ਥਲਪਤੀ ਵਿਜੇ ਦੀ ਫਿਲਮ ‘ਜਨ ਨਾਇਗਨ’ ਦੀ ਰਿਲੀਜ਼ ਦਾ ਰਸਤਾ ਸਾਫ਼, HC ਨੇ ਦਿੱਤਾ ਇਹ ਆਦੇਸ਼

Friday, Jan 09, 2026 - 06:27 PM (IST)

ਥਲਪਤੀ ਵਿਜੇ ਦੀ ਫਿਲਮ ‘ਜਨ ਨਾਇਗਨ’ ਦੀ ਰਿਲੀਜ਼ ਦਾ ਰਸਤਾ ਸਾਫ਼, HC ਨੇ ਦਿੱਤਾ ਇਹ ਆਦੇਸ਼

ਚੇਨਈ- ਦੱਖਣੀ ਭਾਰਤੀ ਸਿਨੇਮਾ ਦੇ ਸੁਪਰਸਟਾਰ ਥਲਪਤੀ ਵਿਜੇ ਦੀ ਆਖਰੀ ਫਿਲਮ ‘ਜਨ ਨਾਇਗਨ’ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਜੰਗ ਵਿੱਚ ਨਿਰਮਾਤਾਵਾਂ ਦੀ ਵੱਡੀ ਜਿੱਤ ਹੋਈ ਹੈ। ਸੈਂਸਰ ਸਰਟੀਫਿਕੇਟ ਨਾ ਮਿਲਣ ਕਾਰਨ ਫਿਲਮ ਦੀ ਰਿਲੀਜ਼ 'ਤੇ ਲਟਕ ਰਹੀ ਤਲਵਾਰ ਹੁਣ ਹਟ ਗਈ ਹੈ। ਮਦਰਾਸ ਹਾਈਕੋਰਟ ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਫਿਲਮ ਨੂੰ U/A 16+ ਸਰਟੀਫਿਕੇਟ ਜਾਰੀ ਕਰਨ ਦਾ ਸਖ਼ਤ ਹੁਕਮ ਦਿੱਤਾ ਹੈ।
ਅਦਾਲਤ ਨੇ ਕਿਹਾ- ਇਤਰਾਜ਼ ਕਰਨਾ ਖ਼ਤਰਨਾਕ
ਜਸਟਿਸ ਪੀ.ਟੀ. ਆਸ਼ਾ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਣਾਉਂਦਿਆਂ ਕਿਹਾ ਕਿ ਸੈਂਸਰ ਬੋਰਡ ਵੱਲੋਂ ਅਜਿਹੇ ਇਤਰਾਜ਼ ਲਗਾਉਣਾ ਇੱਕ ‘ਖ਼ਤਰਨਾਕ ਮਿਸਾਲ’ ਬਣ ਸਕਦਾ ਹੈ। ਅਦਾਲਤ ਨੇ ਸਰਟੀਫਿਕੇਸ਼ਨ ਪ੍ਰਕਿਰਿਆ ਵਿੱਚ ਜ਼ਿੰਮੇਵਾਰੀ ਅਤੇ ਨਿਰੰਤਰਤਾ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੈਂਸਰ ਬੋਰਡ ਦੇ ਇੱਕ ਮੈਂਬਰ ਨੇ ਫਿਲਮ ਦੇ ਕੁਝ ਹਿੱਸਿਆਂ 'ਤੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ।
ਨਿਰਮਾਤਾਵਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਹੋਇਆ ਕਰੋੜਾਂ ਦਾ ਨੁਕਸਾਨ
ਜੇਕਰ ਸਭ ਕੁਝ ਠੀਕ ਰਹਿੰਦਾ ਤਾਂ ਇਹ ਫਿਲਮ ਅੱਜ (9 ਜਨਵਰੀ) ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੁੰਦੀ। ਫਿਲਮ ਦੀ ਐਡਵਾਂਸ ਬੁਕਿੰਗ ਭਾਰਤ ਅਤੇ ਵਿਦੇਸ਼ਾਂ ਵਿੱਚ ਜ਼ੋਰਾਂ-ਸ਼ੋਰਾਂ ਨਾਲ ਹੋ ਚੁੱਕੀ ਸੀ, ਪਰ ਸਰਟੀਫਿਕੇਟ ਨਾ ਮਿਲਣ ਕਾਰਨ ਐਨ ਮੌਕੇ 'ਤੇ ਸ਼ੋਅ ਰੱਦ ਕਰਨੇ ਪਏ ਅਤੇ ਦਰਸ਼ਕਾਂ ਨੂੰ ਪੈਸੇ ਰਿਫੰਡ ਕਰਨੇ ਪਏ। ਰਿਪੋਰਟਾਂ ਅਨੁਸਾਰ ਇਸ ਦੇਰੀ ਕਾਰਨ ਨਿਰਮਾਤਾਵਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਕਰੋੜਾਂ ਰੁਪਏ ਦਾ ਘਾਟਾ ਸਹਿਣਾ ਪਿਆ ਹੈ।
ਰਾਜਨੀਤੀ 'ਚ ਐਂਟਰੀ ਤੋਂ ਪਹਿਲਾਂ ਆਖਰੀ ਫਿਲਮ
ਥਲਪਤੀ ਵਿਜੇ ਦੇ ਪ੍ਰਸ਼ੰਸਕਾਂ ਲਈ ਇਹ ਫਿਲਮ ਬਹੁਤ ਭਾਵੁਕ ਹੈ ਕਿਉਂਕਿ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹੋਣ ਤੋਂ ਪਹਿਲਾਂ ਇਹ ਉਨ੍ਹਾਂ ਦੀ ਆਖਰੀ ਫਿਲਮ ਹੈ। ਹਾਲਾਂਕਿ ਨਿਰਮਾਤਾਵਾਂ ਨੇ ਅਜੇ ਨਵੀਂ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਹੈ, ਪਰ ਉਮੀਦ ਜਤਾਈ ਜਾ ਰਹੀ ਹੈ ਕਿ ਫਿਲਮ 14 ਜਨਵਰੀ ਨੂੰ ਪੋਂਗਲ ਦੇ ਤਿਉਹਾਰ ਮੌਕੇ ਰਿਲੀਜ਼ ਹੋ ਸਕਦੀ ਹੈ।


author

Aarti dhillon

Content Editor

Related News