ਰਾਮ ਚਰਨ ਵਿਆਹ ਦੇ 11 ਸਾਲਾਂ ਬਾਅਦ ਬਣੇ ਪਿਤਾ, ਪਤਨੀ ਉਪਾਸਨਾ ਨੇ ਧੀ ਨੂੰ ਦਿੱਤਾ ਜਨਮ

Tuesday, Jun 20, 2023 - 09:59 AM (IST)

ਮੁੰਬਈ (ਬਿਊਰੋ)– ਸਾਊਥ ਦੇ ਸਟਾਰ ਰਾਮ ਚਰਨ ਦਾ ਘਰ ਕਿਲਕਾਰੀਆਂ ਨਾਲ ਗੂੰਜ ਉੱਠਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਰਾਮ ਚਰਨ ਤੇ ਉਨ੍ਹਾਂ ਦੀ ਪਤਨੀ ਉਪਾਸਨਾ ਮਾਤਾ-ਪਿਤਾ ਬਣ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ 20 ਜੂਨ ਦੀ ਸਵੇਰ ਨੂੰ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ। ਰਾਮ ਚਰਨ ਤੇ ਉਸ ਦੀ ਪਤਨੀ ਵਿਆਹ ਦੇ 11 ਸਾਲਾਂ ਬਾਅਦ ਮਾਤਾ-ਪਿਤਾ ਬਣ ਗਏ ਹਨ। ਹੈਦਰਾਬਾਦ ਦੇ ਅਪੋਲੋ ਹਸਪਤਾਲ ਨੇ ਮੈਡੀਕਲ ਬੁਲੇਟਿਨ ਜਾਰੀ ਕਰਕੇ ਇਨ੍ਹਾਂ ਦੋਵਾਂ ਸਿਤਾਰਿਆਂ ਦੇ ਮਾਤਾ-ਪਿਤਾ ਬਣਨ ਦੀ ਜਾਣਕਾਰੀ ਦਿੱਤੀ ਹੈ। ਮਾਂ ਤੇ ਬੱਚਾ ਦੋਵੇਂ ਤੰਦਰੁਸਤ ਹਨ।

ਜਦੋਂ ਤੋਂ ਰਾਮ ਚਰਨ ਨੇ ਪਤਨੀ ਉਪਾਸਨਾ ਦੇ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਇਹ ਦੋਵੇਂ ਸਿਤਾਰੇ ਲਗਾਤਾਰ ਲਾਈਮਲਾਈਟ ’ਚ ਹਨ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਉਪਾਸਨਾ ਚੈੱਕਅੱਪ ਲਈ ਹਸਪਤਾਲ ਗਈ ਸੀ ਤੇ ਖ਼ੁਸ਼ੀ 16 ਜੂਨ ਤੋਂ ਬਾਅਦ ਕਿਸੇ ਵੀ ਸਮੇਂ ਉਨ੍ਹਾਂ ਦੇ ਘਰ ਆ ਸਕਦੀ ਹੈ। ਇਸ ਤੋਂ ਬਾਅਦ ਰਾਮ ਚਰਨ 19 ਜੂਨ ਦੀ ਰਾਤ ਨੂੰ ਅਚਾਨਕ ਪਤਨੀ ਨਾਲ ਹਸਪਤਾਲ ਪਹੁੰਚ ਗਏ। ਇਸ ਦੌਰਾਨ ਉਪਾਸਨਾ ਨੂੰ ਗੁਲਾਬੀ ਟੀ-ਸ਼ਰਟ ਤੇ ਕਾਲੇ ਰੰਗ ਦੇ ਟਰਾਊਜ਼ਰ ’ਚ ਦੇਖਿਆ ਗਿਆ।

ਇਹ ਖ਼ਬਰ ਵੀ ਪੜ੍ਹੋ : ‘ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਫ਼ਿਲਮ ਹੈ ‘ਕੈਰੀ ਆਨ ਜੱਟਾ 3’

ਜਿਥੇ ਰਾਮ ਚਰਨ ਤੇ ਉਪਾਸਨਾ ਮਾਤਾ-ਪਿਤਾ ਬਣ ਗਏ ਹਨ, ਚਿਰੰਜੀਵੀ ਤੇ ਉਸ ਦੀ ਪਤਨੀ ਸੁਰੇਖਾ ਦਾਦਾ-ਦਾਦੀ ਬਣ ਗਏ ਹਨ। ਇਹ ਖ਼ਬਰ ਮਿਲਦਿਆਂ ਹੀ ਪੂਰੇ ਪਰਿਵਾਰ ’ਚ ਖ਼ੁਸ਼ੀ ਦਾ ਮਾਹੌਲ ਹੈ। ਹਰ ਕੋਈ ਨੰਨ੍ਹੀ ਪਰੀ ਦੀ ਇਕ ਝਲਕ ਨੂੰ ਦੇਖਣ ਲਈ ਬੇਤਾਬ ਹੈ। ਦੱਸ ਦੇਈਏ ਕਿ ਰਾਮ ਚਰਨ ਤੇ ਉਪਾਸਨਾ ਨੇ ਦਸੰਬਰ 2022 ’ਚ ਖ਼ੁਸ਼ਖਬਰੀ ਦਾ ਐਲਾਨ ਕੀਤਾ ਸੀ। ਉਦੋਂ ਤੋਂ ਉਪਾਸਨਾ ਲਗਾਤਾਰ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਦੋਵਾਂ ਨੇ 4 ਜੂਨ ਨੂੰ ਹੀ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News