ਰਾਣੀ ਮੁਖਰਜੀ ਨੇ ਯਸ਼ ਚੋਪੜਾ ਦੀ ਵਿਰਾਸਤ ਨੂੰ ਕੀਤਾ ਯਾਦ, ''ਮਰਦਾਨੀ 3'' ਰਾਹੀਂ ਸਮਾਜਿਕ ਬੁਰਾਈਆਂ ''ਤੇ ਫਿਰ ਹੋਵੇਗਾ ਵਾਰ

Wednesday, Feb 04, 2026 - 11:44 AM (IST)

ਰਾਣੀ ਮੁਖਰਜੀ ਨੇ ਯਸ਼ ਚੋਪੜਾ ਦੀ ਵਿਰਾਸਤ ਨੂੰ ਕੀਤਾ ਯਾਦ, ''ਮਰਦਾਨੀ 3'' ਰਾਹੀਂ ਸਮਾਜਿਕ ਬੁਰਾਈਆਂ ''ਤੇ ਫਿਰ ਹੋਵੇਗਾ ਵਾਰ

ਮਨੋਰੰਜਨ ਡੈਸਕ - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਾਣੀ ਮੁਖਰਜੀ ਨੇ ਹਾਲ ਹੀ 'ਚ ਦਿੱਲੀ ਪੁਲਸ ਦੀਆਂ ਮਹਿਲਾ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਦਿੱਗਜ ਫਿਲਮ ਨਿਰਮਾਤਾ ਯਸ਼ ਚੋਪੜਾ ਦੀ ਵਿਰਾਸਤ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਆਦਿਤਿਆ ਚੋਪੜਾ , ਆਪਣੇ ਪਿਤਾ ਦੇ ਸਿਨੇਮੈਟਿਕ ਮੁੱਲਾਂ ਅਤੇ ਕਹਾਣੀ ਸੁਣਾਉਣ ਦੀ ਸ਼ੈਲੀ ਨੂੰ ਬੜੀ ਨਿਪੁੰਨਤਾ ਨਾਲ ਅੱਗੇ ਵਧਾ ਰਹੇ ਹਨ। ਉਨ੍ਹਾਂ ਅਨੁਸਾਰ, ਯਸ਼ ਰਾਜ ਫਿਲਮਜ਼ ਇਕ ਅਜਿਹਾ ਅਦਾਰਾ ਹੈ ਜਿਸ ਦੀ ਨੀਂਹ ਯਸ਼ ਚੋਪੜਾ ਨੇ ਰੱਖੀ ਸੀ, ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਫਿਲਮ ਨਿਰਮਾਤਾ ਸਨ।

ਯਸ਼ ਚੋਪੜਾ ਦੀ ਬਹੁਪੱਖੀ ਪ੍ਰਤਿਭਾ ਦਾ ਜ਼ਿਕਰ ਕਰਦਿਆਂ ਰਾਣੀ ਨੇ ਕਿਹਾ ਕਿ ਉਨ੍ਹਾਂ ਨੇ 'ਵਕਤ', 'ਦੀਵਾਰ', 'ਤ੍ਰਿਸ਼ੂਲ', 'ਨੂਰੀ', 'ਚਾਂਦਨੀ' ਅਤੇ 'ਲਮਹੇ' ਵਰਗੀਆਂ ਕਈ ਮਹਾਨ ਫਿਲਮਾਂ ਬਣਾਈਆਂ, ਜੋ ਵੱਖ-ਵੱਖ ਸ਼ੈਲੀਆਂ ਨਾਲ ਸਬੰਧਤ ਸਨ। ਉਨ੍ਹਾਂ ਦੀਆਂ ਫਿਲਮਾਂ 'ਚ ਹਰ ਤਰ੍ਹਾਂ ਦੇ ਵਿਸ਼ਿਆਂ ਨੂੰ ਛੋਹਿਆ ਗਿਆ ਸੀ। ਰਾਣੀ ਨੇ ਅੱਗੇ ਕਿਹਾ ਕਿ ਆਦਿਤਿਆ ਚੋਪੜਾ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਹੋਏ ਯਸ਼ ਰਾਜ ਦੇ ਬੈਨਰ ਹੇਠ ਹਰ ਤਰ੍ਹਾਂ ਦੀਆਂ ਫਿਲਮਾਂ ਬਣਾ ਕੇ ਇਸ ਝੰਡੇ ਨੂੰ ਬੁਲੰਦ ਰੱਖ ਰਹੇ ਹਨ।

