਾਰਤੀਆਂ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ। ਇੱਕ ਪਾਸੇ ਉਹ ਆਪਣੇ-ਆਪ ਨੂੰ 'ਧਰਮ ਨਿਰਪੱਖ' ਕਹਿੰਦੇ ਹਨ ਪਰ ਦੂਜੇ ਪਾਸੇ ਉਹੀ ਆਮਿਰ ਖਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਭਾਰਤ ਆਉਣ 'ਤੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੰਦਾ ਹੈ।'

ਪੰਚਜਨੀਆ 'ਚ ਆਰ. ਐੱਸ. ਐੱਸ. ਨੇ ਅੱਗੇ ਕਿਹਾ, 'ਜੇ ਆਮਿਰ ਆਪਣੇ-ਆਪ ਨੂੰ ਇੰਨਾ ਧਰਮ ਨਿਰਪੱਖ ਮੰਨਦਾ ਹੈ ਤਾਂ ਉਹ ਤੁਰਕੀ ਜਾ ਕੇ ਸ਼ੂਟਿੰਗ ਕਰਨ ਬਾਰੇ ਕਿਉਂ ਸੋਚ ਰਿਹਾ ਹੈ, ਜੋ ਦੇਸ਼ ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਦਾ ਸਮਰਥਨ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਭਾਰਤ-ਪਾਕਿਸਤਾਨ ਮਾਮਲਿਆਂ 'ਚ ਤੁਰਕੀ ਹਮੇਸ਼ਾ ਪਾਕਿਸਤਾਨ ਦਾ ਸਮਰਥਨ ਕਰਦਾ ਹੈ। ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਤਾਂ ਤੁਰਕੀ ਨੇ ਪਾਕਿਸਤਾਨ ਦਾ ਸਾਥ ਦਿੰਦਿਆਂ ਭਾਰਤ ਦਾ ਵਿਰੋਧ ਕੀਤਾ ਸੀ। ਇੱਕ ਇਸਲਾਮਿਕ ਦੇਸ਼ ਹੋਣ ਕਰਕੇ ਤੁਰਕੀ ਭਾਰਤ ਵਿਰੁੱਧ ਪਾਕਿਸਤਾਨ ਦੀਆਂ ਸਾਰੀਆਂ ਗਤੀਵਿਧੀਆਂ ਦਾ ਸਮਰਥਨ ਕਰਦਾ ਹੈ।


sunita

Content Editor

Related News