ਰਜਨੀਕਾਂਤ ਦੀ ਫਿਲਮ ''ਕੂਲੀ'' 200 ਕਰੋੜ ਦੇ ਕਲੱਬ ''ਚ ਹੋਈ ਸ਼ਾਮਲ

Tuesday, Aug 19, 2025 - 11:00 AM (IST)

ਰਜਨੀਕਾਂਤ ਦੀ ਫਿਲਮ ''ਕੂਲੀ'' 200 ਕਰੋੜ ਦੇ ਕਲੱਬ ''ਚ ਹੋਈ ਸ਼ਾਮਲ

ਮੁੰਬਈ (ਏਜੰਸੀ)- ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਕੂਲੀ - ਦਿ ਪਾਵਰਹਾਊਸ' ਨੇ ਭਾਰਤੀ ਬਾਜ਼ਾਰ ਵਿੱਚ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਸਨ ਪਿਕਚਰਸ ਦੀ ਫਿਲਮ 'ਕੂਲੀ - ਦਿ ਪਾਵਰਹਾਊਸ' ਦਾ ਨਿਰਦੇਸ਼ਨ ਲੋਕੇਸ਼ ਕਨਗਰਾਜ ਨੇ ਕੀਤਾ ਹੈ। ਇਹ ਫਿਲਮ 14 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਰਜਨੀਕਾਂਤ ਦੀ ਅਦਾਕਾਰੀ ਨਾਲ ਸਜੀ ਇਸ ਫਿਲਮ ਨੂੰ ਸਿਨੇਮਾ ਪ੍ਰੇਮੀਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਰਜਨੀਕਾਂਤ ਆਪਣੇ ਵਿਲੱਖਣ ਅੰਦਾਜ਼ ਅਤੇ ਸਵੈਗ ਨਾਲ ਪਰਦੇ 'ਤੇ ਛਾ ਜਾਂਦੇ ਹਨ, ਜਦੋਂ ਕਿ ਨਾਗਾਰਜੁਨ ਆਪਣੇ ਗੰਭੀਰ ਖ਼ਤਰਨਾਕ ਅੰਦਾਜ਼ ਨਾਲ ਨਜ਼ਰ ਆ ਆਉਂਦੇ ਹਨ। ਫਿਲਮ 'ਕੂਲੀ' ਨੇ ਬਾਕਸ ਆਫਿਸ 'ਤੇ ਰਿਕਾਰਡ ਤੋੜ ਸ਼ੁਰੂਆਤ ਕੀਤੀ ਅਤੇ ਅਜੇ ਵੀ ਧਮਾਲ ਮਚਾ ਰਹੀ ਹੈ।

ਇਸ ਫਿਲਮ ਦਾ ਨਿਰਮਾਣ ਕਲਾਨਿਥੀ ਮਾਰਨ ਨੇ ਸਨ ਪਿਕਚਰਸ ਦੇ ਬੈਨਰ ਹੇਠ ਕੀਤਾ ਹੈ। ਇਸ ਫਿਲਮ ਵਿੱਚ ਆਮਿਰ ਖਾਨ ਨੇ ਇੱਕ ਕੈਮਿਓ ਰੋਲ ਨਿਭਾਇਆ ਹੈ। ਇਸ ਫਿਲਮ ਵਿੱਚ ਰਜਨੀਕਾਂਤ, ਨਾਗਾਰਜੁਨ ਅਤੇ ਆਮਿਰ ਖਾਨ ਤੋਂ ਇਲਾਵਾ, ਸੱਤਿਆਰਾਜ, ਉਪੇਂਦਰ ਅਤੇ ਸ਼ਰੂਤੀ ਹਾਸਨ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਹਨ। ਟ੍ਰੇਡ ਵੈੱਬਸਾਈਟ ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ, ਫਿਲਮ 'ਕੁਲੀ' ਨੇ ਪਹਿਲੇ ਹਫਤੇ ਦੌਰਾਨ 3 ਦਿਨਾਂ ਵਿੱਚ ਭਾਰਤੀ ਬਾਜ਼ਾਰ ਵਿੱਚ ਲਗਭਗ 160 ਕਰੋੜ ਦੀ ਕਮਾਈ ਕੀਤੀ। ਚੌਥੇ ਦਿਨ, ਫਿਲਮ 'ਕੁਲੀ' ਨੇ 35.25 ਕਰੋੜ ਦੀ ਕਮਾਈ ਕੀਤੀ। ਹੁਣ 5ਵੇਂ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆਇਆ ਹੈ। ਸੈਕਨਿਲਕ ਦੀ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ, ਫਿਲਮ 'ਕੁਲੀ' ਨੇ 5ਵੇਂ ਦਿਨ 12.15 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਤਰ੍ਹਾਂ, ਫਿਲਮ 'ਕੁਲੀ' ਨੇ ਭਾਰਤੀ ਬਾਜ਼ਾਰ ਵਿੱਚ 206 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ।


author

cherry

Content Editor

Related News