ਮਾਂ ਨੂੰ ਯਾਦ ਕਰ ਗੁਰਵਿੰਦਰ ਬਰਾੜ ਨੇ ਸਾਂਝੀ ਕੀਤੀ ਖ਼ਾਸ ਕਵਿਤਾ, ਕਿਹਾ ''ਤਕਦੀਰ ਮੇਰੀ ਜੇ ਮੇਰੀ ਮਾਂ ਨੇ ਲਿਖੀ ਹੁੰਦੀ ਤਾਂ...''

Friday, May 14, 2021 - 11:22 AM (IST)

ਮਾਂ ਨੂੰ ਯਾਦ ਕਰ ਗੁਰਵਿੰਦਰ ਬਰਾੜ ਨੇ ਸਾਂਝੀ ਕੀਤੀ ਖ਼ਾਸ ਕਵਿਤਾ, ਕਿਹਾ ''ਤਕਦੀਰ ਮੇਰੀ ਜੇ ਮੇਰੀ ਮਾਂ ਨੇ ਲਿਖੀ ਹੁੰਦੀ ਤਾਂ...''

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗੁਰਵਿੰਦਰ ਬਰਾੜ ਜੋ ਕਿ ਬਹੁਤ ਹਿੰਮਤੀ ਨੇ ਇਸ 'ਚ ਕੋਈ ਸ਼ੱਕ ਨਹੀਂ। ਜ਼ਿੰਦਗੀ ਦੇ ਦੋ ਅਹਿਮ ਰਿਸ਼ਤੇ ਉਨ੍ਹਾਂ ਨੂੰ ਛੱਡ ਗਏ ਪਰ ਉਹ ਹਿੰਮਤ ਨਹੀਂ ਹਾਰੇ ਅਤੇ ਮੁੜ ਹੌਸਲੇ ਨਾਲ ਉੱਠ ਕੇ ਜ਼ਿੰਦਾਦਿਲੀ ਦੀ ਜ਼ਿੰਦਗੀ ਵੱਲ ਵੱਧ ਰਹੇ ਹਨ। ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਮਾਤਾ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇੱਕ ਕਵਿਤਾ ਦਰਸ਼ਕਾਂ ਦੇ ਰੁਬਰੂ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਉਹ ਆਖ ਰਹੇ ਹਨ 'ਤਕਦੀਰ ਮੇਰੀ ਜੇ ਮੇਰੀ ਮਾਂ ਨੇ ਲਿਖੀ ਹੁੰਦੀ।' ਇਸ ਕਵਿਤਾ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਜ਼ਿੰਦਾਦਿਲੀ ਦੇ ਨਾਲ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੱਤਾ ਹੈ। ਗੁਰਵਿੰਦਰ ਬਰਾੜ ਦੀ ਇਸ ਵੀਡੀਓ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਕਿਸਾਨਾਂ ਦੇ ਹੌਸਲੇ ਕਰ ਰਹੇ ਨੇ ਬੁਲੰਦ
ਜੇ ਗੱਲ ਕਰੀਏ ਗਾਇਕ ਗੁਰਵਿੰਦਰ ਬਰਾੜ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਨ। ਉਹ ਦਿੱਲੀ ਕਿਸਾਨੀ ਮੋਰਚੇ 'ਚ ਵੀ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਇਲਾਵਾ ਉਹ ਕਿਸਾਨੀ ਗੀਤਾਂ ਨਾਲ ਕਿਸਾਨਾਂ ਦੇ ਹੌਸਲੇ ਬੁਲੰਦ ਕਰ ਰਹੇ ਹਨ।

PunjabKesari

ਕੋਰੋਨਾ ਵੈਕਸੀਨ ਦੀ ਲਈ ਪਹਿਲੀ ਡੋਜ਼
ਦੱਸ ਦਈਏ ਕਿ ਬੀਤੇ ਦਿਨ ਗਾਇਕ ਗੁਰਵਿੰਦਰ ਬਰਾੜ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈ ਲਈ ਹੈ। ਗੁਰਵਿੰਦਰ ਬਰਾੜ ਨੇ ਹੈਲਥ ਵੈਲਨੈਸ ਸੈਂਟਰ ਤਰਖਾਣਵਾਲਾ ਵਿਖੇ ਪਹੁੰਚ ਕੋਰੋਨਾ ਵੈਕਸੀਨ ਲਗਵਾਈ ਹੈ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਗੁਰਵਿੰਦਰ ਬਰਾੜ ਕੋਰੋਨਾ ਵੈਕਸੀਨ ਲਗਵਾਉਂਦੇ ਨਜ਼ਰ ਆ ਰਹੇ ਸਨ।

