‘ਮਾਸੀ ਦਾ ਪਤਾ ਲੈਣ ਨਿਕਲਿਆ ਸੀ ਸਿੱਧੂ, ਪੈਂਚਰ ਸੀ ਪਜੈਰੋ, ਕਹਿੰਦਾ ਥਾਰ ਕਦੇ ਲੈ ਕੇ ਨਹੀਂ ਗਏ, ਅੱਜ ਇਸ ਨੂੰ ਹੀ ਲੈ ਚੱਲਦੇ ਹਾਂ’

Thursday, Jun 02, 2022 - 02:52 PM (IST)

‘ਮਾਸੀ ਦਾ ਪਤਾ ਲੈਣ ਨਿਕਲਿਆ ਸੀ ਸਿੱਧੂ, ਪੈਂਚਰ ਸੀ ਪਜੈਰੋ, ਕਹਿੰਦਾ ਥਾਰ ਕਦੇ ਲੈ ਕੇ ਨਹੀਂ ਗਏ, ਅੱਜ ਇਸ ਨੂੰ ਹੀ ਲੈ ਚੱਲਦੇ ਹਾਂ’

ਬਠਿੰਡਾ (ਬਿਊਰੋ)– ਸਿੱਧੂ ਮੂਸੇ ਵਾਲਾ ਨੂੰ ਗੱਡੀਆਂ ਦਾ ਬਹੁਤ ਸ਼ੌਕ ਸੀ। ਉਸ ਦੇ ਕੋਲ ਕਈ ਮਹਿੰਗੀਆਂ ਗੱਡੀਆਂ ਸਨ। ਕਤਲ ਵਾਲੇ ਦਿਨ ਮੂਸੇ ਵਾਲਾ ਪਜੈਰੋ ਰਾਹੀਂ ਆਪਣੀ ਮਾਸੀ ਦੇ ਘਰ ਜਾਣਾ ਚਾਹੁੰਦੇ ਸਨ ਪਰ ਟਾਇਰ ਪੈਂਚਰ ਹੋਣ ਕਾਰਨ ਥਾਰ ਲੈ ਕੇ ਨਿਕਲ ਪਏ। ਰਸਤੇ ’ਚ ਘਾਤ ਲਗਾਈ ਬੈਠੇ ਹਮਲਾਵਰਾਂ ਨੇ ਉਸ ਨੂੰ ਘੇਰ ਕੇ ਮਾਰ ਦਿੱਤਾ।

ਇਹ ਗੱਲਾਂ ਬੁੱਧਵਾਰ ਨੂੰ ਮੂਸੇ ਵਾਲਾ ਦੇ ਜ਼ਖ਼ਮੀ ਸਾਥੀਆਂ ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਨੇ ਵਿਧਾਇਕ ਗੁਰਪ੍ਰੀਤ ਸਿੰਘ ਬਨਾਂਵਾਲੀ ਨੂੰ ਦੱਸੀਆਂ। ਗੁਰਪ੍ਰੀਤ ਸਿੰਘ ਉਨ੍ਹਾਂ ਦਾ ਹਾਲ ਪੁੱਛਣ ਹਸਪਤਾਲ ਗਏ ਸਨ। ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਸਿੱਧੂ ਘਰ ’ਚ ਹੀ ਸੀ। ਸ਼ਾਮ ਨੂੰ ਅਚਾਨਕ ਕਿਹਾ, ‘‘ਚਲੋ ਮਾਸੀ ਦਾ ਪਤਾ ਲੈਣ ਚੱਲਦੇ ਹਾਂ।’’ ਇਹ ਕਹਿ ਕੇ ਉਹ ਆਪਣੀ ਪਜੈਰੋ ਗੱਡੀ ਵੱਲ ਵਧਿਆ ਤਾਂ ਦੇਖਿਆ ਕਿ ਟਾਇਰ ਪੈਂਚਰ ਸੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਮਨਕੀਰਤ ਔਲਖ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਤਸਵੀਰ ਵਾਇਰਲ

ਇਸ ਤੋਂ ਬਾਅਦ ਉਸ ਨੇ ਕਿਹਾ, ‘‘ਥਾਰ ਖੜ੍ਹੀ ਹੈ, ਇਸ ਨੂੰ ਕਦੇ ਲੈ ਕੇ ਨਹੀਂ ਗਏ। ਅੱਜ ਇਸ ਨੂੰ ਹੀ ਲੈ ਚੱਲਦੇ ਹਾਂ।’’ ਰਸਤੇ ’ਚ ਕੋਰੋਲਾ ਕਾਰ ਲਗਭਗ 10 ਮਿੰਟ ਤੋਂ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਇਹ ਗੱਲ ਸਿੱਧੂ ਨੂੰ ਪਤਾ ਲੱਗ ਗਈ ਸੀ ਪਰ ਉਸ ਨੇ ਗੰਭੀਰਤਾ ਨਾਲ ਨਹੀਂ ਲਿਆ। ਸੋਚਿਆ ਕੋਈ ਪ੍ਰਸ਼ੰਸਕ ਹੋਵੇਗਾ।

ਗੁਰਪ੍ਰੀਤ ਨੇ ਦੱਸਿਆ ਕਿ ਜਦੋਂ ਪਿੰਡ ਦੇ ਰਜਵਾਹੇ ਵੱਲ ਪਹੁੰਚਿਆ ਤਾਂ ਉਥੋਂ ਕੋਰੋਲਾ ਗੱਡੀ ਦੂਜੇ ਪਾਸੇ ਚਲੀ ਗਈ ਤਾਂ ਉਹ ਬੇਪਰਵਾਹ ਹੋ ਗਏ ਪਰ ਜਦੋਂ ਪਿੰਡ ਵੱਲ ਪਹੁੰਚੇ ਤਾਂ ਅੱਗੋਂ-ਪਿੱਛਿਓਂ ਗੱਡੀਆਂ ਨੇ ਘੇਰ ਲਿਆ। ਹਮਲਾਵਰਾਂ ਨੇ ਸਭ ਤੋਂ ਪਹਿਲਾਂ ਥਾਰ ਦੇ ਟਾਇਰਾਂ ਨੂੰ ਨਿਸ਼ਾਨਾ ਬਣਾਇਆ ਤਾਂ ਕਿ ਸਿੱਧੂ ਭੱਜ ਨਾ ਸਕੇ। ਹਮਲਾ ਹੁੰਦਿਆਂ ਹੀ ਮੂਸੇ ਵਾਲਾ ਨੇ ਆਪਣੀ ਪਿਸਟਲ ਨਾਲ ਸ਼ੂਟਰਾਂ ’ਤੇ ਗੋਲੀਆਂ ਚਲਾਈਆਂ ਪਰ ਨਿਸ਼ਾਨਾ ਚੂਕ ਗਿਆ। ਇਸ ਤੋਂ ਬਾਅਦ ਤਾਂ ਸ਼ੂਟਰਾਂ ਨੇ ਅੰਨ੍ਹੇਵਾਹ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ’ਚ ਇਹ ਕਿਹੋ-ਜਿਹਾ ਮਾਹੌਲ ਬਣ ਰਿਹਾ

ਥਾਰ ਦੇ ਬਿਲਕੁਲ ਸਾਹਮਣੇ ਆ ਕੇ ਸਿੱਧੂ ਦੇ ਸਿਰ ਤੇ ਮੱਥੇ ’ਤੇ ਗੋਲੀਆਂ ਮਾਰੀਆਂ, ਜਿਸ ਨਾਲ ਉਹ ਸੀਟ ’ਤੇ ਹੀ ਲੁੜਕ ਗਿਆ। ਪਿਛਲੀ ਸੀਟ ’ਤੇ ਬੈਠਾ ਹੋਣ ਕਾਰਨ ਗੁਰਪ੍ਰੀਤ ਵਾਲ-ਵਾਲ ਬਚ ਗਿਆ। ਗੁਰਪ੍ਰੀਤ ਨੇ ਕਿਹਾ ਕਿ ਉਸ ਨੂੰ ਜ਼ਿੰਦਗੀ ਭਰ ਇਹ ਦੁੱਖ ਰਹੇਗਾ ਕਿ ਨਾਲ ਹੁੰਦਿਆਂ ਵੀ ਉਹ ਆਪਣੇ ਭਰਾ ਵਰਗੇ ਦੋਸਤ ਨੂੰ ਬਚਾ ਨਹੀਂ ਸਕਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News