ਸਿੱਧੂ ਮੂਸੇ ਵਾਲਾ ਅਤੇ ਬੱਬੂ ਮਾਨ ਦੇ ਵਿਵਾਦ 'ਤੇ ਰਣਜੀਤ ਬਾਵਾ ਨੇ ਆਖੀ ਵੱਡੀ ਗੱਲ
Thursday, Aug 27, 2020 - 09:31 PM (IST)
ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦਾ ਵਿਵਾਦ ਵੀ ਕਾਫ਼ੀ ਭਖਿਆ ਹੋਇਆ ਹੈ ਅਤੇ ਦੋਵਾਂ ਦੀ ਸੁਪੋਰਟ 'ਚ ਪੰਜਾਬੀ ਕਲਾਕਾਰ ਵੀ ਅੱਗੇ ਆ ਰਹੇ ਹਨ। ਬੀਤੇ ਦਿਨੀਂ ਜਿਥੇ ਅਨਮੋਲ ਗਗਨ ਮਾਨ, ਕਰਨ ਔਜਲਾ, ਰੁਪਿੰਦਰ ਹਾਂਡਾ ਤੇ ਸੁਲਤਾਨ ਨੇ ਇਸ ਵਿਵਾਦ 'ਤੇ ਆਪਣਾ-ਆਪਣਾ ਪੱਖ ਰੱਖਿਆ ਸੀ। ਉਥੇ ਹੀ ਅੱਜ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਇਸ ਵਿਵਾਦ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਹੈ। ਹਾਲਾਂਕਿ ਰਣਜੀਤ ਬਾਵਾ ਨੇ ਆਪਣੀ ਇਸ ਪੋਸਟ 'ਚ ਦੋਵਾਂ ਸਿੰਗਰਾਂ 'ਚੋਂ ਕਿਸੇ ਦਾ ਪੱਖ ਨਹੀਂ ਲਿਆ ਪਰ ਉਨ੍ਹਾਂ ਨੇ ਇਸ ਲੜਾਈ ਨੂੰ ਫਾਲਤੂ ਦਾ ਮੁੱਦਾ ਦੱਸਿਆ ਹੈ।
ਰਣਜੀਤ ਬਾਵਾ ਨੇ ਆਪਣੀ ਪੋਸਟ ਸਾਂਝੀ ਕਰਦਿਆਂ ਲਿਖਿਆ, 'ਲੜਨਾ ਤੇ ਲੜੋ ਪੰਜਾਬ ਲਈ, ਹੱਕਾਂ ਲਈ ਲੜੋ, ਪਾਣੀਆਂ ਦੇ ਮੁੱਦੇ ਲਈ ਕਰੋ ਕੁਝ, ਆਪਣੇ-ਆਪ ਨੂੰ ਕਾਮਯਾਬ ਕਰਨ ਲਈ ਆਪਣੀ ਕਿਸਮਤ ਨਾਲ ਲੜੋ। ਨਸ਼ਿਆ ਵਿਰੁੱਧ ਲੜੋ, ਪੰਜਾਬ ਪੰਜਾਬੀ ਲਈ ਲੜੋ। ਐਵੇਂ ਨਾ ਆਪਣਾ ਸਮਾਂ ਬਰਬਾਦ ਕਰੋ, ਪੰਜਾਬ ਦਾ ਪਹਿਲਾ ਬੁਰਾ ਹਾਲ ਕਿਉਂਕਿ ਅਸੀਂ ਹਮੇਸ਼ਾ ਆਪਸ 'ਚ ਈ ਲੜੇ ਆ ਜਦੋ ਵੀ ਲੜੇ ਆ। ਮਾਵਾਂ ਭੈਣਾ ਨੂੰ ਗਾਲਾਂ ਨਾ ਕੱਢੋ ਇੱਕ-ਦੂਜੇ ਦੀਆਂ ਨੂੰ, ਚਾਰ ਕਿਤਾਬਾਂ ਪੜੋ। ਪਿਆਰ ਨਾਲ ਰਹੋ, ਜਿਨੂੰ ਵੀ ਸੁਣਨਾ ਸੁਣੋ ਪਰ ਐਵੇਂ ਮਸਲੇ ਨਾ ਵਧਾਉ। ਬੇਨਤੀ ਸਾਰਿਆਂ ਨੂੰ। ਪੰਜਾਬ ਪੰਜਾਬੀ ਜਿੰਦਾਬਾਦ।'
ਕਰਨ ਔਜਲਾ ਨੇ ਕੀਤੀ ਬੱਬੂ ਮਾਨ ਦੀ ਸੁਪੋਰਟ
ਹੁਣ ਕਰਨ ਔਜਲਾ ਨੇ ਵੀ ਬੱਬੂ ਮਾਨ ਦੀ ਸੁਪੋਰਟ 'ਚ ਸੋਸ਼ਲ ਮੀਡੀਆ 'ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਸਿੱਧੂ ਮੂਸੇ ਵਾਲਾ ਵੱਲ ਵੀ ਇਸ਼ਾਰਾ ਕੀਤਾ ਹੈ।
