ਪੰਜ ਤੱਤਾਂ 'ਚ ਵਿਲੀਨ ਹੋਏ ਰਾਜੂ ਸ਼੍ਰੀਵਾਸਤਵ, ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
Thursday, Sep 22, 2022 - 01:21 PM (IST)
ਮੁੰਬਈ (ਬਿਊਰੋ) : ਬੀਤੇ ਦਿਨੀਂ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦਿਹਾਂਤ ਹੋ ਗਿਆ। ਪਿਛਲੇ 42 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਰਾਜੂ ਨੇ ਆਖ਼ਿਰਕਾਰ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਰਾਜੂ ਸ਼੍ਰੀਵਾਸਤਵ ਨੇ 21 ਸਤੰਬਰ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਆਖ਼ਰੀ ਸਾਹ ਲਿਆ। ਕਾਮੇਡੀ ਦੇ ਬਾਦਸ਼ਾਹ ਅਖਵਾਉਣ ਵਾਲੇ ਰਾਜੂ ਸ਼੍ਰੀਵਾਸਤਵ ਦਾ ਅੰਤਿਮ ਸੰਸਕਾਰ ਅੱਜ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਕੀਤਾ ਗਿਆ। ਰਾਜੂ ਸ਼੍ਰੀਵਾਸਤਵ ਦੀ ਮੌਤ ਨਾਲ ਪੂਰੀ ਇੰਡਸਟਰੀ ਸੋਗ 'ਚ ਹੈ।
ਰਾਜੂ ਸ਼੍ਰੀਵਾਸਤਵ ਨੂੰ ਅੰਤਿਮ ਵਿਦਾਈ ਦੇਣ ਲਈ ਉੱਤਰ ਪ੍ਰਦੇਸ਼ ਦੇ ਸੈਰ ਸਪਾਟਾ ਮੰਤਰੀ, ਸੁਨੀਲ ਪਾਲ, ਮਧੁਰ ਭੰਡਾਰਕਰ, ਅਹਿਸਾਨ ਕੁਰੈਸ਼ੀ ਆਦਿ ਸ਼ਮਸ਼ਾਨਘਾਟ ਪਹੁੰਚੇ ਸਨ। ਸਾਰਿਆਂ ਨੇ ਨਮ ਅੱਖਾਂ ਨਾਲ ਰਾਜੂ ਸ਼੍ਰੀਵਾਸਤਵ ਨੂੰ ਅਲਵਿਦਾ ਕਿਹਾ।
ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਦੱਖਣੀ ਦਿੱਲੀ ਦੇ ਕਲਟ ਜਿਮ 'ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦੀ ਉਸੇ ਦਿਨ ਐਂਜੀਓਪਲਾਸਟੀ ਹੋਈ ਸੀ। ਰਾਜੂ ਸ਼੍ਰੀਵਾਸਤਵ ਦਾ ਦਿੱਲੀ ਦੇ ਏਮਜ਼ 'ਚ 42 ਦਿਨਾਂ ਤੱਕ ਇਲਾਜ ਚੱਲ ਰਿਹਾ ਸੀ। ਕਈ ਹਫ਼ਤਿਆਂ ਤੱਕ ਰਾਜੂ ਨੂੰ ਹੋਸ਼ ਨਹੀਂ ਆਇਆ ਪਰ ਡਾਕਟਰਾਂ ਦੀ ਮਿਹਨਤ ਅਤੇ ਪ੍ਰਸ਼ੰਸਕਾਂ ਦੇ ਆਸ਼ੀਰਵਾਦ ਸਦਕਾ ਰਾਜੂ ਹੋਸ਼ 'ਚ ਆ ਗਿਆ ਪਰ ਫਿਰ ਰਾਜੂ ਸ਼੍ਰੀਵਾਸਤਵ ਦੀ ਸਿਹਤ ਫਿਰ ਵਿਗੜ ਗਈ ਅਤੇ 21 ਸਤੰਬਰ ਨੂੰ ਉਨ੍ਹਾਂ ਨੇ ਏਮਜ਼ 'ਚ ਆਖ਼ਰੀ ਸਾਹ ਲਿਆ। ਰਾਜੂ ਸ਼੍ਰੀਵਾਸਤਵ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ।
ਦੱਸ ਦੇਈਏ ਕਿ ਰਾਜੂ ਸ਼੍ਰੀਵਾਸਤਵ ਦਾ ਜਨਮ 25 ਦਸੰਬਰ 1963 ਨੂੰ ਕਾਨਪੁਰ 'ਚ ਹੋਇਆ ਸੀ। ਬਚਪਨ ਤੋਂ ਹੀ ਰਾਜੂ ਅਮਿਤਾਭ ਬੱਚਨ ਦੇ ਬਹੁਤ ਵੱਡੇ ਫੈਨ ਸਨ। ਉਨ੍ਹਾਂ ਨੂੰ ਦੇਖ ਕੇ ਉਹ ਉਨ੍ਹਾਂ ਦੀ ਨਕਲ ਕਰਨ ਲੱਗ ਪਏ। ਰਾਜੂ ਨੂੰ ਜੂਨੀਅਰ ਅਮਿਤਾਭ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਰਾਜੂ ਨੂੰ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਤੋਂ ਪ੍ਰਸਿੱਧੀ ਮਿਲੀ। ਇਸ ਤੋਂ ਪਹਿਲਾਂ ਉਹ ਫ਼ਿਲਮਾਂ 'ਚ ਜੂਨੀਅਰ ਕਲਾਕਾਰ ਦੀ ਭੂਮਿਕਾ ਨਿਭਾਅ ਚੁੱਕੇ ਹਨ।
Delhi | Last rites of comedian #RajuSrivastav to be performed today; comedians Ahsaan Quresh and Sunil Pal arrived to pay their last respects
— ANI (@ANI) September 22, 2022
"He will always be remembered. He was our teacher," says Sunil Pal pic.twitter.com/zqSIZunqjJ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।