ਸਮਾਜਿਕ/ਪਰਿਵਾਰਕ ਹਿੱਟ ਗੀਤਾਂ ਦੇ ਮਾਲਕ ਨੇ ਗੁਰਵਿੰਦਰ ਬਰਾੜ
ਗੁਰਵਿੰਦਰ ਬਰਾੜ 'ਲੰਬੜਦਾਰਾਂ ਦੇ ਦਰਵਾਜ਼ੇ', 'ਉਸ ਕਮਲੀ ਦੀਆਂ ਯਾਦਾਂ', 'ਸ਼ੌਕੀ', 'ਗੁੱਡ ਮਾਰਨਿੰਗ', 'ਪਾਣੀ ਅੱਖੀਆਂ ਦਾ', 'ਬਾਬਾ ਨਾਨਕ ਭਲੀ ਕਰੂ' ਕੈਸਿਟਾਂ ਅਤੇ ਬਹੁਤ ਸਾਰੇ ਸਮਾਜਿਕ/ਪਰਿਵਾਰਕ ਹਿੱਟ ਗੀਤਾਂ ਦੇ ਮਾਲਕ ਹਨ। ਗੁਰਵਿੰਦਰ ਬਰਾੜ ਦਾ ਜਨਮ 8 ਫਰਵਰੀ 1979 ਨੂੰ ਮੁਕਤਸਰ ਜ਼ਿਲ੍ਹੇ ਦੇ ਸਾਧਾਰਨ ਜਿਹੇ ਪਿੰਡ ਮਹਾਂਬੱਧਰ 'ਚ ਜੰਮਿਆ ਗੁਰਵਿੰਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ. ਐਸ. ਸੀ ਕਰਨ ਮਗਰੋਂ ਸਰਕਾਰੀ ਨੌਕਰੀ ਲੈਣ 'ਚ ਵੀ ਸਫਲ ਹੋਏ ਪਰ ਲਿਖਣ ਅਤੇ ਗਾਉਣ ਦਾ ਸ਼ੌਕ ਅੰਦਰੋਂ-ਅੰਦਰ ਜਵਾਨ ਹੁੰਦਾ ਗਿਆ। ਆਮ ਤੌਰ 'ਤੇ ਨਵੀਂ ਪੌਦ 'ਚੋਂ ਮਾਲਵੇ ਦੇ ਗਾਇਕ 'ਬਠਿੰਡਾ ਟਾਈਪ' ਕਰਕੇ ਜਾਣੇ ਜਾਂਦੇ ਹਲਕੇ ਪੱਧਰ ਦੇ ਗੀਤਾਂ ਨਾਲ ਹੀ ਪਾਰੀਆਂ ਖੇਡਦੇ ਰਹੇ ਹਨ ਪਰ ਗੋਰਾ ਚੱਕ ਵਾਲਾ ਤੋਂ ਬਾਅਦ ਗੁਰਵਿੰਦਰ ਨੇ ਪਾਇਦਾਰ ਗੀਤਾਂ ਨਾਲ ਗਾਇਕੀ ਦੀ ਸ਼ੁਰੂਆਤ ਕੀਤੀ।

'ਲੰਬੜਦਾਰਾਂ ਦੇ ਦਰਵਾਜ਼ੇ' ਕੈਸੇਟ ਨਾਲ ਕੀਤੀ ਗਾਇਕੀ ਸਫ਼ਰ ਦੀ ਸ਼ੁਰੂਆਤ
ਦੱਸਣਯੋਗ ਹੈ ਕਿ 'ਲੰਬੜਦਾਰਾਂ ਦੇ ਦਰਵਾਜ਼ੇ' ਟਾਈਟਲ ਵਾਲੀ ਕੈਸੇਟ ਨਾਲ ਉਸ ਨੇ ਪੰਜਾਬੀ ਗਾਇਕੀ ਦੇ ਖ਼ੇਤਰ 'ਚ ਪੈਰ ਧਰਿਆ। ਭਾਵੇਂ ਇਹ ਕੈਸੇਟ ਕੋਈ ਮਾਅਰਕਾ ਨਾ ਮਾਰ ਸਕੀ ਪਰ ਗੁਰਵਿੰਦਰ ਦੇ ਯਤਨ ਨੂੰ ਚੰਗੀ ਦਾਦ ਮਿਲੀ। ਇਸ ਤੋਂ ਬਾਅਦ ਉਸ ਨੇ ਐਲਬਮ 'ਉਸ ਕਮਲੀ ਦੀਆਂ ਯਾਦਾਂ' ਦੀ ਤਿਆਰੀ ਕੀਤੀ। 10-15 ਹਜ਼ਾਰ 'ਚ ਪ੍ਰੋਗਰਾਮ ਕਰਦਿਆਂ, ਤਨਖਾਹ 'ਚੋਂ ਢਿੱਡ ਬੰਨ੍ਹ ਕੇ ਪੈਸੇ ਬਚਾਉਂਦਿਆਂ ਫੇਰ ਉਸ ਨੇ ਮਿਸ ਪੂਜਾ ਨਾਲ ਦੋਗਾਣਿਆਂ ਦੀ ਐਲਬਮ ਕੀਤੀ 'ਗੁੱਡ ਮਾਰਨਿੰਗ'। ਇਸ ਐਲਬਮ ਦੇ ਦੋ ਗੀਤ 'ਉੱਠੋ ਜੀ ਥੋਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਆ' ਅਤੇ 'ਹਾਏ ਮੈਂ ਮਰ ਜਾਂ ਜੀਅ ਨਹੀਂ ਲੱਗਿਆ ਮੇਰੇ ਸੋਹਣੇ ਦਾ' ਸੁਪਰਹਿੱਟ ਹੋ ਗਏ।


author

sunita

Content Editor

Related News