ਜਦੋਂ ਆਡੀਸ਼ਨ ਦੇਣ ਆਏ ਕਪਿਲ ਸ਼ਰਮਾ ਨੂੰ ਨਵਜੋਤ ਸਿੱਧੂ ਨੇ ਕਰ ਦਿੱਤਾ ਸੀ ਰਿਜੈਕਟ, ਪੜ੍ਹੋ ਮਜ਼ੇਦਾਰ ਕਿੱਸਾ
Thursday, May 13, 2021 - 01:53 PM (IST)
ਮੁੰਬਈ (ਬਿਊਰੋ) - ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਅਸਲ ਸਫ਼ਰ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਨਾਲ ਸ਼ੁਰੂ ਹੋਇਆ, ਜਿਸ ਦੇ ਤੀਜੇ ਸੀਜ਼ਨ 'ਚ ਕਪਿਲ ਸ਼ਰਮਾ ਨੇ ਹਿੱਸਾ ਲਿਆ। ਕਪਿਲ ਸ਼ਰਮਾ ਨੇ ਇਸ ਸ਼ੋਅ 'ਚ ਜਿੱਤ ਵੀ ਹਾਸਲ ਕੀਤੀ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਸ਼ੋਅ 'ਚ ਪਹਿਲਾਂ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ। ਜਦੋਂ ਕਪਿਲ ਸ਼ਰਮਾ ਆਡੀਸ਼ਨ ਲਈ ਆਏ ਸਨ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਤੁਹਾਨੂੰ 2 ਮਿੰਟ 'ਚ ਕਾਮੇਡੀ ਕਰਨੀ ਪਵੇਗੀ, ਜਿਸ ਤੋਂ ਉਹ ਥੋੜ੍ਹਾ ਪਰੇਸ਼ਾਨ ਅਤੇ ਹੈਰਾਨ ਹੋ ਗਏ। ਇਸ ਲਈ ਉਨ੍ਹਾਂ ਨੂੰ ਇਸ ਸ਼ੋਅ ਤੋਂ ਰਿਜੈਕਟ ਕਰ ਦਿੱਤਾ ਗਿਆ ਸੀ। ਉਸ ਸਮੇਂ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸ਼ੋਅ ਦੇ ਜੱਜ ਨਵਜੋਤ ਸਿੰਘ ਸਿੱਧੂ ਸਨ।
ਕਪਿਲ ਦੀ ਕਿਸਮਤ ਕੁਝ ਹੋਰ ਹੀ ਲਿਖਿਆ ਸੀ, ਇਸ ਲਈ ਉਨ੍ਹਾਂ ਨੂੰ ਦੁਬਾਰਾ ਬੁਲਾਇਆ ਗਿਆ। ਇਸ ਤੋਂ ਬਾਅਦ ਕਪਿਲ ਸ਼ਰਮਾ 'ਕਾਮੇਡੀ ਸਰਕਸ' 'ਚ ਨਜ਼ਰ ਆਏ ਅਤੇ ਇਸ ਸ਼ੋਅ ਦਾ ਸੀਜ਼ਨ ਜਿੱਤ ਲਿਆ। ਸਾਲ 2013 'ਚ ਜਦੋਂ ਕਪਿਲ ਸ਼ਰਮਾ ਦਾ ਆਪਣਾ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਸ਼ੁਰੂ ਹੋਇਆ ਸੀ ਤਾਂ ਕਪਿਲ ਦੇ ਚੰਗੇ ਦਿਨਾਂ ਦਾ ਦੌਰ ਵੀ ਸ਼ੁਰੂ ਹੋਇਆ। ਸ਼ੋਅ ਨੂੰ ਨਾ ਸਿਰਫ਼ ਆਮ ਲੋਕਾਂ ਸਗੋਂ ਬਾਲੀਵੁੱਡ ਦੇ ਮਸ਼ਹੂਰ ਲੋਕਾਂ ਨੇ ਵੀ ਬਹੁਤ ਪਿਆਰ ਦਿੱਤਾ। ਸਾਲ 2017 ਤੋਂ ਉਹ 'ਦਿ ਕਪਿਲ ਸ਼ਰਮਾ' ਸ਼ੋਅ ਕਰ ਰਿਹਾ ਹੈ, ਜਿਸ ਨੂੰ ਪਹਿਲਾਂ ਨਾਲੋਂ ਵਧੇਰੇ ਪਿਆਰ ਮਿਲ ਰਿਹਾ ਹੈ। ਇਸ ਸ਼ੋਅ 'ਚ ਵੱਡੇ ਸਿਤਾਰੇ ਮਹਿਮਾਨ ਬਣ ਕੇ ਆਉਂਦੇ ਹਨ ਅਤੇ ਆਪਣੇ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਹਨ।
