ਇਸ ਕਰਕੇ ਕਸੂਤਾ ਫਸਿਆ ਸਿੱਧੂ ਮੂਸੇਵਾਲਾ, ਜਾਣੋ ਹੁਣ ਕਿਵੇਂ ਸਹੇੜਿਆ ਨਵਾਂ ਵਿਵਾਦ
Monday, Jul 20, 2020 - 04:00 PM (IST)

ਜਲੰਧਰ (ਬਿਊਰੋ) : ਪ੍ਰਸਿੱਧ ਗਾਇਕ ਸਿੱਧੂ ਖ਼ਿਲਾਫ਼ ਕ੍ਰਾਈਮ ਬ੍ਰਾਂਚ ਨੇ ਹਿੰਸਾ ਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਦੋਸ਼ 'ਚ ਇੱਕ ਹੋਰ ਕੇਸ ਦਰਜ ਕੀਤਾ ਹੈ। ਹਾਲ ਹੀ 'ਚ ਉਸ ਦਾ ਗੀਤ 'ਸੰਜੂ' ਰਿਲੀਜ਼ ਹੋਇਆ ਹੈ, ਜੋ ਸੋਸ਼ਲ ਮੀਡੀਆ 'ਤੇ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ।
ਗੀਤ 'ਸੰਜੂ' 'ਚ ਸੰਜੇ ਦੱਤ ਨਾਲ ਸਿੱਧੂ ਮੂਸੇਵਾਲਾ ਨੇ ਕੀਤੀ ਆਪਣੀ ਤੁਲਨਾ
ਦੱਸ ਦਈਏ ਕਿ ਗੀਤ 'ਸੰਜੂ' ਸਿੱਧੂ ਮੂਸੇਵਾਲਾ ਨੇ ਆਪਣੀ ਤੁਲਨਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਕੀਤੀ ਹੈ। ਦੱਸ ਦਈਏ ਕਿ ਸੰਜੇ ਦਾ ਸਬੰਧ ਅੰਡਰਵਰਲਡ ਨਾਲ ਸੀ। ਸੰਜੇ ਦੱਤ ਤੋਂ ਹਥਿਆਰ ਵੀ ਬਰਾਮਦ ਹੋਏ ਸਨ, ਜਿਸ ਕਰਕੇ ਉਨ੍ਹਾਂ 'ਤੇ 'ਟਾਡਾ' ਦਾ ਮਾਮਲਾ ਦਰਜ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਖ਼ਿਲਾਫ਼ ਆਪਣੇ ਗੀਤ 'ਸੰਜੂ' 'ਚ ਹਿੰਸਾ ਅਤੇ ਬੰਦੂਕ ਦੇ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਦੋਸ਼ 'ਚ ਦਰਜ ਕੀਤੀ ਇਹ ਤੀਜੀ ਐੱਫ. ਆਈ. ਆਰ ਹੈ। ਗੀਤ ਦੇ ਵੀਡੀਓ 'ਚ ਅਦਾਕਾਰ ਸੰਜੇ ਦੱਤ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ ਦੀ ਖ਼ਬਰ ਕਲਿੱਪ ਦੇ ਨਾਲ ਮੂਸੇਵਾਲਾ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ ਦੀ ਖ਼ਬਰ ਕਲਿੱਪ ਨੂੰ ਜੋੜ ਕੇ ਦਿਖਾਇਆ ਗਿਆ ਹੈ, ਜੋ ਬਾਅਦ 'ਚ ਇਸ ਕੇਸ 'ਚ ਸਜ਼ਾ ਕੱਟ ਚੁੱਕੇ ਹਨ। ਸਿੱਧੂ ਮੂਸੇਵਾਲਾ 'ਤੇ 'ਸੰਜੂ' ਗੀਤ ਨੂੰ ਲੈ ਕੇ ਫੇਜ਼ 4, ਮੋਹਾਲੀ ਵਿਖੇ ਆਈ. ਪੀ. ਸੀ. ਦੀ ਧਾਰਾ 188/294/504/120-B ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਆਰਮਜ਼ ਐਕਟ ਦੇ ਕੇਸ 'ਚ ਮਿਲੀ ਅਗਾਊਂ ਜ਼ਮਾਨਤ ਹੋ ਸਕਦੀ ਹੈ ਰੱਦ
