ਪਹਿਲੀ ਨਜ਼ਰ ’ਚ ਸ਼ਿਖਾ ’ਤੇ ਫਿਦਾ ਹੋ ਗਏ ਸਨ ਰਾਜੂ ਸ਼੍ਰੀਵਾਸਤਵ, 29 ਸਾਲ ਦੇ ਸਫਰ ਮਗਰੋਂ ਛੁੱਟਿਆ ਸਾਥ

Wednesday, Sep 21, 2022 - 02:16 PM (IST)

ਪਹਿਲੀ ਨਜ਼ਰ ’ਚ ਸ਼ਿਖਾ ’ਤੇ ਫਿਦਾ ਹੋ ਗਏ ਸਨ ਰਾਜੂ ਸ਼੍ਰੀਵਾਸਤਵ, 29 ਸਾਲ ਦੇ ਸਫਰ ਮਗਰੋਂ ਛੁੱਟਿਆ ਸਾਥ

ਮੁੰਬਈ (ਬਿਊਰੋ)– ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ ਦਾ ਇੰਝ ਦੁਨੀਆ ਤੋਂ ਚਲੇ ਜਾਣਾ ਜਿਸ ਨੂੰ ਸਭ ਤੋਂ ਵੱਧ ਤਕਲੀਫ ਦੇ ਰਿਹਾ ਹੈ, ਉਹ ਹੈ ਸ਼ਿਖਾ। ਰਾਜੂ ਜਦੋਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ’ਚ ਦਾਖ਼ਲ ਸਨ, ਉਦੋਂ ਤੋਂ ਸ਼ਿਖਾ ਉਨ੍ਹਾਂ ਨਾਲ ਸਾਏ ਵਾਂਗ ਖੜ੍ਹੀ ਰਹੀ। ਜ਼ਿੰਦਗੀ ਦੇ ਹਰ ਮੋੜ ’ਤੇ ਦੋਵੇਂ ਇਕ-ਦੂਜੇ ਨਾਲ ਪਹਾੜ ਵਾਂਗ ਖੜ੍ਹੇ ਰਹੇ ਹਨ।

ਰਾਜੂ ਸ਼੍ਰੀਵਾਸਤਵ ਸ਼ਿਖਾ ਨੂੰ ਪਹਿਲੀ ਹੀ ਨਜ਼ਰ ’ਚ ਆਪਣਾ ਦਿਲ ਦੇ ਬੈਠੇ ਸਨ। ਦੋਵਾਂ ਨੇ ਇਕੱਠਿਆਂ ਖ਼ੂਬਸੂਰਤ ਸਫਰ ਬਤੀਤ ਕੀਤਾ ਪਰ ਅੱਜ ਯਾਨੀ 21 ਸਤੰਬਰ ਨੂੰ ਦੋਵਾਂ ਦਾ 29 ਸਾਲ ਦਾ ਸਾਥ ਟੁੱਟ ਗਿਆ।

ਇਹ ਖ਼ਬਰ ਵੀ ਪੜ੍ਹੋ : ਕਿਵੇਂ ਹੋਈ ਰਾਜੂ ਸ਼੍ਰੀਵਾਸਤਵ ਦੀ ਮੌਤ? ਸਭ ਠੀਕ ਹੋ ਰਿਹਾ ਸੀ ਤਾਂ ਅਚਾਨਕ ਕੀ ਹੋ ਗਿਆ?

ਅਜਿਹਾ ਦੱਸਿਆ ਜਾਂਦਾ ਹੈ ਕਿ ਸ਼ਿਖਾ ਨੂੰ ਦੇਖਦੇ ਹੀ ਪਹਿਲੀ ਨਜ਼ਰ ’ਚ ਰਾਜੂ ਨੂੰ ਪਿਆਰ ਹੋ ਗਿਆ ਸੀ। ਹਾਲਾਂਕਿ ਇਸ ਲਈ ਰਾਜੂ ਨੂੰ 12 ਸਾਲਾਂ ਦਾ ਲੰਮਾ ਇੰਤਜ਼ਾਰ ਕਰਨਾ ਪਿਆ ਸੀ। ਇਕ ਇੰਟਰਵਿਊ ਦੌਰਾਨ ਰਾਜੂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਸ਼ਿਖਾ ਨੂੰ ਪਹਿਲੀ ਵਾਰ ਆਪਣੇ ਭਰਾ ਦੇ ਵਿਆਹ ’ਚ ਦੇਖਿਆ ਸੀ।