ਦੱਸਣਯੋਗ ਹੈ ਕਿ ਬੀਤੀ ਸ਼ਾਮ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਨਵੀਂ ਪੋਸਟ ਸਾਂਝੀ ਕੀਤੀ ਹੈ। ਪਿਛਲੇ ਕੁਝ ਸਮੇਂ ਤੋਂ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ। 25 ਮਾਰਚ ਤੋਂ ਬਾਅਦ ਅੱਜ ਯਾਨੀਕਿ 12 ਮਈ ਨੂੰ ਉਨ੍ਹਾਂ ਨੇ ਕੋਈ ਪੋਸਟ ਪਾਈ ਹੈ। ਉਨ੍ਹਾਂ ਨੇ ਆਪਣੇ ਕਾਲਜ ਵਾਲੇ ਦਿਨਾਂ ਨੂੰ ਯਾਦ ਕਰਦੇ ਹੋਏ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ।
ਇਸ ਤਸਵੀਰ 'ਚ ਉਨ੍ਹਾਂ ਨੂੰ ਪਛਾਣਨਾ ਮੁਸ਼ਕਿਲ ਹੈ। 23 ਸਾਲ ਪੁਰਾਣੀ ਤਸਵੀਰ ਨੂੰ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਮੈਨੂੰ ਆਪਣੀ 23 ਸਾਲ ਪੁਰਾਣੀ ਤਸਵੀਰ ਲੱਭੀ। ਇਹ ਉਸ ਸਮੇਂ ਦੀ ਹੈ ਜਦੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ 'ਚ ਸਾਡੇ ਨਾਟਕ #ਅਜ਼ਾਦੀ ਦੇ ਪ੍ਰਦਰਸ਼ਨ ਨੂੰ ਖ਼ਤਮ ਕਰਨ ਤੋਂ ਬਾਅਦ ਆਪਣੇ ਸਾਥੀਆਂ ਨੂੰ ਮਿਲਿਆ ਸੀ। ਮੈਂ ਆਪਣੇ ਸਾਥੀਆਂ ਨਾਲ ਤਸਵੀਰ ਖਿੱਚਵਾਣੀ ਸੀ ਤਾਂ ਕਰਕੇ ਮੈਂ ਜਲਦੀ-ਜਲਦੀ ਆਪਣੀ ਦਾੜ੍ਹੀ ਉਤਾਰੀ। ਉਸ ਸਮੇਂ ਤਸਵੀਰ ਕਲਿੱਕ ਕਰਵਾਉਣੀ ਬਹੁਤ ਲਗਜ਼ਰੀ ਚੀਜ਼ ਸੀ। ਮੈਂ ਧਿਆਨ ਨਹੀਂ ਦਿੱਤਾ ਕਿ ਗਮ (ਗੋਂਦ) ਮੇਰੇ ਚਿਹਰੇ 'ਤੇ ਲੱਗੀ ਰਹਿ ਗਈ ਸੀ। ਮੈਂ ਉਨ੍ਹਾਂ ਦਿਨਾਂ ਨੂੰ ਮਿਸ ਕਰਦਾਂ ਹਾਂ, ਜੇਬਾਂ ਹਮੇਸ਼ਾ ਖਾਲੀ ਹੁੰਦੀਆਂ ਸੀ ਪਰ ਚਿਹਰੇ 'ਤੇ ਸਦਾ ਮੁਸਕਾਨ ਰਹਿੰਦੀ ਸੀ। ਬਸ ਇਹ ਵਿਚਾਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਤੇ ਸੁਰੱਖਿਅਤ ਹੋ।'