ਪੰਜਾਬ ਦੇ ਏ. ਡੀ. ਜੀ. ਪੀ ਤੇ ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ, ਅਰਪਿਤ ਸ਼ੁਕਲਾ ਨੇ ਕਿਹਾ ਕਿ ਫਰਵਰੀ ਮਹੀਨੇ ਦੇ ਸ਼ੁਰੂ 'ਚ ਮਾਨਸਾ ਜ਼ਿਲ੍ਹੇ 'ਚ ਤੇ ਮਈ 'ਚ ਬਰਨਾਲਾ ਜ਼ਿਲ੍ਹੇ 'ਚ ਮੂਸੇਵਾਲਾ ਖ਼ਿਲਾਫ਼ ਐੱਫ. ਆਈ. ਆਰ ਦਰਜ ਕੀਤੀ ਗਈ ਸੀ ਪਰ ਉਸ ਦੇ ਵਤੀਰੇ ਤੋਂ ਅਜਿਹਾ ਲੱਗਦਾ ਹੈ ਜਿਵੇਂ ਉਹ ਪੁਲਸ ਸਿਸਟਮ ਅਤੇ ਨਿਆਂਪਾਲਿਕਾ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਪਹਿਲਾਂ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਸ਼ਰਾਬ ਦੀ ਹਿੰਸਾ ਤੇ ਬੰਦੂਕ ਦੇ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਵਾਲੇ ਗਾਣਿਆਂ 'ਤੇ ਪਾਬੰਦੀ ਲਾ ਦਿੱਤੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਜਿਹੇ ਗੀਤਾਂ 'ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਸ ਸਿੱਧੂ ਮੂਸੇਵਾਲਾ ਨੂੰ ਆਰਮਜ਼ ਐਕਟ ਦੇ ਕੇਸ 'ਚ ਮਿਲੀ ਅਗਾਊਂ ਜ਼ਮਾਨਤ ਰੱਦ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨ ਜਾ ਰਹੀ ਹੈ।
ਇਹ ਪੜ੍ਹੋ : ਸ਼ਹਿਨਾਜ਼ ਕੌਰ ਗਿੱਲ ਦੀ ਇਸ ਚੀਜ਼ ਨੂੰ ਸਿਧਾਰਥ ਸ਼ੁਕਲਾ ਨੇ ਦੱਸਿਆ ਬਕਵਾਸ
ਪਹਿਲਾਂ ਵੀ ਵਿਵਾਦਾਂ 'ਚ ਘਿਰੇ ਸਿੱਧੂ
ਸ਼ੁਕਲਾ ਨੇ ਕਿਹਾ ਕਿ ਇਸੇ ਤਰ੍ਹਾਂ ਦੇ ਅਪਰਾਧ ਲਈ ਮੂਸੇਵਾਲਾ 'ਤੇ ਪਹਿਲਾਂ ਵੀ ਇਸੇ ਸਾਲ 1 ਫਰਵਰੀ ਨੂੰ ਮਾਨਸਾ ਪੁਲਸ ਨੇ ਮੁਕੱਦਮਾ ਦਰਜ ਕੀਤਾ ਸੀ। ਕਰਫਿਊ ਦੌਰਾਨ ਏ.ਕੇ. 47 ਰਾਈਫਲ ਚਲਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ 4 ਮਈ ਨੂੰ ਬਰਨਾਲਾ ਪੁਲਸ ਦੁਆਰਾ ਆਫ਼ਤ ਪ੍ਰਬੰਧਨ ਅਤੇ ਅਸਲਾ ਐਕਟ ਅਧੀਨ ਵੱਖ-ਵੱਖ ਅਪਰਾਧਾਂ ਲਈ ਮੁਕੱਦਮਾ ਦਰਜ ਕੀਤਾ ਗਿਆ। ਉਸ ਦੁਆਰਾ ਹਾਲ ਹੀ 'ਚ ਗਾਇਆ ਗੀਤ ਸਪਸ਼ਟ ਤੌਰ 'ਤੇ ਨਾ ਸਿਰਫ਼ ਪੁਲਸ ਅਤੇ ਨਿਆਂਪਾਲਿਕਾ ਦਾ ਮਜ਼ਾਕ ਉਡਾਉਂਦਾ ਹੈ ਬਲਕਿ ਇਹ ਵੀ ਦਰਸਾਉਂਦਾ ਹੈ ਕਿ ਗਾਇਕ ਕਦੇ ਨਹੀਂ ਸੁਧਰ ਸਕਦਾ ਅਤੇ ਉਹ ਵਾਰ-ਵਾਰ ਇਸ ਤਰ੍ਹਾਂ ਦੇ ਅਪਰਾਧ ਕਰਦਾ ਰਹੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਘੀ ਚਿੰਤਾ ਕੀਤੀ ਜ਼ਾਹਰ