ਕਰਨ ਔਜਲਾ ਨੇ ਕੀ ਕੀਤਾ ਸ਼ੇਅਰ ਤੇ ਕਿਵੇਂ ਕੀਤੀ ਬੱਬੂ ਮਾਨ ਦੀ ਸੁਪੋਰਟ, ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਇਸ ਪੋਸਟ ਰਾਹੀਂ। ਕਰਨ ਔਜਲਾ ਨੇ ਪਹਿਲਾਂ ਹਾਲੀਵੁੱਡ ਸਿੰਗਰ ਸਨੂਪ ਡੌਗ ਦੀ ਪੋਸਟ ਸਾਂਝੀ ਕੀਤੀ, ਜਿਸ 'ਚ ਲਿਖਿਆ ਹੈ, 'before you disrespect some of us 'old heads', you might want to do a background check. we still know how to do what we used to do.' ਇਸ ਤੋਂ ਬਾਅਦ ਕਰਨ ਔਜਲਾ ਸਟੋਰੀ 'ਚ ਬੱਬੂ ਮਾਨ ਦਾ ਗੀਤ 'ਉੱਚੀਆਂ ਇਮਾਰਤਾਂ' ਸਾਂਝਾ ਕਰਦੇ ਹਨ ਅਤੇ ਲਿਖਦੇ ਹਨ, 'ਉਸਤਾਦ ਬੱਬੂ ਮਾਨ।'
ਕੀ ਸੀ ਪੂਰਾ ਮਾਮਲਾ
ਬੀਤੇ ਦਿਨ ਸਿੱਧੂ ਮੂਸੇ ਵਾਲਾ ਬੱਬੂ ਮਾਨ ਦੇ ਪ੍ਰਸ਼ੰਸਕਾਂ 'ਤੇ ਖ਼ੂਬ ਭੜਕ ਰਿਹਾ ਹੈ। ਸਿੱਧੂ ਨੇ ਆਪਣੇ ਲਾਈਵ 'ਚ ਬੱਬੂ ਮਾਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ 'ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਬੇਸ਼ੱਕ ਆਪਣੇ ਇਸ ਲਾਈਵ 'ਚ ਸਿੱਧੂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਸਿੱਧੂ ਦੇ ਬੋਲਾਂ ਅਤੇ ਗੱਲਾਂ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਉਹ ਬੱਬੂ ਮਾਨ 'ਤੇ ਆਪਣਾ ਗੁੱਸਾ ਕੱਢ ਰਿਹਾ ਹੈ। ਹਾਲ ਹੀ 'ਚ ਬੱਬੂ ਮਾਨ ਦਾ ਗੀਤ 'ਅੜ੍ਹਬ ਪੰਜਾਬੀ' ਰਿਲੀਜ਼ ਹੋਇਆ ਸੀ। ਇਸ ਤੋਂ ਅਗਲੇ ਦਿਨ ਹੀ ਸਿੱਧੂ ਮੂਸੇ ਵਾਲਾ ਦਾ ਗੀਤ 'ਮੇ ਬਲੋਚਕ' ਰਿਲੀਜ਼ ਹੋਇਆ।
ਯੂਟਿਊਬ 'ਤੇ ਸਿੱਧੂ ਦਾ ਇਹ ਗੀਤ ਬੱਬੂ ਮਾਨ ਦੇ ਗੀਤ ਤੋਂ ਉਪਰ ਹੋ ਗਿਆ ਸੀ, ਜਿਸ ਦਾ ਸਕ੍ਰੀਨ ਸ਼ਾਟ ਸਿੱਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਸੀ। ਇਸ ਤੋਂ ਬਾਅਦ ਹੀ ਬੱਬੂ ਮਾਨ ਦੇ ਪ੍ਰਸ਼ੰਸਕਾਂ ਦਾ ਕਹਿਣਾ ਸੀ ਕਿ ਸਿੱਧੂ ਨੇ ਬੱਬੂ ਮਾਨ ਨੂੰ ਡਿਫੇਮ ਕੀਤਾ ਹੈ। ਉਸ ਤੋਂ ਬਾਅਦ ਹੀ ਸਿੱਧੂ ਨੂੰ ਕੁਮੈਂਟਸ 'ਚ ਧਮਕੀਆਂ ਮਿਲਣ ਲੱਗ ਗਈਆਂ। ਇਸ ਸਭ ਦਾ ਗੁੱਸਾ ਸਿੱਧੂ ਨੇ ਆਪਣੇ ਲਾਈਵ 'ਚ ਕੱਢਿਆ ਤੇ ਉਸ ਨੂੰ ਫੋਨ 'ਤੇ ਮੈਸੇਜ 'ਚ ਧਮਕੀਆਂ ਦੇਣ ਵਾਲੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਮੰਦਾ ਬੋਲਿਆ।
ਮੱਟ ਸ਼ੇਰੋਂ ਵਾਲਾ ਬੋਲੇ ਸਿੱਧੂ ਮੂਸੇ ਵਾਲਾ ਤੇ ਬੱਬੂ ਮਾਨ ਦੇ ਵਿਵਾਦ 'ਤੇ
ਗੀਤਕਾਰ ਮੱਟ ਸ਼ੇਰੋਂਵਾਲਾ ਨੇ ਇਸ ਵਿਵਾਦ 'ਤੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਦਾ ਫੈਨ (ਪ੍ਰਸ਼ੰਸਕ) ਹੋਣਾ ਗਲਤ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ-ਦੂਜੇ ਦੀ ਲੜਾਈ 'ਚ ਨਹੀਂ ਪੈਣਾ ਅਤੇ ਆਪਣੇ ਦਿਮਾਗ ਨੂੰ ਚੰਗੇ ਕੰਮਾਂ 'ਚ ਲਾਉਣਾ ਚਾਹੀਦਾ ਹੈ।
ਸਿੱਧੂ ਮੂਸੇ ਵਾਲਾ ਦੇ ਹੱਕ 'ਚ ਇੰਝ ਬੋਲੀ ਰੁਪਿੰਦਰ ਹਾਂਡਾ
ਬੀਤੇ ਦਿਨੀਂ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇ ਵਾਲਾ ਦੇ ਹੱਕ 'ਚ ਆਈ ਸੀ। ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇ ਵਾਲਾ ਦੇ ਹੱਕ 'ਚ ਇਕ ਪੋਸਟ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ ਹੈ, ਜਿਸ 'ਚ ਰੁਪਿੰਦਰ ਹਾਂਡਾ ਲਿਖਦੀ ਹੈ, 'ਗੱਲ ਜ਼ਮੀਰ ਤੇ ਸੱਚ ਦੇ ਨਾਲ ਖੜ੍ਹਨ ਦੀ ਹੈ ਤੇ ਮੈਂ ਹਮੇਸਾ ਸੱਚ ਦੇ ਹੱਕ 'ਚ ਖੜ੍ਹੀ ਤੇ ਸਟੈਂਡ ਵੀ ਲਿਆ। ਜੇ ਕੋਈ ਇੱਜ਼ਤ ਦਿੰਦਾ ਤੇ ਦੁੱਗਣੀ ਕਰਕੇ ਮੋੜਦੇ ਆ ਤੇ ਜੇ ਕੋਈ ਤਿੜ-ਫਿੜ ਕਰਦਾ ਮੂੰਹ 'ਤੇ ਬੋਲਦੇ ਹਾਂ। 3 ਸਾਲ ਪਹਿਲਾਂ ਜੋ ਮੇਰੇ ਨਾਲ ਹੋਇਆ, ਅੱਜ ਉਹ ਸਭ ਕੁਝ ਫਿਰ ਤਾਜ਼ਾ ਹੋ ਗਿਆ ਪਰ ਕਿਸੇ ਹੋਰ ਆਰਟਿਸਟ ਨਾਲ। ਉਸ ਵੇਲੇ ਮੇਰੇ ਹੱਕ 'ਚ ਇਕ ਵੀ ਆਰਟਿਸਟ ਦੀ ਆਵਾਜ਼ ਨਹੀਂ ਉੱਠੀ ਸੀ, ਜੇ ਅੱਜ ਵੀ ਚੁੱਪ ਰਹੇ ਤਾਂ ਕੱਲ ਨੂੰ ਇਹ ਕਿਸੇ ਹੋਰ ਆਰਟਿਸਟ ਨਾਲ ਵੀ ਹੋ ਸਕਦਾ ਪਰ ਬੋਲਣ ਦਾ ਜਿਗਰਾ ਸਭ ਕਰ ਨਹੀਂ ਪਾਉਂਦੇ।'