ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਵਿਆਹ ਤੋਂ ਦੁਖੀ ਗਾਇਕਾ ਸੁਨੰਦਾ ਸ਼ਰਮਾ, ਵੀਡੀਓ ਰਾਹੀਂ ਦੱਸਿਆ ਦਿਲ ਦਾ ਹਾਲ
Tuesday, Aug 10, 2021 - 12:29 PM (IST)
ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਸੁਨੰਦਾ ਸ਼ਰਮਾ ਇੰਨੀਂ ਦਿਨੀਂ ਆਪਣੇ ਨਵੇਂ ਗੀਤ 'ਚੋਰੀ-ਚੋਰੀ' ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਗੀਤ ਸਬੰਧੀ ਸੁਨੰਦਾ ਸ਼ਰਮਾ ਨੇ ਕਈ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੇ ਕੀਤੇ ਹਨ। ਇਨ੍ਹਾਂ ਵੀਡੀਓਜ਼ 'ਚੋਂ ਸੁਨੰਦਾ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਗੀਤ 'ਚੋਰੀ ਚੋਰੀ' 'ਤੇ ਅਦਾਕਾਰੀ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੀ ਬੈਕ ਸਾਈਡ (ਪਿੱਛੇ) ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਵਾਲੀ ਤਸਵੀਰ ਨਜ਼ਰ ਆ ਰਹੀ ਹੈ। ਇਸ ਤਸਵੀਰ ਵੱਲ ਇਸ਼ਾਰੇ ਕਰਕੇ ਸੁਨੰਦਾ ਸ਼ਰਮਾ ਆਪਣੇ ਦਿਲ ਦਾ ਹਾਲ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸੁਨੰਦਾ ਸ਼ਰਮਾ ਨੇ ਲਿਖਿਆ ਹੈ, ''The Only Reason, Why i Did This Song🙈😂...ਵੇ ਦੱਸ ਕੀ ਰਹਿ ਗਿਆ ਸਾਡੇ ਪੱਲੇ😒 P.s:- ਅੱਜ ਸ਼ਰੇਆਮ ਇਜ਼ਹਾਰ ਕਰ ਦੀਆ ਹਮਨੇ😬 @ranveersingh 🌹।'' ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਨੇ ਰਣਵੀਰ ਸਿੰਘ ਨੂੰ ਟੈੱਗ ਵੀ ਕੀਤਾ ਹੈ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਦੱਸ ਦਈਏ ਕਿ ਸੁਨੰਦਾ ਸ਼ਰਮਾ ਦੇ ਗੀਤ 'ਚੋਰੀ ਚੋਰੀ' ਦੇ ਬੋਲ ਜਾਨੀ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਐਵੀ ਸਰਾਂ ਨੇ ਦਿੱਤਾ ਹੈ। ਡਾਇਰੈਕਸ਼ਨ ਅਰਵਿੰਦਰ ਖਹਿਰਾ ਦੀ ਹੈ। ਇਸ ਗੀਤ 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਗੱਭਰੂ ਨੂੰ ਦਿਲ ਦੇ ਬੈਠਦੀ ਹੈ। ਇਹ ਕੁੜੀ ਉਸ ਮੁੰਡੇ ਨਾਲ ਜ਼ਿੰਦਗੀ ਭਰ ਦਾ ਸਾਥ ਹੋਣ ਦੇ ਸੁਫ਼ਨੇ ਵੇਖਦੀ ਸੀ ਪਰ ਉਸ ਦਾ ਇਹ ਸੁਫ਼ਨਾ ਉਦੋਂ ਚਕਨਾਚੂਰ ਹੋ ਜਾਂਦਾ ਹੈ, ਜਦੋਂ ਉਸ ਗੱਭਰੂ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ। ਕੁੜੀ ਕਦੇ ਵੀ ਉਸ ਨੂੰ ਆਪਣੇ ਦਿਲ 'ਚੋਂ ਨਹੀਂ ਕੱਢ ਪਾਉਂਦੀ ਅਤੇ ਉਸ ਨੂੰ ਵੇਖਣ ਦੇ ਬਹਾਨੇ ਭਾਲਦੀ ਰਹਿੰਦੀ ਹੈ। ਉਹ ਕਿਸੇ ਨਾਂ ਕਿਸੇ ਬਹਾਨੇ ਨਾਲ ਉਸ ਨੂੰ ਚੋਰੀ-ਚੋਰੀ ਵੇਖਦੀ ਰਹਿੰਦੀ ਹੈ। ਸੁਨੰਦਾ ਸ਼ਰਮਾ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।
ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਹੈ, ਜਿਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਸੁਨੰਦਾ ਸ਼ਰਮਾ ਗਾਇਕੀ ਦੇ ਨਾਲ ਅਦਾਕਾਰੀ ਖ਼ੇਤਰ 'ਚ ਵੀ ਕਾਫੀ ਐਕਟਿਵ ਹੈ। ਪਿੱਛੇ ਜਿਹੇ ਉਹ ਬੀ ਪਰਾਕ ਦੇ ਗੀਤ 'ਬਾਰਿਸ਼ ਕੀ ਜਾਏ' 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਬਾਲੀਵੁੱਡ 'ਚ ਵੀ ਗੀਤ ਗਾ ਚੁੱਕੀ ਹੈ। ਆਉਣ ਵਾਲੇ ਸਮੇਂ 'ਚ ਉਹ ਪੰਜਾਬੀ ਫ਼ਿਲਮਾਂ 'ਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।