ਪਹਿਲੇ ਦਿਨ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਨੇ ਕਮਾਏ ਸਿਰਫ ਇੰਨੇ ਲੱਖ ਰੁਪਏ

Friday, May 14, 2021 - 11:45 AM (IST)

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਈਦ ਮੌਕੇ ਰਿਲੀਜ਼ ਕਰ ਦਿੱਤੀ ਗਈ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਲੰਮੇ ਸਮੇਂ ਤੋਂ ਇਸ ਫ਼ਿਲਮ ਨੂੰ ਟਾਲਿਆ ਜਾ ਰਿਹਾ ਸੀ ਤੇ ਹੁਣ ਆਖਿਰਕਾਰ ਇਸ ਨੂੰ ਸਿਨੇਮਾਘਰਾਂ ਤੇ ਓ. ਟੀ. ਟੀ. ’ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਫ਼ਿਲਮ ਦੀ ਪਹਿਲੇ ਦਿਨ ਦੀ ਓਵਰਸੀਜ਼ ਕਮਾਈ ਸਾਹਮਣੇ ਆ ਗਈ ਹੈ ਤੇ ਜ਼ਿਆਦਾਤਰ ਥਾਵਾਂ ’ਤੇ ਫ਼ਿਲਮ ਖ਼ਾਸ ਬਿਜ਼ਨੈੱਸ ਨਹੀਂ ਕਰ ਸਕੀ ਹੈ।

ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ ਮੁਤਾਬਕ ਆਸਟਰੇਲੀਆ ’ਚ ਫ਼ਿਲਮ ਨੂੰ ਕੁਲ 66 ਸਕ੍ਰੀਨਜ਼ ’ਤੇ ਰਿਲੀਜ਼ ਕੀਤਾ ਗਿਆ ਹੈ ਤੇ ਫ਼ਿਲਮ ਨੇ ਇਥੇ ਕੁਲ 35 ਲੱਖ 77 ਹਜ਼ਾਰ ਰੁਪਏ ਦੀ ਕਮਾਈ ਕੀਤੀ ਹੈ। ਨਿਊਜ਼ੀਲੈਂਡ ’ਚ ਫ਼ਿਲਮ ਨੂੰ ਕੁਲ 19 ਸਕ੍ਰੀਨਜ਼ ’ਤੇ ਰਿਲੀਜ਼ ਕੀਤਾ ਗਿਆ ਹੈ ਤੇ ਇਥੇ ਫ਼ਿਲਮ ਨੇ 5 ਲੱਖ 89 ਹਜ਼ਾਰ ਰੁਪਏ ਦੀ ਕਮਾਈ ਕੀਤੀ ਹੈ। ‘ਦਬੰਗ 3’ ਦੇ ਮੁਕਾਬਲੇ ਇਹ ਕਮਾਈ ਬਹੁਤ ਘੱਟ ਹੈ।

ਇਹ ਖ਼ਬਰ ਵੀ ਪੜ੍ਹੋ : ਗੀਤਕਾਰ ਲਵਲੀ ਨੂਰ ਨੇ ਵਿਸਥਾਰ ’ਚ ਰੱਖਿਆ ‘ਕਿੰਨੇ ਆਏ ਕਿੰਨੇ ਗਏ 2’ ਗੀਤ ਦੇ ਵਿਵਾਦ ’ਤੇ ਆਪਣਾ ਪੱਖ

ਫ਼ਿਲਮ ‘ਦਬੰਗ 3’ ਨੇ ਪਹਿਲੇ ਦਿਨ ਆਸਟਰੇਲੀਆ ਤੇ ਨਿਊਜ਼ੀਲੈਂਡ ’ਚ ਕੁਲ 90 ਲੱਖ 74 ਹਜ਼ਾਰ ਰੁਪਏ ਦੀ ਕਮਾਈ ਕੀਤੀ ਸੀ ਤੇ ਭਾਰਤ ’ਚ ਕੁਲ 72 ਲੱਖ ਰੁਪਏ ਕਮਾਏ ਸਨ।

ਦੱਸਣਯੋਗ ਹੈ ਕਿ ਸਲਮਾਨ ਖ਼ਾਨ ਦੀ ਮਲਟੀਸਟਾਰਰ ਫ਼ਿਲਮ ‘ਰੇਸ 3’ ਨੇ ਇਨ੍ਹਾਂ ਦੋਵਾਂ ਥਾਵਾਂ ਤੋਂ ਪਹਿਲੇ ਦਿਨ 1 ਕਰੋੜ 34 ਲੱਖ ਰੁਪਏ ਦੀ ਕਮਾਈ ਕੀਤੀ ਸੀ ਤੇ ‘ਟਿਊਬਲਾਈਟ’ ਦੀ ਪਹਿਲੇ ਦਿਨ ਦੀ ਕਮਾਈ 86 ਲੱਖ ਰੁਪਏ ਸੀ।

‘ਰਾਧੇ’ ਰਿਲੀਜ਼ ਦੇ ਕੁਝ ਘੰਟੇ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਲੀਕ ਹੋ ਗਈ ਸੀ। ਕਾਫੀ ਪ੍ਰਸ਼ੰਸਕਾਂ ਨੇ ਇਸ ਫ਼ਿਲਮ ਨੂੰ ਡਾਊਨਲੋਡ ਕੀਤਾ ਤੇ ਹੁਣ ਇਹ ਤੇਜ਼ੀ ਨਾਲ ਹੋਰਨਾਂ ਪਲੇਟਫਾਰਮਜ਼ ’ਤੇ ਵੀ ਸਾਂਝੀ ਕੀਤੀ ਜਾ ਰਹੀ ਹੈ।

ਸਲਮਾਨ ਖ਼ਾਨ ਦੀ ਫ਼ਿਲਮ ਨੂੰ ਇਸ ਤਰ੍ਹਾਂ ਕੋਵਿਡ, ਪਾਇਰੇਸੀ ਤੇ ਸਿਨੇਮਾਘਰਾਂ ਦੇ ਬੰਦ ਹੋਣ ਦਾ ਨੁਕਸਾਨ ਦੇਖਣ ਨੂੰ ਮਿਲਿਆ ਹੈ। ਭਾਰਤ ’ਚ ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਦੇ ਅੰਕੜੇ ਛੇਤੀ ਹੀ ਜਾਰੀ ਕਰ ਦਿੱਤੇ ਜਾਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News