ਰਾਣੀ ਮੁਖਰਜੀ ਦੀ ਬਹੁ-ਚਰਚਿਤ ਫ੍ਰੈਂਚਾਇਜ਼ੀ 'ਮਰਦਾਨੀ' ਬਾਰੇ ਗੱਲ ਕਰੀਏ ਤਾਂ ਇਸ ਦੀ ਪਹਿਲੀ ਕੜੀ 2014 'ਚ ਰਿਲੀਜ਼ ਹੋਈ ਸੀ, ਜਿਸ 'ਚ ਮਾਨਵ ਤਸਕਰੀ ਦੀਆਂ ਭਿਆਨਕ ਸੱਚਾਈਆਂ ਨੂੰ ਦਿਖਾਇਆ ਗਿਆ ਸੀ। ਇਸ ਤੋਂ ਬਾਅਦ 2019 'ਚ ਆਈ 'ਮਰਦਾਨੀ 2' 'ਚ ਇਕ ਅਜਿਹੇ ਸੀਰੀਅਲ ਰੇਪਿਸਟ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਗਿਆ ਸੀ ਜਿਸ ਨੇ ਪੂਰੇ ਸਿਸਟਮ ਨੂੰ ਚੁਣੌਤੀ ਦਿੱਤੀ ਸੀ। ਇਹ ਫ੍ਰੈਂਚਾਇਜ਼ੀ ਸਮਾਜਿਕ ਮੁੱਦਿਆਂ 'ਤੇ ਅਧਾਰਤ ਪ੍ਰਭਾਵਸ਼ਾਲੀ ਕਹਾਣੀਆਂ ਸੁਣਾਉਣ ਦੀ ਆਪਣੀ ਵਿਰਾਸਤ ਲਈ ਜਾਣੀ ਜਾਂਦੀ ਹੈ।

ਹੁਣ ਇਸ ਲੜੀ ਦੀ ਅਗਲੀ ਫਿਲਮ 'ਮਰਦਾਨੀ 3' ਜਲਦ ਹੀ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੀ ਹੈ। ਅਭਿਰਾਜ ਮੀਨਾਵਾਲਾ ਦੇ ਨਿਰਦੇਸ਼ਨ ਅਤੇ ਆਦਿਤਿਆ ਚੋਪੜਾ ਦੇ ਨਿਰਮਾਣ ਹੇਠ ਬਣੀ ਇਹ ਫਿਲਮ ਸਮਾਜ ਦੀ ਇਕ ਹੋਰ ਕਾਲੀ ਅਤੇ ਵਹਿਸ਼ੀ ਸੱਚਾਈ ਨੂੰ ਉਜਾਗਰ ਕਰੇਗੀ। ਇਸ ਵਾਰ ਫਿਲਮ 'ਚ 'ਸ਼ੈਤਾਨ' ਫੇਮ ਅਦਾਕਾਰਾ ਜਾਨਕੀ ਬੋਡੀਵਾਲਾ ਵੀ ਇਕ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਆਯੂਸ਼ ਗੁਪਤਾ ਦੁਆਰਾ ਲਿਖੀ ਗਈ ਇਹ ਫਿਲਮ 30 ਜਨਵਰੀ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।


author

Sunaina

Content Editor

Related News