ਗਾਇਕ ਵਿੱਕੀ ਤੇ ਕਪਤਾਨ ਨੇ ਖੋਲ੍ਹੀ ਪੰਜਾਬੀ ਇੰਡਸਟਰੀ ਦੀ ਪੋਲ, ਪ੍ਰਸਿੱਧ ਕਲਾਕਾਰਾਂ ਬਾਰੇ ਕੀਤੇ ਵੱਡੇ ਖ਼ੁਲਾਸੇ
Sunday, Dec 18, 2022 - 02:45 PM (IST)
ਜਲੰਧਰ (ਬਿਊਰੋ) : ਅਦਾਕਾਰਾ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਇੰਨੀਂ ਦਿਨੀਂ ਉਹ ਅਕਸਰ ਹੀ ਸੁਰਖੀਆਂ 'ਚ ਛਾਈ ਰਹਿੰਦੀ ਹੈ, ਜਿਸ ਦੀ ਵਜ੍ਹਾ ਹੈ ਸ਼ੋਅ 'ਦਿਲ ਦੀਆਂ ਗੱਲਾਂ 2'। ਇਸ ਟਾਕ ਸ਼ੋਅ ਦੇ ਦੂਜੇ ਸੀਜ਼ਨ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਮਨੋਰੰਜਨ ਜਗਤ ਦੇ ਕਈ ਸਿਤਾਰੇ ਇਸ ਸ਼ੋਅ ਦਾ ਹਿੱਸਾ ਬਣ ਚੁੱਕੇ ਹਨ। ਕਈ ਵਾਰ ਸ਼ੋਅ 'ਚ ਮਾਹੌਲ ਮਸਤੀ ਭਰਿਆ ਹੁੰਦਾ ਹੈ ਤੇ ਕਦੇ ਗਮਗੀਨ ਹੋ ਜਾਂਦਾ ਹੈ। ਹਾਲ ਹੀ 'ਚ ਸੋਨਮ ਬਾਜਵਾ ਦੇ ਸ਼ੋਅ 'ਚ ਪੰਜਾਬੀ ਕਲਾਕਾਰ ਵਿੱਕੀ ਤੇ ਕਪਤਾਨ ਨੇ ਸ਼ਿਰਕਤ ਕੀਤੀ। ਇਸ ਦੌਰਾਨ ਦੋਵਾਂ ਨੇ ਹੈਰਾਨ ਕਰ ਦੇਣ ਵਾਲੇ ਖ਼ੁਲਾਸੇ ਕੀਤੇ। ਇਸ ਦੌਰਾਨ ਦੀਆਂ ਕਾਫ਼ੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਵਿੱਕੀ ਤੇ ਕਪਤਾਨ ਦਿੱਗਜ ਪੰਜਾਬੀ ਕਲਾਕਾਰਾਂ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ।
ਜਦੋਂ ਸੋਨਮ ਬਾਜਵਾ ਨੇ ਵਿੱਕੀ ਤੋਂ ਪੁੱਛਿਆ ਕਿ ਉਹ ਨਿੰਜਾ, ਏਪੀ ਢਿੱਲੋਂ ਤੇ ਗੈਰੀ ਸੰਧੂ ਦੇ ਕਿਹੜੇ ਗੁਣ ਲੈਣਾ ਚਾਹੁਣਗੇ? ਇਸ ਦੇ ਜਵਾਬ 'ਚ ਵਿੱਕੀ ਨੇ ਕਿਹਾ 'ਕੋਈ ਕੁਆਲਟੀ ਨਹੀਂ ਲੈਣਾ ਚਾਹਾਂਗਾ।' ਵਿੱਕੀ ਦਾ ਇਹ ਜਵਾਬ ਕਾਫ਼ੀ ਹੈਰਾਨ ਕਰਨ ਵਾਲਾ ਸੀ। ਇਹ ਜਵਾਬ ਸੁਣ ਕੇ ਸੋਨਮ ਬਾਜਵਾ ਦੇ ਚਿਹਰੇ ਦੇ ਹਾਵ ਭਾਵ ਹੀ ਬਦਲ ਜਾਂਦੇ ਹਨ।
ਉਥੇ ਹੀ ਕਪਤਾਨ ਨੇ ਇੱਕ ਪੰਜਾਬੀ ਇੰਡਸਟਰੀ 'ਚ ਆਪਣਾ ਬੁਰਾ ਐਕਸਪੀਰੀਐਂਸ ਸ਼ੇਅਰ ਕੀਤਾ। ਉਸ ਨੇ ਇੱਕ ਦਿੱਗਜ ਗਾਇਕ ਨਾਲ ਜੁੜਿਆ ਕਿੱਸਾ ਸਾਂਝਾ ਕਰਦਿਆਂ ਦੱਸਿਆ, ''ਇੱਕ ਵਾਰ ਇੱਕ ਗਾਇਕ ਨੇ ਕਿਸੇ ਪ੍ਰੋਜੈਕਟ ਦੇ ਸਿਲਸਿਲੇ 'ਚ ਮੈਨੂੰ ਆਪਣੇ ਘਰ ਬੁਲਾਇਆ। ਇਸ ਦੌਰਾਨ ਮੈਂ 25-30 ਮਿੰਟ ਪੈਦਲ ਤੁਰ ਕੇ ਉਸ ਗਾਇਕ ਘਰ ਪਹੁੰਚਿਆ, ਪਰ ਉੱਥੇ ਪਹੁੰਚਣ 'ਤੇ ਪਤਾ ਲੱਗਿਆ ਕਿ ਉਹ ਤਾਂ ਘਰੋਂ ਨਿਕਲ ਚੁੱਕਿਆ ਹੈ। ਇਸ 'ਤੇ ਮੇਰਾ ਦਿਲ ਬੁਰੀ ਤਰ੍ਹਾਂ ਟੁੱਟਿਆ। ਮੈਂ ਪਾਰਕ 'ਚ ਜਾ ਕੇ ਖੂਬ ਰੋਇਆ। ਇਸ ਦੇ ਨਾਲ ਹੀ ਮੈਂ ਰਾਤ ਵੀ ਉਸੇ ਪਾਰਕ 'ਚ ਗੁਜ਼ਾਰੀ।''
ਦੱਸਣਯੋਗ ਹੈ ਕਿ ਸ਼ੋਅ ਦੇ ਇਸ ਐਪੀਸੋਡ ਦਾ ਵੀਡੀਓ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਸੋਨਮ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਹਾਲ ਹੀ 'ਚ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਆਪਣੀ ਅਗਲੀ ਫ਼ਿਲਮ 'ਗੋਡੇ ਗੋਡੇ ਚਾਅ' ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ 'ਚ ਉਹ 'ਰਾਣੀ' ਨਾਂ ਦੀ ਠੇਠ ਪੰਜਾਬਣ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਸੋਨਮ ਦੀਆਂ ਇਹ ਦੋਵੇਂ ਫ਼ਿਲਮਾਂ 2023 'ਚ ਰਿਲੀਜ਼ ਹੋਣ ਜਾ ਰਹੀਆਂ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।