ਰਾਜੂ ਬਹੁਤ ਰੋਮਾਂਟਿਕ ਮਿਜਾਜ਼ ਦੇ ਸਨ। ਅਜਿਹੇ ’ਚ ਉਨ੍ਹਾਂ ਨੇ ਸ਼ਿਖਾ ਨੂੰ ਦੇਖਦਿਆਂ ਹੀ ਫ਼ੈਸਲਾ ਕਰ ਲਿਆ ਕਿ ਵਿਆਹ ਕਰਾਂਗਾ ਤਾਂ ਇਸੇ ਕੁੜੀ ਨਾਲ ਹੀ ਕਰਾਂਗਾ। ਹੌਲੀ-ਹੌਲੀ ਸਮਾਂ ਲੰਘਿਆ ਤੇ ਰਾਜੂ ਸ਼ਿਖਾ ਦਾ ਪਤਾ ਲੱਭਣ ’ਚ ਲੱਗ ਗਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸ਼ਿਖਾ ਉਨ੍ਹਾਂ ਦੀ ਭਾਬੀ ਦੀ ਚਚੇਰੀ ਭੈਣ ਹੈ ਤਾਂ ਉਨ੍ਹਾਂ ਨੇ ਇਟਾਵਾ ਆਉਣਾ-ਜਾਣਾ ਸ਼ੁਰੂ ਕਰ ਦਿੱਤਾ, ਜਿਥੇ ਉਹ ਰਹਿੰਦੀ ਸੀ।

ਇਹ ਖ਼ਬਰ ਵੀ ਪੜ੍ਹੋ : 50 ਰੁਪਏ ਤੋਂ ਸ਼ੁਰੂ ਹੋਇਆ ਸੀ ਰਾਜੂ ਸ਼੍ਰੀਵਾਸਤਵ ਦਾ ਸਫ਼ਰ, ਇੰਝ ਬਣੇ ਸਨ ਕਾਮੇਡੀ ਦੇ ਸ਼ਹਿਨਸ਼ਾਹ

ਭਾਵੇਂ ਹੀ ਰਾਜੂ ਸ਼੍ਰੀਵਾਸਤਵ ਰੋਮਾਂਟਿਕ ਸੁਭਾਅ ਦੇ ਸਨ ਪਰ ਆਪਣੇ ਦਿਲ ਦੀ ਗੱਲ ਸ਼ਿਖਾ ਨੂੰ ਦੱਸਣ ਦੀ ਹਿੰਮਤ ਨਹੀਂ ਕਰ ਸਕੇ। ਉਨ੍ਹਾਂ ਨੇ ਸ਼ਿਖਾ ਨੂੰ ਦਿਲ ਦੀ ਗੱਲ ਦੱਸਣ ’ਚ 12 ਸਾਲ ਲਗਾ ਦਿੱਤੇ ਸਨ।

ਇਸ ਵਿਚਾਲੇ ਉਨ੍ਹਾਂ ਨੇ ਆਪਣੇ ਕਰੀਅਰ ’ਤੇ ਵੀ ਧਿਆਨ ਦੇਣਾ ਸੀ ਤੇ ਚਲੇ ਗਏ ਸੁਪਨਿਆਂ ਦੀ ਨਗਰੀ ਮੁੰਬਈ ਵੱਲ। ਇਥੇ ਆ ਕੇ ਉਨ੍ਹਾਂ ਨੇ ਕਾਫੀ ਸੰਘਰਸ਼ ਕੀਤਾ ਤੇ ਉਸ ਮੁਕਾਮ ਨੂੰ ਹਾਸਲ ਕੀਤਾ, ਜਿਸ ਨੂੰ ਪਾਉਣ ਲਈ ਹਰ ਕੋਈ ਸੋਚਦਾ ਹੈ। ਇਸ ਸੁਪਨਿਆਂ ਦੀ ਦੁਨੀਆ ’ਚ ਉਨ੍ਹਾਂ ਦੇ ਸੁਪਨਿਆਂ ਦੀ ਰਾਣੀ ਪਿੱਛੇ ਛੁੱਟ ਰਹੀ ਸੀ, ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਤੇ ਮੁੰਬਈ ਤੋਂ ਸ਼ਿਖਾ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ। ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੇ 1993 ਨੂੰ ਸ਼ਿਖਾ ਨਾਲ ਫੇਰੇ ਲਏ। ਉਨ੍ਹਾਂ ਦੇ ਦੋ ਬੱਚੇ ਹਨ, ਜਿਨ੍ਹਾਂ ਦਾ ਨਾਂ ਅੰਤਰਾ ਤੇ ਆਯੂਸ਼ਮਾਨ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News