ਜਸਬੀਰ ਜੱਸੀ ਦਾ ਧਾਰਮਿਕ ਗੀਤ ''ਮਾਫ਼ ਕਰੀਂ ਬਾਬਾ ਨਾਨਕਾ'' ਹੋਇਆ ਰਿਲੀਜ਼ (ਵੀਡੀਓ)

11/08/2022 9:41:13 AM

ਮੁੰਬਈ (ਬਿਊਰੋ) : ਪੰਜਾਬੀ ਗਾਇਕ ਜਸਬੀਰ ਜੱਸੀ ਇੰਨੀਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਬੀਤੇ ਕੁਝ ਦਿਨ ਪਹਿਲਾਂ ਹੀ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸਨ, ਜਿਥੇ ਉਨ੍ਹਾਂ ਨੇ ਪੰਜਾਬ 'ਚ ਡੇਰਾਵਾਦ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਸਨ। ਹੁਣ ਜਸਬੀਰ ਜੱਸੀ ਦਾ ਧਾਰਮਿਕ ਗੀਤ 'ਮਾਫ਼ ਕਰੀ ਬਾਬਾ ਨਾਨਕਾ' ਰਿਲੀਜ਼ ਹੋਇਆ ਹੈ, ਜੋ ਪੰਜਾਬੀਆਂ ਦਾ ਦਿਲ ਜਿੱਤ ਰਿਹਾ ਹੈ। ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਜਸਬੀਰ ਜੱਸੀ ਨੇ ਆਪਣੀ ਅਵਾਜ਼ ਨਾਲ ਸਜਾਇਆ ਹੈ, ਜਿਸ ਦੇ ਬੋਲ ਕਲਵਿੰਦਰ ਚਾਂਦ ਨੇ ਲਿਖੇ ਹਨ। ਇਸ ਗੀਤ ਦੇ ਬੋਲ ਅੱਜ ਦੇ ਸਮੇਂ ਦੇ ਮੁਤਾਬਕ ਬਿਲਕੁਲ ਢੁਕਵੇਂ ਹਨ।


ਦਸ ਦਈਏ ਕਿ ਜਸਬੀਰ ਜੱਸੀ ਬੀਤੇ ਦਿਨੀਂ ਧਾਰਮਿਕ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਇੱਕ ਲੰਬਾ ਚੌੜਾ ਨੋਟ ਵੀ ਲਿਖਿਆ ਸੀ। ਉਨ੍ਹਾਂ ਨੇ ਲਿਖਿਆ ਸੀ, "ਗੁਰੂ ਨਾਨਕ ਸਮੁੱਚੀ ਕਾਇਨਾਤ ਨੂੰ ਜੋੜਦੀ ਇੱਕ 'ਰੂਹਾਨੀ ਸੋਚ' ਹੈ। ਕਣ ਤੋਂ ਬ੍ਰਹਿਮੰਡ ਸਭ ਨਾਨਕ ਹੀ ਨਾਨਕ ਹੈ, ਸਾਡੇ ਅੰਦਰ ਵੀ। ਮੈਨੂੰ ਹਮੇਸ਼ਾਂ ਮਹਿਸੂਸ ਹੁੰਦਾ ਹੈ ਕਿ ਸਾਡਾ ਸਮਾਜ ਗੁਰੂ ਨਾਨਕ ਦੇਵ ਜੀ ਦੀ ਬਖ਼ਸ਼ੀ ਸੋਚ ਤੇ ਉਚਿਤ ਤਰੀਕੇ ਨਾਲ ਨਹੀਂ ਚੱਲ ਰਿਹਾ। ਗੁਰਪੁਰਬ ਦੇ ਪਾਵਨ ਦਿਹਾੜੇ 'ਤੇ ਮੇਰੀ ਤਿੱਲ ਫੁੱਲ ਕੋਸ਼ਿਸ਼ ਹੈ 'ਮਾਫ਼ ਕਰੀਂ ਬਾਬਾ ਨਾਨਕਾ'।ਸੋ ਕਿਉ ਮੰਦਾ ਆਖੀਐ , ਜਿਤੁ ਜੰਮਹਿ ਰਾਜਾਨ। ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ।'' ਗੁਰੂ ਨਾਨਕ ਦੇਵ ਜੀ ਨੇ ਕੁਦਰਤ, ਔਰਤ ਦਾ ਸਤਿਕਾਰ, ਊਚ-ਨੀਚ, ਸੱਚਾਈ ਅਨੇਕਾਂ ਸਿੱਖਿਆਵਾਂ ਨਾਲ ਸਾਨੂੰ ਨਿਵਾਜਿਆ ਹੈ। 

ਦੱਸਣਯੋਗ ਹੈ ਕਿ ਜਸਬੀਰ ਜੱਸੀ ਪੰਜਾਬੀ ਇੰਡਸਟਰੀ 'ਚ 2 ਦਹਾਕਿਆਂ ਤੋਂ ਸਰਗਰਮ ਹਨ। ਆਪਣੀ ਗਾਇਕੀ ਦੇ ਕਰੀਅਰ 'ਚ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਗੀਤ 'ਦਿਲ ਲੈ ਗਈ ਕੁੜੀ' ਅੱਜ ਵੀ ਲੋਕਾਂ ਦੇ ਦਿਲਾਂ ਤੋਂ ਉੱਤਰਿਆ ਨਹੀਂ ਹੈ।


sunita

Content Editor

Related News