ਏ. ਡੀ. ਜੀ. ਪੀ. ਨੇ ਅੱਗੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਹੀ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪੁਲਸ ਡਾਇਰੈਕਟਰ ਜਨਰਲ ਨੂੰ ਨਿਰਦੇਸ਼ ਦਿੱਤੇ ਸਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਲਾਈਵ ਸ਼ੋਅਜ਼ ਦੌਰਾਨ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਕੋਈ ਵੀ ਗੀਤ ਸਟੇਜ 'ਤੇ ਨਾ ਗਾਏ ਜਾਣ। ਇੱਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਗੀਤਾਂ ਵਿਚ ਹਿੰਸਾ ਅਤੇ ਬੰਦੂਕ ਦੇ ਸਭਿਆਚਾਰ ਦੇ ਪ੍ਰਸਾਰ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਸੂਬਾ ਪੁਲਸ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਅਜਿਹੇ ਗਾਇਕਾਂ ਪ੍ਰਤੀ ਕੋਈ ਢਿੱਲ ਜਾਂ ਰਿਆਇਤ ਨਾ ਵਰਤੀ ਜਾਵੇ, ਜਿਹੜੇ ਨਿਰਦੋਸ਼ ਨੌਜਵਾਨਾਂ ਨੂੰ ਹਿੰਸਾ ਅਤੇ ਗੁੰਡਾਗਰਦੀ ਦੇ ਰਸਤੇ 'ਤੇ ਚੱਲਣ ਲਈ ਉਤਸ਼ਾਹਿਤ ਕਰਦੇ ਹਨ।
ਇਹ ਪੜ੍ਹੋ : ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ, ਪਿਛਲੇ 11 ਮਹੀਨਿਆਂ ਤੋਂ ਰੀਆ ਕਰ ਰਹੀ ਸੀ ਇਹ ਕੰਮ
ਅਜਿਹਾ ਲੱਗਦਾ ਹੈ ਕਿ ਉਹ ਹਾਲ ਹੀ 'ਚ ਗਾਏ ਆਪਣੇ ਨਵੇਂ ਗੀਤ ਨੂੰ ਆਪਣੇ ਲਈ ਇੱਕ ਸਨਮਾਨ ਵਜੋਂ ਲੈ ਰਿਹਾ ਹੈ। ਮੂਸੇਵਾਲਾ ਇਸ ਗੀਤ 'ਚ ਏ.ਕੇ. 47 ਰਾਈਫਲਾਂ ਅਤੇ ਹੋਰ ਹਥਿਆਰਾਂ ਦੀ ਵਰਤੋਂ ਦੀ ਵਡਿਆਈ ਕਰਕੇ ਜਾਣ-ਬੁੱਝ ਕੇ ਸਰਹੱਦੀ ਰਾਜ ਦੇ ਨੌਜਵਾਨਾਂ ਨੂੰ ਭੜਕਾਉਣਾ ਅਤੇ ਗੁੰਮਰਾਹ ਕਰਨਾ ਚਾਹੁੰਦਾ ਹੈ, ਜਿਸਨੇ 80 ਅਤੇ 90 ਦੇ ਦਹਾਕੇ 'ਚ ਅੱਤਵਾਦ ਦੇ ਕਾਲੇ ਦੌਰ ਨੂੰ ਝੱਲਿਆ ਹੈ।
ਇਹ ਪੜ੍ਹੋ : ਮਾਨਸੀ ਤੇ ਯੁਵਰਾਜ ਆਪਣੇ ਲਾਡਲੇ ਪੁੱਤਰ ਨੂੰ ਬਣਾਉਣਾ ਚਾਹੁੰਦੇ ਹਨ ਅਜਿਹਾ ਇਨਸਾਨ (ਵੀਡੀਓ)